ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਲਈ ਆਖਿਆ ਸੀ: ਟਰੰਪ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਨੂੰ ਕਿਹਾ ਸੀ।

Trump and Modi at their bilateral meeting in Osaka

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਨੂੰ ਕਿਹਾ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਨਾਲ ਇਕ ਸੰਯੁਕਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਇਹ ਬਿਆਨ ਦਿੱਤਾ ਹੈ। ਪਾਕਿ ਪ੍ਰਧਾਨ ਮੰਤਰੀ ਤਿੰਨ ਦਿਨਾਂ ਦੇ ਅਮਰੀਕੀ ਦੌਰੇ ‘ਤੇ ਹਨ।

ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਖ਼ਾਨ ਅਮਰੀਕੀ ਰਾਸ਼ਟਰਪਤੀ ਨਾਲ ਗੱਲਬਾਤ ਕਰਨ ਲਈ ਪਹਿਲੀ ਵਾਰ ਵਾਈਟ ਹਾਊਸ ਪਹੁੰਚੇ ਸਨ, ਜਿੱਥੇ ਉਹਨਾਂ ਦੀ ਗੱਲਬਾਤ ਤੋਂ ਪਹਿਲਾਂ ਪੱਤਰਕਾਰਾਂ ਨੇ ਉਹਨਾਂ ਦੋਵਾਂ ਨੂੰ ਸਵਾਲ ਕੀਤਾ ਕਿ ਕੀ ਉਪ ਮਹਾਂਦੀਪ ਵਿਚ ਸ਼ਾਂਤੀ ਲਿਆਉਣ ਲਈ ਅਮਰੀਕਾ ਦੀ ਕੋਈ ਭੂਮਿਕਾ ਹੈ। ਇਸ ‘ਤੇ ਇਮਰਾਨ ਨੇ ਜਵਾਬ ਦਿੱਤਾ ਕਿ ਉਹਨਾਂ ਨੇ ਭਾਰਤ ਨਾਲ ਸ਼ਾਂਤੀ ਲਈ ਗੱਲਬਾਤ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦਾ ਕੋਈ ਫਾਇਦਾ ਨਹੀਂ ਹੋਇਆ। ਉਹਨਾਂ ਨੇ ਅੱਗੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਟਰੰਪ ਇਕ ਪ੍ਰਕਿਰਿਆ ਨੂੰ ਅੱਗੇ ਵਧਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਨੇ ਪਿਛਲੇ ਚਾਰ ਸਾਲਾਂ ਵਿਚ ਸ਼ਾਂਤੀ ਦੀ ਗੱਲਬਾਤ ਨੂੰ ਦੁਬਾਰਾ ਸ਼ੁਰੂ ਕਰਨ ਦੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਅਸਵਿਕਾਰ ਕਰ ਦਿੱਤਾ ਸੀ ਕਿ ਪਹਿਲਾਂ ਪਾਕਿਸਤਾਨ ਸਰਹੱਦ ‘ਤੇ ਅਤਿਵਾਦ ਨੂੰ ਰੋਕੇ, ਇਸ ਤੋਂ ਬਾਅਦ ਹੀ ਗੱਲਬਾਤ ਦੀ ਸੰਭਾਵਨਾ ਹੋ ਸਕਦੀ ਹੈ। ਇਮਰਾਨ ਦੀ ਟਰੰਪ ਦੇ ਪ੍ਰਕਿਰਿਆ ਵਿਚ ਮਦਦ ਕਰਨ ਦੀ ਗੱਲ ‘ਤੇ ਅਮਰੀਕੀ ਰਾਸ਼ਟਰਪਤੀ ਨੇ ਜਵਾਬ ਦਿੱਤਾ ਕਿ ਉਹ ਦੋ ਹਫ਼ਤੇ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਨੂੰ ਮਿਲੇ ਸਨ ਅਤੇ ਮੋਦੀ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਸੀ।

ਨਰਿੰਦਰ ਮੋਦੀ ਅਤੇ ਟਰੰਪ ਜੀ-20 ਸੰਮੇਲਨ ਵਿਚ ਓਸਾਕਾ ‘ਚ ਮਿਲੇ ਸਨ। ਟਰੰਪ ਨੇ ਕਿਹਾ, ‘ਮੈਂ ਦੋ ਹਫ਼ਤੇ ਪਹਿਲਾਂ ਪੀਐਮ ਮੋਦੀ ਦੇ ਨਾਲ ਸੀ। ਅਸੀਂ ਇਸ ਮੁੱਦੇ ‘ਤੇ ਗੱਲਬਾਤ ਕੀਤੀ। ਅਸਲ ਵਿਚ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਵਿਚੋਲਾ ਬਣਨਾ ਪਸੰਦ ਕਰਾਂਗਾ। ਮੈਂ ਪੁੱਛਿਆ ਕਿੱਥੇ? ਤਾਂ ਉਹਨਾਂ ਨੇ ਕਿਹਾ ਕਿ ਕਸ਼ਮੀਰ ਕਿਉਂਕਿ ਇਹ ਮਾਮਲਾ ਕਈ ਸਾਲਾਂ ਤੋਂ ਚੱਲਿਆ ਆ ਰਿਹਾ ਹੈ’। ਟਰੰਪ ਦਾ ਕਹਿਣਾ ਸੀ ਕਿ ਉਹਨਾਂ ਦਾ ਸੋਚਣਾ ਸੀ ਕਿ ਉਹ ਇਸ ਮਾਮਲੇ ਨੂੰ ਹੱਲ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ, ‘ਮੈਂ ਸੋਚਦਾ ਹਾਂ ਕਿ ਤੁਸੀਂ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹੋ ਅਤੇ ਜੇਕਰ ਮੈਂ ਮਦਦ ਕਰ ਸਕਦਾ ਹਾਂ ਤਾਂ ਮੈਂ ਵਿਚੋਲਾ ਬਣਨ ਲਈ ਤਿਆਰ ਹਾਂ’।

ਟਰੰਪ ਵੱਲੋਂ ਅਜਿਹਾ ਕਹਿਣ ਤੋਂ ਬਾਅਦ ਇਮਰਾਨ ਨੇ ਕਿਹਾ ਕਿ ਜੇਕਰ ਟਰੰਪ ਅਜਿਹਾ ਕਰ ਸਕਣ ਤਾਂ ਉਹਨਾਂ ਨੂੰ ਲੱਖਾਂ ਲੋਕਾਂ ਦੀਆਂ ਦੁਆਵਾਂ ਮਿਲਣਗੀਆਂ। ਅਪਣੇ ਬਿਆਨ ਵਿਚ ਟਰੰਪ ਨੇ ਕਸ਼ਮੀਰ ਵਿਚ ਹੋ ਰਹੀ ਹਿੰਸਾ ਦਾ ਜ਼ਿਕਰ ਵੀ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਕਸ਼ਮੀਰ ਬਾਰੇ ਬਹੁਤ ਸੁਣਿਆ ਹੈ। ਉਹਨਾਂ ਕਿਹਾ ਕਿ ਇਹ ਨਾਂਅ ਬਹੁਤ ਸੁੰਦਰ ਨਾਂਅ ਹੈ, ਲੱਗਦਾ ਹੈ ਕਿ ਇਹ ਦੁਨੀਆ ਦਾ ਕਿੰਨਾ ਖੂਬਸੂਰਤ ਹਿੱਸਾ ਹੋਵੇਗਾ ਪਰ ਅੱਜ ਉੱਥੇ ਹਰ ਥਾਂ ‘ਤੇ ਸਿਰਫ਼ ਗੋਲੀਬਾਰੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਭਾਰਤ ਨੂੰ ਕਸ਼ਮੀਰ ਸਮੱਸਿਆ ਨੂੰ ਹੱਲ ਕਰਨ ਲਈ ਕਿਸੇ ਮਦਦ ਦੀ ਜ਼ਰੂਰਤ ਹੈ।

ਟਰੰਪ ਦੇ ਬਿਆਨ ਨੂੰ ਭਾਰਤ ਨੇ ਨਕਾਰਿਆ: ਟਰੰਪ ਦੇ ਬਿਆਨ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਬਿਆਨ ਤੋਂ ਦੋ ਘੰਟੇ ਵਿਚਕਾਰ ਹੀ ਭਾਰਤ ਸਰਕਾਰ ਵੱਲੋਂ ਟਰੰਪ ਦੇ ਦਾਅਵੇ ਨੂੰ ਨਕਾਰ ਦਿੱਤਾ ਗਿਆ। ਦੇਰ ਰਾਤ ਵਿਦੇਸ਼ ਮੰਤਰੀ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵਿਟਰ ‘ਤੇ ਲਿਖਿਆ ਕਿ ਜਿਸ ਤਰ੍ਹਾਂ ਅਮਰੀਕੀ ਰਾਸ਼ਟਰਪਤੀ ਵੱਲੋਂ ਕਿਹਾ ਗਿਆ ਹੈ ਕਿ ਭਾਰਤ ਨੇ ਉਹਨਾਂ ਨੂੰ ਕਸ਼ਮੀਰ ਮੁੱਦੇ ‘ਤੇ ਭਾਰਤ-ਪਾਕਿ ਵਿਚਕਾਰ ਵਿਚੋਲਗੀ ਕਰਨ ਨੂੰ ਕਿਹਾ, ਅਜਿਹਾ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਅਜਿਹਾ ਕੁੱਝ ਨਹੀਂ ਕਿਹਾ ਗਿਆ। ਉਹਨਾਂ ਨੇ ਇਸ ਲੱਗ ਨੂੰ ਵੀ ਦੁਹਰਾਇਆ ਕਿ ਭਾਰਤ ਪਾਕਿਸਤਾਨ ਦੀ ਗੱਲਬਾਤ ਦੀ ਸ਼ਰਤ ਹੁਣ ਵੀ ਇਹੀ ਹੈ ਕਿ ਪਾਕਿਸਤਾਨ ਸਰਹੱਦ ‘ਤੇ ਅਤਿਵਾਦ ਨੂੰ ਖਤਮ ਕਰੇ।

ਵਿਰੋਧੀਆਂ ਨੇ ਸਾਧਿਆ ਮੋਦੀ ਸਰਕਾਰ ‘ਤੇ ਨਿਸ਼ਾਨਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਨੂੰ ਲੈ ਕੇ ਕਾਂਗਰਸ ਨੇ ਸੋਮਵਾਰ ਰਾਤ ਨੂੰ ਮੋਦੀ ‘ਤੇ ਤਿੱਖਾ ਹਮਲਾ ਬੋਲਿਆ ਅਤੇ ਇਲਜ਼ਾਮ ਲਗਾਇਆ ਕਿ ਇਹ ਦੇਸ਼ ਨਾਲ ਵਿਸ਼ਵਾਸਘਾਤ ਹੈ, ਜਿਸ ‘ਤੇ ਪੀਐਮ ਨੂੰ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ ਨੇ ਜੰਮੂ-ਕਸ਼ਮੀਰ ਵਿਚ ਕਿਸੇ ਵੀ ਤੀਜੇ ਪੱਖ ਦੀ ਵਿਚੋਲਗੀ ਨੂੰ ਕਦੀ ਵੀ ਸਵਿਕਾਰ ਨਹੀਂ ਕੀਤਾ।

ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਥੁਰ ਨੇ ਵੀ ਟਵੀਟ ਕੀਤਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਟਰੰਪ ਨੂੰ ਇਸ ਗੱਲ ਦਾ ਥੌੜਾ ਜਿਹਾ ਵੀ ਅੰਦਾਜ਼ਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਹੇ ਹਨ।

ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਨੇ ਹੈਰਾਨਗੀ ਪ੍ਰਗਟਾਈ ਕਿ ਭਾਰਤ ਸਰਕਾਰ ਅਮਰੀਕੀ ਰਾਸ਼ਟਰਪਤੀ ਨੂੰ ਝੂਠਾ ਕਹਿਣਗੇ ਜਾਂ ਫਿਰ ਇਸ ਵਿਵਾਦ ਵਿਚ ਤੀਜੇ ਪੱਖ ਦੀ ਵਿਚੋਲਗੀ ਨੂੰ ਲੈ ਕੇ ਭਾਰਤ ਨੇ ਅਪਣੀ ਸਥਿਤੀ ਬਦਲ ਲਈ ਹੈ। ਇਸ ਦੇ ਸਬੰਧ ਵਿਚ ਅਬਦੁੱਲਾ ਨੇ ਟਵੀਟ ਵੀ ਕੀਤਾ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ