ਹੈਰਾਨੀਜਨਕ ਖੋਜ : ਚੀਨ 'ਚ ਪੈਦਾ ਹੋਇਆ ਦੁਨੀਆ ਦਾ ਪਹਿਲਾ 'ਡਿਜ਼ਾਈਨਰ ਬੇਬੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਿਚ ਦੁਨੀਆ ਦਾ ਪਹਿਲਾ ਜੈਨੇਟਿਕਲੀ ਮੌਡੀਫਾਈਡ ਬੱਚਾ ਪੈਦਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇੱਥੇ ਦੇ ਇਕ ਖੋਜਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਜੇਨੀਟਿਕਲੀ ...

He Jiankui

ਬੀਜਿੰਗ (ਪੀਟੀਆਈ) :- ਚੀਨ ਵਿਚ ਦੁਨੀਆ ਦਾ ਪਹਿਲਾ ਜੈਨੇਟਿਕਲੀ ਮੌਡੀਫਾਈਡ ਬੱਚਾ ਪੈਦਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇੱਥੇ ਦੇ ਇਕ ਖੋਜਕਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਜੇਨੀਟਿਕਲੀ ਐਡੀਟੇਡ (ਡੀਐਨਏ ਵਿਚ ਛੇੜਛਾੜ) ਕਰਕੇ ਜੁੜਵਾਂ ਬੱਚੀਆਂ ਦੇ ਭਰੂਣ ਨੂੰ ਵਿਕਸਿਤ ਕੀਤਾ ਹੈ, ਜਿਨ੍ਹਾਂ ਦਾ ਇਸ ਮਹੀਨੇ ਜਨਮ ਹੋਇਆ ਹੈ। ਮਨੁੱਖੀ ਭਰੂਣ 'ਚ ਜੀਨ ਨੂੰ ਐਡਿਟ ਕਰਨ ਲਈ ਇਕ ਨਵੀਂ ਤਕਨੀਕ ਦਾ ਇਸਤੇਮਾਲ ਕੀਤਾ ਹੈ। ਖੋਜਕਾਰ 'ਹੇ ਜਿਆਂਕੁਈ' ਨੇ ਕਈ ਸਾਲ ਤੱਕ ਲੈਬ ਵਿਚ ਚੂਹੇ, ਬਾਂਦਰ ਅਤੇ ਇਨਸਾਨ ਦੇ ਭਰੂਣ ਉੱਤੇ ਅਧਿਐਨ ਕੀਤਾ ਹੈ।

ਅਪਣੀ ਇਸ ਤਕਨੀਕ ਦੇ ਪੇਟੈਂਟ ਦੀ ਉਨ੍ਹਾਂ ਨੇ ਅਰਜ਼ੀ ਦਿਤੀ ਹੈ। ਇਸ ਅਧਿਐਨ 'ਚ ਅਮਰੀਕਾ ਦੇ ਫਿਜਿਕਸ ਅਤੇ ਬਾਇਓਇੰਜੀਨਿਅਰ ਪ੍ਰੋਫੈਸਰ ਮਾਈਕਲ ਡੀਮ ਵੀ ਸ਼ਾਮਿਲ ਸਨ। ਚੀਨ ਅਤੇ ਅਮਰੀਕਾ ਕਾਫ਼ੀ ਸਮੇਂ ਤੋਂ ਜੇਨੀਟਿਕਲੀ ਐਡੀਟੇਡ ਭਰੂਣ ਉੱਤੇ ਜਾਂਚ ਕਰ ਰਹੇ ਸਨ। ਹਾਲਾਂਕਿ ਅਮਰੀਕਾ ਵਿਚ ਜੀਨ ਐਡੀਟਿੰਗ 'ਤੇ ਪਾਬੰਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡੀਐਨਏ ਵਿਚ ਕ੍ਰਿਤਰਿਮ ਤਰੀਕੇ ਨਾਲ ਕੀਤੀ ਤਬਦੀਲੀ ਅਗਲੀ ਪੀੜ੍ਹੀ ਤੱਕ ਪਹੁੰਚ ਸਕਦੀ ਹੈ ਅਤੇ ਹੋਰ ਜੀਂਸ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।

ਚੀਨ ਵਿਚ ਇਨਸਾਨੀ ਕਲੋਨ ਬਣਾਉਣ ਅਤੇ ਅਧਿਐਨ 'ਤੇ ਪਾਬੰਦੀ ਹੈ ਪਰ ਇਸ ਤਰ੍ਹਾਂ ਦੇ ਜਾਂਚ ਦੀ ਇਜਾਜਤ ਹੈ। ਚੀਨ ਨੇ ਦੁਨੀਆ ਵਿਚ ਪਹਿਲੀ ਵਾਰ ਜੈਨੀਟਿਕਲੀ ਐਡੀਟੇਡ ਭਰੂਣ ਨੂੰ ਇਨਸਾਨੀ ਕੁੱਖ ਵਿਚ ਰੱਖਿਆ ਅਤੇ ਇਸ ਨੂੰ ਪੈਦਾ ਕਰਨ ਵਿਚ ਸਫਲਤਾ ਹਾਸਲ ਕੀਤੀ। ਅਜੋਕੇ ਯੁੱਗ ਵਿਚ ਵਿਗਿਆਨੀ ਅਜਿਹਾ ਕਰਨ ਵਿਚ ਵੀ ਸਮਰੱਥਾਵਾਨ ਹਨ ਪਰ ਇਕ ਤਬਕਾ ਇਸ ਨੂੰ ਕੁਦਰਤ ਦੇ ਨਿਯਮਾਂ ਨਾਲ ਛੇੜਛਾੜ ਮੰਨਦਾ ਹੈ। ਇਸ ਤਕਨੀਕ ਵਿਚ ਭਰੂਣ ਦੇ ਡੀਐਨਏ ਨਾਲ ਬਦਲਾਅ ਕੀਤਾ ਜਾਂਦਾ ਹੈ।

ਟੈਸਟ ਦੱਸਦੇ ਹਨ ਕਿ ਜੁੜਵਾ ਬੱਚੀਆਂ ਵਿਚੋਂ ਇਕ ਦੀ ਜੀਨ ਦੀ ਦੋਨਾਂ ਕਾਪੀਆਂ ਵਿਚ ਬਦਲਾਅ ਆਇਆ ਹੈ, ਜਦੋਂ ਕਿ ਦੂਜੀ ਬੱਚੀ ਦੇ ਜੀਨ ਦੀ ਸਿਰਫ ਇਕ ਕਾਪੀ ਵਿਚ ਬਦਲਾਅ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਦੇ ਜੀਵਨ ਉੱਤੇ ਕੋਈ ਅਸਰ ਨਹੀਂ ਪਵੇਗਾ। ਖੋਜਕਾਰ ਦੇ ਮੁਤਾਬਕ ਜੀਨ ਦੀ ਸਿਰਫ ਇਕ ਕਾਪੀ ਵਿਚ ਬਦਲਾਅ ਵਾਲੀ ਬੱਚੀ ਵਿਚ ਐਚਆਈਵੀ ਸੰਕਰਮਣ ਦੀ ਸੰਭਾਵਨਾ ਹੈ ਅਤੇ ਸਿਹਤ ਵੀ ਪ੍ਰਭਾਵਿਤ ਹੋ ਸਕਦੀ ਹੈ।

ਦੁਨੀਆ ਭਰ ਦੇ ਵਿਗਿਆਨੀਆਂ ਨੇ ਇਸ ਪ੍ਰਯੋਗ ਉੱਤੇ ਚਿੰਤਾ ਜਤਾਉਂਦੇ ਹੋਏ ਇਸ ਨੂੰ ਵਿਗਿਆਨ ਅਤੇ ਨੈਤਿਕਤਾ ਦੇ ਵਿਰੁੱਧ ਪ੍ਰਯੋਗ ਦੱਸਿਆ ਹੈ। ਯੂਨੀਵਰਸਿਟੀ ਆਫ ਪੇਂਸਿਲਵੇਨੀਆ ਦੇ ਜੀਨ ਐਡੀਟਿੰਗ ਮਾਹਿਰ ਅਤੇ ਜੇਨੇਟਿਕ ਜਰਨਲ ਦੇ ਸੰਪਾਦਕ ਕਿਰਨ ਮੁਸੁਨੁਰੁ ਦੇ ਮੁਤਾਬਕ ਇਨਸਾਨ ਉੱਤੇ ਇਸ ਤਰ੍ਹਾਂ ਦਾ ਪ੍ਰਯੋਗ ਨਾ ਸਿਰਫ ਵਿਗਿਆਨ ਸਗੋਂ ਨੈਤਿਕ ਤੌਰ ਉੱਤੇ ਵੀ ਗਲਤ ਹੈ, ਉਥੇ ਹੀ ਹਾਰਵਰਡ ਯੂਨੀਵਰਸਿਟੀ ਦੇ ਅਨੁਵਾਂਸ਼ਿਕ ਵਿਗਿਆਨੀ ਜਾਰਜ ਚਰਚ ਇਸ ਨੂੰ ਠੀਕ ਮੰਨਦੇ ਹਨ।