ਕੈਲੇਫੋਰਨੀਆ- ਕੈਲੇਫੋਰਨੀਆ ਵਿਚ ਇਕ ਯਹੂਦੀ ਧਾਰਮਿਕ ਅਸਥਾਨ 'ਤੇ ਇਕ ਵਿਅਕਤੀ ਵਲੋਂ ਹਮਲਾ ਕੀਤੇ ਜਾਣ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 3 ਜ਼ਖ਼ਮੀ ਹੋ ਗਏ ਇਹ ਘਟਨਾ ਉਸ ਵੇਲੇ ਵਾਪਰੀ, ਜਦੋਂ ਯਹੂਦੀ ਸ਼ਰਧਾਲੂ ਪਾਸਓਵਰ ਦੇ ਆਖ਼ਰੀ ਦਿਨ ਦਾ ਤਿਉਹਾਰ ਮਨਾ ਰਹੇ ਸਨ। ਜਾਣਕਾਰੀ ਅਨੁਸਾਰ ਰਾਈਫਲ ਨਾਲ ਲੈਸ 19 ਸਾਲਾਂ ਦੇ ਇਕ ਵਿਅਕਤੀ ਨੇ ਯਹੂਦੀ ਧਾਰਮਿਕ–ਸਥਾਨ 'ਤੇ ਅਚਾਨਕ ਗੋਲੀਆਂ ਚਲਾ ਕੇ ਇਕ ਔਰਤ ਦੀ ਜਾਨ ਲੈ ਲਈ ਤੇ ਤਿੰਨ ਹੋਰਨਾਂ ਨੂੰ ਜ਼ਖ਼ਮੀ ਕਰ ਦਿਤਾ।
ਇਸ ਮਗਰੋਂ ਹਮਲਾਵਰ ਇਕ ਕਾਰ ਵਿਚ ਸਵਾਰ ਹੋ ਕੇ ਫ਼ਰਾਰ ਹੋ ਗਿਆ, ਫਿਰ ਉਸ ਨੇ ਕੁੱਝ ਸਮੇਂ ਬਾਅਦ ਖ਼ੁਦ ਹੀ 911 'ਤੇ ਕਾਲ ਕਰਕੇ ਗੋਲੀਬਾਰੀ ਦੀ ਜ਼ਿੰਮੇਵਾਰੀ ਕਬੂਲੀ, ਜਦੋਂ ਇਕ ਪੁਲਿਸ ਅਧਿਕਾਰੀ ਨੇ ਹਮਲਾਵਰ ਨੂੰ ਰਾਹ ਵਿਚ ਰੋਕਿਆ, ਤਾਂ ਉਹ ਕਾਰ ਰੋਕ ਕੇ ਹੱਥ ਉਤਾਂਹ ਕਰ ਕੇ ਹੇਠਾਂ ਉੱਤਰ ਆਇਆ ਅਤੇ ਪੁਲਿਸ ਨੇ ਉਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ।
ਗ੍ਰਿਫ਼ਤਾਰੀ ਸਮੇਂ ਯਹੂਦੀ ਧਾਰਮਿਕ ਅਸਥਾਨ ਉੱਤੇ ਹਮਲੇ ਲਈ ਵਰਤੀ ਗਈ ਏਆਰ–ਕਿਸਮ ਦੀ ਰਾਈਫ਼ਲ ਵੀ ਹਮਲਾਵਰ ਦੀ ਕਾਰ ਵਿਚੋਂ ਬਰਾਮਦ ਹੋਈ। ਫਿਲਹਾਲ ਉਸ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਏ ਕਿ ਆਖ਼ਰ ਉਸ ਨੇ ਯਹੂਦੀ ਧਾਰਮਿਕ ਸਥਾਨ ਉੱਤੇ ਹਮਲਾ ਕਿਉਂ ਕੀਤਾ?