ਅਮਰੀਕਾ ਨੇ ਮਸੂਦ ਅਜ਼ਹਰ ਦਾ ਨਾਂ ਕਾਲੀ ਸੂਚੀ 'ਚ ਪਾਉਣ ਲਈ UN 'ਚ ਮਸੌਦਾ ਪ੍ਰਸਤਾਵ ਪੇਸ਼ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਵਾਨਗੀ ਮਿਲਣ ਮਗਰੋਂ ਮਸੂਦ ਅਜ਼ਹਰ ਦੀ ਯਾਤਰਾ 'ਤੇ ਪਾਬੰਦੀ ਅਤੇ ਜਾਇਦਾਦ ਜ਼ਬਤ ਹੋਵੇਗੀ

Masood Azhar

ਸੰਯੁਕਤ ਰਾਸ਼ਟਰ : ਅਮਰੀਕਾ ਨੇ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਅਤਿਵਾਦੀ ਐਲਾਨ ਕਰਨ ਲਈ ਅੰਤਰ-ਰਾਸ਼ਟਰੀ ਦਬਾਅ ਵਧਾਂਉਦਿਆਂ, ਸੰਯੁਕਤ ਰਾਸ਼ਟਰ ਪਰੀਸ਼ਦ ਵਿਚ ਇਕ ਮਸੌਦਾ ਪ੍ਰਸਤਾਵ ਪੇਸ਼ ਕੀਤਾ ਹੈ ਤਾਂਕਿ ਅਜ਼ਹਰ ਦਾ ਨਾਂ ਕਾਲੀ ਸੂਚੀ ਵਿਚ ਪਾਇਆ ਜਾ ਸਕੇ।

ਅਮਰੀਕਾ ਨੂੰ ਇਸ ਯਤਨ ਵਿਚ ਫ਼ਰਾਂਸ ਅਤੇ ਬ੍ਰਿਟੇਨ ਦਾ ਸਮਰਥਨ ਹਾਸਲ ਹੈ। ਸੁਰਖਿਆ ਪਰੀਸ਼ਦ ਦੀ 1267 ਅਲ ਕਾਇਦਾ ਪ੍ਰਬੰਧ ਕਮੇਟੀ ਵਿਚ ਅਜ਼ਹਰ ਨੂੰ ਸੂਚੀਬੱਧ ਕਰ ਕੇ ਆਲਮੀ ਅਤਿਵਾਦੀ ਐਲਾਨ ਕਰਨ ਦੇ ਇਕ ਪ੍ਰਸਤਾਵ 'ਤੇ ਚੀਨ ਦੇ ਵੀਟੋ ਕਰਨ ਦੇ ਦੋ ਹਫ਼ਤਿਆਂ ਮਗਰੋਂ ਅਮਰੀਕਾ ਨੇ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਦੇ ਮੁਖੀ ਦਾ ਨਾਂ ਕਾਲੀ ਸੂਚੀ ਵਿਚ ਪਾਉਣ, ਉਸ ਦੇ ਯਾਤਰਾ ਕਰਨ 'ਤੇ ਪਾਬੰਦੀ ਲਗਾਉਣ ਅਤੇ ਉਸ ਦੀ ਜਾਇਦਾਦ ਜਬਤ ਕਰਨ ਆਦਿ ਲਈ ਬੁਧਵਾਰ ਨੂੰ 15 ਮੈਂਬਰੀ ਪਰੀਸ਼ਦ ਵਿਚ ਮਸੌਦਾ ਪ੍ਰਸਤਾਵ ਭੇਜਿਆ।

ਸੰਯੁਕਤ ਰਾਸ਼ਟਰ ਦੇ ਸੂਤਰਾਂ ਨੇ ਦਸਿਆ ਕਿ 'ਪਹਿਲੀ ਵਾਰ' ਅਮਰੀਕਾ, ਬ੍ਰਿਟੇਨ ਅਤੇ ਫ਼੍ਰਰਾਂਸ ਨੇ ਅਜ਼ਹਰ ਦਾ ਨਾਂ ਕਾਲੀ ਸੂਚੀ ਵਿਚ ਪਾਉਣ ਲਈ ਸਿੱਧਾ ਸੁਰਖਿਆ ਪਰੀਸ਼ਦ ਵਿਚ ਮਸੌਦਾ ਪ੍ਰਸਤਾਵ ਭੇਜਿਆ ਹੈ।  ਉੁਨ੍ਹਾਂ ਦਸਿਆ ਕਿ ਮਸੌਦਾ ਪ੍ਰਸਤਾਵ 'ਤੇ ਗ਼ੈਰ-ਰਸਮੀ ਚਰਚਾ ਕੀਤੀ ਜਾਵੇਗੀ ਅਤੇ ਫਿਰ ਇਹ ਕੌਂਸਲ ਵਿਚ ਜਾਵੇਗਾ। ਇਹ ਤੈਅ ਨਹੀਂ ਹੈ ਕਿ ਮਸੌਦਾ ਪ੍ਰਸਤਾਵ ਲਈ ਚੋਣਾਂ ਕਦੋਂ ਹੋਣਗੀਆਂ। ਇਸ ਦੌਰਾਨ ਚੀਨ ਇਕ ਵਾਰ ਫਿਰ ਵੀਟੋ ਕਰ ਸਕਦਾ ਹੈ ਜਿਸ ਨੇ ਪਹਿਲਾਂ ਅਜ਼ਹਰ 'ਤੇ ਪਾਬੰਦੀ ਲਗਾਉਣ ਦੇ ਰਾਹ 'ਚ ਰੋੜਾ ਅਟਕਾਇਆ ਸੀ। ਸੂਤਰਾਂ ਨੇ ਦਸਿਆ ਕਿ ਮਸੌਦਾ ਪ੍ਰਸਤਾਵ ਵਿਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ 14 ਫ਼ਰਵਰੀ ਨੂੰ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਜਾਵੇਗੀ ਜਿਸ ਵਿਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋਏ ਸਨ।     (ਪੀਟੀਆਈ)