ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਤੁਲਸੀ ਗਬਾਰਡ ਨੇ ਗੂਗਲ ‘ਤੇ ਕੀਤਾ 344 ਕਰੋੜ ਦਾ ਕੇਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਤੁਲਸੀ ਦਾ ਇਲਜ਼ਾਮ ਹੈ ਕਿ 2020 ਦੇ ਉਹਨਾਂ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੇ ਨਾਲ ਗੂਗਲ ਨੇ ਭੇਦਭਾਵ ਕੀਤਾ ਅਤੇ ਉਹਨਾਂ ਦੀ ਬੋਲਣ ਦੀ ਅਜ਼ਾਦੀ ਵਿਚ ਰੁਕਾਵਟ ਪੈਦਾ ਕੀਤੀ।

Tulsi Gabbard

ਵਾਸ਼ਿੰਗਟਨ: ਅਮਰੀਕਾ ਦੀ ਡੈਮੋਕਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਲਈ ਮਜਬੂਤ ਦਾਅਵੇਦਾਰ ਅਤੇ ਪਹਿਲੀ ਮਹਿਲਾ ਹਿੰਦੂ ਸੰਸਦ ਤੁਲਸੀ ਗਬਾਰਡ ਨੇ ਸੂਚਨਾ-ਤਕਨੀਕ ਖੇਤਰ ਦੀ ਦਿੱਗਜ ਕੰਪਨੀ ਗੂਗਲ ਵਿਰੁੱਧ ਘੱਟੋ ਘੱਟ ਪੰਜ ਕਰੋੜ ਡਾਲਰ (344 ਕਰੋੜ ਰੁਪਏ) ਦਾ ਮੁਕੱਦਮਾ ਦਰਜ ਕਰਵਾਇਆ ਹੈ। ਤੁਲਸੀ ਦਾ ਇਲਜ਼ਾਮ ਹੈ ਕਿ 2020 ਦੇ ਉਹਨਾਂ ਦੀ ਰਾਸ਼ਟਰਪਤੀ ਚੋਣ ਪ੍ਰਚਾਰ ਮੁਹਿੰਮ ਦੇ ਨਾਲ ਗੂਗਲ ਨੇ ਭੇਦਭਾਵ ਕੀਤਾ ਅਤੇ ਉਹਨਾਂ ਦੀ ਬੋਲਣ ਦੀ ਅਜ਼ਾਦੀ ਵਿਚ ਰੁਕਾਵਟ ਪੈਦਾ ਕੀਤੀ।

38 ਸਾਲਾ ਗਬਾਰਡ ਨੇ ਲਾਸ ਏਂਜਲਸ ਦੀ ਇਕ ਫੈਡਰਲ ਕੋਰਟ ਵਿਚ ਦਰਜ ਮੁਕੱਦਮੇ ‘ਚ ਕਿਹਾ ਕਿ ਜੂਨ ਵਿਚ ਪਹਿਲੀ ਬਹਿਸ ਤੋਂ ਬਾਅਦ ਗੂਗਲ ਨੇ ਉਹਨਾਂ ਦੇ ਵਿਗਿਆਪਨ ਖਾਤੇ ਨੂੰ ਥੋੜੇ ਸਮੇਂ ਲਈ ਮੁਅੱਤਲ ਕਰ ਕੇ ਉਹਨਾਂ ਦੀ ਬੋਲਣ ਦੀ ਅਜ਼ਾਦੀ ‘ਤੇ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਅਮਰੀਕੀ ਸੂਬੇ ਹਵਾਈ ਦੀ ਸੰਸਦ ਤੁਲਸੀ ਗਬਾਰਡ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰ ਰਹੀ ਹੈ।

ਤੁਲਸੀ ਨੇ ਚਿੱਠੀ ਵਿਚ ਦੱਸਿਆ ਕਿ ਗੂਗਲ ਦੇ ਅਜਿਹਾ ਕਰਨ ਨਾਲ ਉਹਨਾਂ ਦਾ ਚੋਣ ਪ੍ਰਚਾਰ ਪ੍ਰਭਾਵਿਤ ਹੋਇਆ ਹੈ। ਉਹਨਾਂ ਕਿਹਾ ਕਿ ਕੰਪਨੀ ਅਪਣੀ ਸਮਰੱਥਾ ਦੀ ਵਰਤੋਂ ਸਿਆਸੀ ਮਤਭੇਦ ਲਈ ਕਰ ਰਹੀ ਹੈ ਅਤੇ ਇਹ 2020 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ।
ਗੂਗਲ ਦੀ ਸਫਾਈ: ਗੂਗਲ ਦੇ ਬੁਲਾਰੇ ਜੋਸ ਕਾਸਟਾਨੇਡਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਕੰਪਨੀ ਦੇ ਅਡਵਾਈਜ਼ਰ ਸਿਸਟਮ ਵਿਚ ਇਹ ਸਾਫ ਹੋ ਰਿਹਾ ਹੈ ਕਿ ਤੁਲਸੀ ਗਬਾਡਰ ਦੇ ਮਾਮਲੇ ਵਿਚ ਕੋਈ ਧੋਖਾਧੜੀ ਨਹੀਂ ਹੋਈ।

ਮੋਦੀ ਦੀ ਸਮਰਥਕ: ਤੁਲਸੀ ਨੇ ਅਮਰੀਕਾ ਵਿਚ ਸਭ ਤੋਂ ਘੱਟ ਉਮਰ ਦੀ ਪ੍ਰਤੀਨਿਧੀ ਬਣਨ ਦਾ ਇਤਿਹਾਸ ਰਚਿਆ ਸੀ। ਉਸ ਸਮੇਂ ਉਹ 21 ਸਾਲ ਦੀ ਸੀ। ਤੁਲਸੀ ਨੂੰ ਪੀਐਮ ਨਰਿੰਦਰ ਮੋਦੀ ਦੇ ਖਾਸ ਸਮਰਥਕਾਂ ਵਿਚ ਗਿਣਿਆ ਜਾਂਦਾ ਹੈ। ਜਦੋਂ ਅਮਰੀਕੀ ਸਰਕਾਰ ਨੇ ਸਾਲ 2002 ਦੇ ਗੁਜਰਾਤ ਦੰਗਿਆਂ ਕਾਰਨ ਉਸ ਸਮੇਂ ਦੇ ਸੂਬੇ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ‘ਤੇ ਪਾਬੰਧੀ ਲਗਾ ਦਿੱਤੀ ਸੀ ਤਾਂ ਤੁਲਸੀ ਗਬਾਰਡ ਉਹਨਾਂ ਆਗੂਆਂ ਵਿਚ ਸ਼ਾਮਿਲ ਸੀ, ਜਿਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਅਲੋਚਨਾ ਕੀਤੀ ਸੀ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ