103 ਸਾਲ ਦੇ ਬਜ਼ੁਰਗ ਨੇ ਕੋਰੋਨਾ ਨੂੰ ਹਰਾਇਆ, ਹਾਲ ਹੀ ਵਿਚ ਕੀਤਾ 5ਵਾਂ ਵਿਆਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ 2.74 ਲੱਖ ਲੋਕ ਪ੍ਰਭਾਵਿਤ ਹਨ। ਹੁਣ ਤੱਕ 5,842 ਲੋਕਾਂ ਦੀ ਮੌਤ ਹੋ ਚੁੱਕੀ ਹੈ।

Aziz Abdul Alim

ਇਸਲਾਮਾਬਾਦ: ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ 2.74 ਲੱਖ ਲੋਕ ਪ੍ਰਭਾਵਿਤ ਹਨ। ਹੁਣ ਤੱਕ 5,842 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਪਾਕਿਸਤਾਨ ਦੇ ਇਕ 103 ਸਾਲਾ ਬਜ਼ੁਰਗ ਨੇ ਕੋਰੋਨਾ ਵਾਇਰਸ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹ ਬਜ਼ੁਰਗ ਦੁਨੀਆਂ ਵਿਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚੋਂ ਇਕ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਜ਼ੁਰਗ ਨੇ ਹਾਲ ਹੀ ਵਿਚ ਪੰਜਵਾਂ ਵਿਆਹ ਕੀਤਾ ਹੈ। 103 ਸਾਲਾ ਇਸ ਬਜ਼ੁਰਗ ਦਾ ਨਾਮ ਹੈ ਅਜ਼ੀਜ਼ ਅਬਦੁਲ ਅਲੀਮ। ਕੋਰੋਨਾ ਨੂੰ ਮਾਤ ਦੇ ਕੇ ਘਰ ਪਰਤੇ ਇਸ ਬਜ਼ੁਰਗ ਦਾ ਪਰਿਵਾਰ ਹੈਰਾਨ ਹੈ ਕਿਉਂਕਿ ਇਸ ਉਮਰ ਵਿਚ ਸਰੀਰ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਇਸ ਦੇ ਬਾਵਜੂਦ ਅਜ਼ੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ।

ਅਜ਼ੀਜ਼ ਨੂੰ ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਕੋਰੋਨਾ ਵਾਇਰਸ ਹੋਇਆ ਸੀ। ਉਹਨਾਂ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਕਰੀਬ ਤਿੰਨ ਹਫ਼ਤੇ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਕੇ ਘਰ ਪਰਤੇ ਹਨ। ਅਜ਼ੀਜ਼ ਪਾਕਿਸਤਾਨ ਦੇ ਪਹਾੜੀ ਇਲਾਕੇ ਵਿਚ ਸਥਿਤ ਚਿਤ੍ਰਾਲ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹਨਾਂ ਦਾ ਪਿੰਡ ਚੀਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ।

ਅਜ਼ੀਜ਼ ਦੇ 50 ਸਾਲਾ ਬੇਟੇ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪਿਤਾ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਤਾਂ ਸਾਰਾ ਪਰਿਵਾਰ ਘਬਰਾ ਗਿਆ ਸੀ। ਕਿਸੇ ਨੂੰ ਉਮੀਦ ਨਹੀਂ ਸੀ ਕਿ ਉਹ ਬਚ ਜਾਣਗੇ, ਪਰ ਹੁਣ ਉਹਨਾਂ ਨੇ ਠੀਕ ਹੋ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

ਬਜ਼ੁਰਗ ਦਾ ਕਹਿਣਾ ਹੈ ਕਿ ਉਹਨਾਂ ਨੇ ਅਪਣੀ 103 ਸਾਲ ਦੀ ਉਮਰ ਵਿਚ ਕਈ ਮੁਸੀਬਤਾਂ ਦੇਖੀਆਂ ਹਨ, ਸਿਰਫ ਇਕ ਵਾਇਰਸ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਉਹ ਅਪਣੀਆਂ ਤਿੰਨ ਪਤਨੀਆਂ, 9 ਲੜਕਿਆਂ ਅਤੇ ਇਕ ਲੜਕੀ ਨਾਲ ਰਹਿੰਦੇ ਹਨ। ਹਾਲ ਹੀ ਵਿਚ ਉਹਨਾਂ ਨੇ ਅਪਣੀ ਚੌਥੀ ਪਤਨੀ ਨੂੰ ਤਲਾਕ ਦੇ ਕੇ ਪੰਜਵਾਂ ਵਿਆਹ ਕੀਤਾ ਸੀ।