ਭਾਰਤੀ ਮੂਲ ਦੇ ਅਰੋੜਾ ਭਰਾ ਇੰਗਲੈਂਡ 'ਚ 241 ਕਰੋੜ ਦਾ ਟੈਕਸ ਭਰ ਕੇ ਟਾਪ-50 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਿਮਨ, ਬੌਬੀ ਅਤੇ ਰਾਬਿਨ ਅਰੋੜਾਂ ਨੇ ਵਿੱਤੀ ਸਾਲ 2017-18 ਦੇ ਲਈ 240.64 ਕਰੋੜ ਰੁਪਏ ( 2.56 ਕਰੋੜ ਪੌਂਡ ) ਦਾ ਕਰ ਭਰਿਆ।

Arora Brothers

ਮਰਸੀਸਾਈਡ : ਭਾਰਤੀ ਮੂਲ ਦੇ ਅਰੋੜਾ ਭਰਾਵਾਂ ਨੇ ਬ੍ਰਿਟੇਨ ਵਿਚ ਸੱਭ ਤੋਂ ਵੱਧ ਕਰ ਭਰਨ ਵਾਲਿਆਂ ਸਿਖਰ ਦੇ 50 ਲੋਕਾਂ ਵਿਚ ਥਾਂ ਬਣਾਈ ਹੈ। ਸਿਮਨ, ਬੌਬੀ ਅਤੇ ਰਾਬਿਨ ਅਰੋੜਾਂ ਨੇ ਵਿੱਤੀ ਸਾਲ 2017-18 ਦੇ ਲਈ 240.64 ਕਰੋੜ ਰੁਪਏ ( 2.56 ਕਰੋੜ ਪੌਂਡ ) ਦਾ ਕਰ ਭਰਿਆ। ਖ਼ਬਰਾਂ ਮੁਤਾਬਕ ਪਹਿਲੀ ਵਾਰ ਬ੍ਰਿਟੇਨ ਦੇ ਸਿਖਰ ਦੇ 50 ਕਰਦਾਤਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਇਸ ਵਿਚ ਅਰੋੜਾ ਭਰਾਵਾਂ ਦਾ 24ਵਾਂ ਨੰਬਰ ਹੈ। ਉਤਰ ਪੂਰਬੀ ਇੰਗਲੈਂਡ ਦੇ ਮਰਸੀਸਾਈਡ ਸ਼ਹਿਰ ਵਿਚ ਸਥਿਤ ਰਿਟੇਲ ਕੰਪਨੀ ਬੀਐਂਡਐਮ ਚੇਨ ਆਫ਼ ਡਿਸਕਾਉਂਟ ਸਟੋਰਸ ਵਿਚ ਅਰੋੜਾ ਭਰਾਵਾਂ ਦੀ 15 ਫ਼ੀ ਸਦੀ ਹਿੱਸੇਦਾਰੀ ਹੈ। ਸਿਮਨ ਅਰੋੜਾ ਕੰਪਨੀ ਦੇ ਸੀਈਓ ਹਨ। ਇਹਨਾਂ ਦੋਨਾਂ ਦੀ ਜਾਇਦਾਦ 21,620 ਕਰੋੜ ਰੁਪਏ ( 230 ਕਰੋੜ ਪੌਂਡ ) ਹੈ।

ਖ਼ਬਰਾਂ ਮੁਤਾਬਕ ਸਪੋਰਟਸ ਵਿਅਰ ਕੰਪਨੀ ਪੇਂਟਲੈਂਡ ਦੇ ਚੇਅਰਮੈਨ ਸਟੀਫਨ ਰੂਬਿਨ ਯੂਕੇ ਦੇ ਸੱਭ ਤੋਂ ਵੱਡੇ ਕਰਦਾਤਾ ਹਨ। ਉਹਨਾਂ 1,707.04 ਕਰੋੜ ਰੁਪਏ ਦਾ ਕਰ ਭਰਿਆ। ਉਹਨਾਂ ਦੀ ਜਾਇਦਾਦ 26,508 ਕਰੋੜ ਰੁਪਏ ਹੈ। ਗੈਬਲਿੰਗ ਫਰਮ ਬੇਟ 365 ਦੀ ਡਿਨਾਈਜ਼ ਕੋਟਸ ਅਤੇ ਪੀਟਰ ਕੋਟਸ ਨੇ 1,466.4 ਕਰੋੜ ਰੁਪਏ ਦਾ ਟੈਕਸ ਭਰਿਆ ਅਤੇ ਉਹ ਦੂਜੇ ਨੰਬਰ ਤੇ ਰਹੇ।

ਤੀਜੇ ਨੰਬਰ ਤੇ ਵੈਕਊਮ ਕਲੀਨਰ ਕੰਪਨੀ ਦੇ ਸਰ ਜ਼ੇਮਜ ਡਾਇਸਨ ਰਹੇ।ਉਹਨਾਂ ਨੇ 1,201.32 ਕਰੋੜ ਰੁਪਏ ਦਾ ਕਰ ਭਰਿਆ। ਸੂਚੀ ਵਿਚ ਸ਼ਾਮਲ 50 ਕਰਦਾਤਾਵਾਂ ਨੇ ਕੁੱਲ 18,800 ਕਰੋੜ ਰੁਪਏ ਦੇ ਕਰ ਦਾ ਭੁਗਤਾਨ ਕੀਤਾ। ਇਸ ਵਿਚ ਪਿਛਲੇ ਸਾਲ ਜਾਰੀ 145 ਅਰਬਪਤੀਆਂ ਦੀ ਸੂਚੀ ਵਿਚੋਂ 28 ਅਤੇ 855 ਕਰੋੜਪਤੀਆਂ ਦੀ ਸੂਚੀ ਵਿਚੋਂ 18 ਲੋਕ ਸ਼ਾਮਲ ਹਨ।