ਕੈਲੇਫ਼ੋਰਨੀਆ ਦੇ ਜੰਗਲ 'ਚ ਅੱਗ ਲੱਗੀ, 500 ਘਰ ਸੜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਤਰੀ ਕੈਲੇਫ਼ੋਰਨੀਆ ਦੇ ਜੰਗਲ 'ਚ ਲੱਗੀ ਅੱਗ ਕਾਰਨ 500 ਘਰ ਸੜ ਗਏ ਅਤੇ ਹੋਰ 5000 ਘਰ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ..............

Fire in the Forest

ਰੇਡਿੰਗ  : ਉੱਤਰੀ ਕੈਲੇਫ਼ੋਰਨੀਆ ਦੇ ਜੰਗਲ 'ਚ ਲੱਗੀ ਅੱਗ ਕਾਰਨ 500 ਘਰ ਸੜ ਗਏ ਅਤੇ ਹੋਰ 5000 ਘਰ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਕੈਲੇਫ਼ੋਰਨੀਆ ਅੱਗ ਬੁਝਾਊ ਵਿਭਾਗ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਘਰਾਂ ਨੂੰ ਨੁਕਸਾਨ ਪਹੁੰਚਣ ਦਾ ਅੰਕੜਾ ਹੋਰ ਵੱਧ ਸਕਦਾ ਹੈ। ਸ਼ੁਕਰਵਾਰ ਰਾਤ ਇਥੇ ਅੱਗ 194 ਵਰਗ ਕਿਲੋਮੀਟਰ ਖੇਤਰ 'ਚ ਫ਼ੈਲ ਗਈ। ਜ਼ਿਕਰਯੋਗ ਹੈ ਕਿ ਬੀਤੀ 23 ਜੁਲਾਈ (ਸੋਮਵਾਰ) ਨੂੰ ਇਥੇ ਇਕ ਗੱਡੀ 'ਚ ਮਸ਼ੀਨੀ ਖਰਾਬੀ ਕਾਰਨ ਅੱਗ ਲੱਗ ਗਈ ਸੀ। ਮੰਗਲਵਾਰ ਨੂੰ ਇਹ ਬੇਕਾਬੂ ਹੋ ਗਈ ਅਤੇ ਰੇਡਿੰਗ ਸ਼ਹਿਰ ਤਕ ਪਹੁੰਚ ਗਈ। ਲਗਭਗ 10 ਹਜ਼ਾਰ ਲੋਕਾਂ ਨੂੰ ਸ਼ਹਿਰ ਤੋਂ ਸੁਰੱਖਿਅਤ ਥਾਵਾਂ 'ਤੇ ਭੇਜ ਦਿਤਾ ਗਿਆ ਹੈ।

ਹੁਣ ਤਕ ਅੱਗ ਕਾਰਨ ਦੋ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੌਤ ਹੋ ਚੁਕੀ ਹੈ। ਇਥੇ ਅੱਗ ਇੰਨੀ ਤੇਜ਼ੀ ਨਾਲ ਅੱਗ ਫ਼ੈਲੀ ਕਿ ਫ਼ਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਦਾ ਕੰਮ ਰੋਕਣਾ ਪਿਆ ਅਤੇ ਘਰ ਛੱਡ ਕੇ ਭੱਜ ਰਹੇ ਲੋਕਾਂ ਦੀ ਮਦਦ ਕਰਨੀ ਪਈ। ਸਥਾਨਕ ਮੀਡੀਆ ਮੁਤਾਬਕ ਇਕ ਫ਼ਾਇਰ ਬ੍ਰਿਗੇਡ ਮੁਲਾਜ਼ਮ ਨੇ ਦਸਿਆ ਕਿ ਉਹ ਅੱਗ ਨਾਲ ਲੜ ਨਹੀਂ ਸਕਦਾ, ਕਿਉਂਕਿ ਇਹ ਜਾਨਲੇਵਾ ਹੋ ਚੁਕੀ ਹੈ। ਅੱਗ ਬੁਝਾਉਣ ਤੋਂ ਪਹਿਲਾਂ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਜ਼ਰੂਰੀ ਹੈ, ਜੋ ਇਸ ਦਾ ਸ਼ਿਕਾਰ ਹੋ ਸਕਦੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੰਨੀ ਭਿਆਨਕ ਅੱਗ ਹੁਣ ਤਕ ਨਹੀਂ ਵੇਖੀ। ਰੀਪੋਰਟਾਂ ਮੁਤਾਬਕ ਹੁਣ ਤਕ ਲਗਭਗ 37000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ, ਤਾਕਿ ਉਹ ਅੱਗ ਦੀ ਲਪੇਟ 'ਚ ਨਾ ਆਉਣ। (ਪੀਟੀਆਈ)