ਦੁਬਈ ਵਿਚ ਭਾਰਤੀ ਡਾਕਟਰ ਦੀ ਗੱਡੀ ਰੋਕ ਕੇ ਪੁਲਿਸ ਨੇ ਦਿੱਤੀ ਸਲਾਮੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਰੀ ਦੁਨੀਆ ਇਸ ਸਮੇਂ ਕੋਰੋਨਾ ਸੰਕਰਮਣ ਦੀ ਚਪੇਟ ਵਿਚ ਹੈ।

Photo

ਦੁਬਈ: ਪੂਰੀ ਦੁਨੀਆ ਇਸ ਸਮੇਂ ਕੋਰੋਨਾ ਸੰਕਰਮਣ ਦੀ ਚਪੇਟ ਵਿਚ ਹੈ। ਮਹਾਮਾਰੀ ਦੇ ਇਸ ਦੌਰ ਵਿਚ ਡਾਕਟਰ ਯੋਧਿਆਂ ਦੀ ਤਰ੍ਹਾਂ ਕੰਮ ਕਰ ਰਹੇ ਹਨ। ਕਈ ਥਾਵਾਂ 'ਤੇ ਲੋਕ ਇਹਨਾਂ 'ਤੇ ਫੁੱਲ ਬਰਸਾ ਰਹੇ ਹਨ ਤਾਂ ਕਈ ਥਾਵਾਂ 'ਤੇ ਡਾਕਟਰਾਂ ਲਈ ਤਾਲੀਆਂ ਵੱਜ ਰਹੀਆਂ ਹਨ।

ਦੁਬਈ ਵਿਚ ਇਕ ਭਾਰਤੀ ਡਾਕਟਰ ਉਸ ਸਮੇਂ ਹੈਰਾਨ ਅਤੇ ਭਾਵੁਕ ਹੋ ਗਈ, ਜਦੋਂ ਪੁਲਿਸ ਨੇ ਉਹਨਾਂ ਦੀ ਕਾਰ ਰੋਕ ਕੇ ਉਹਨਾਂ ਨੂੰ ਸਨਮਾਨ ਵਜੋਂ ਸਲਾਮੀ ਦਿੱਤੀ।
ਹੈਦਰਾਬਾਦ ਦੀ ਆਇਸ਼ਾ ਸੁਲਤਾਨਾ ਬੀਤੇ ਮੰਗਲਵਾਰ ਨੂੰ ਦੁਬਈ ਵਿਚ ਅਲ ਅਹਲੀ ਸਕਰੀਨਿੰਗ ਸੈਂਟਰ ਵਿਚ ਅਪਣੀ ਸ਼ਿਫਟ ਖਤਮ ਕਰਨ ਤੋਂ ਬਾਅਦ ਸ਼ਾਰਜਾਹ ਅਪਣੇ ਘਰ ਪਰਤ ਰਹੀ ਸੀ।

ਇਸ ਦੌਰਾਨ ਦੁਬਈ-ਸ਼ਾਰਜਾਹ ਰਾਜ ਮਾਰਗ 'ਤੇ ਅਲ ਪਲਾਜ਼ਾ ਕੋਲ ਪੁਲਿਸ ਨੇ ਉਹਨਾਂ ਦੀ ਕਾਰ ਨੂੰ ਰੋਕ ਲਿਆ। ਇਹ ਦੇਖ ਕੇ ਡਾਕਟਰ ਸੁਲਤਾਨਾ ਘਬਰਾ ਗਈ ਅਤੇ ਉਹਨਾਂ ਨੇ ਪੁਲਿਸ ਨੂੰ ਦਿਖਾਉਣ ਲਈ ਅਪਣੇ ਦਸਤਾਵੇਜ਼ ਕੱਢੇ ਪਰ ਪੁਲਿਸ ਨੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ।

ਉਹਨਾਂ ਨੇ ਡਾਕਟਰ ਨੂੰ ਸਲਾਮੀ ਦਿੱਤੀ ਤੇ ਕਿਹਾ ਕਿ ਤੁਸੀਂ ਜਾ ਸਕਦੇ ਹੋ। ਸੁਲਤਾਨਾ ਨੇ ਟਵੀਟ ਕਰ ਕੇ ਕਿਹਾ, 'ਇਕ ਡਾਕਟਰ ਨੂੰ ਮਿਲਣ ਵਾਲਾ ਇਹ ਸਭ ਤੋਂ ਵਧੀਆ ਇਨਾਮ ਹੈ। ਇਸ ਨੂੰ ਮੈਂ ਕਦੀ ਨਹੀਂ ਭੁੱਲ ਸਕਦੀ'। ਉਹਨਾਂ ਨੇ ਟਵਿਟਰ 'ਤੇ ਦੁਬਈ ਪੁਲਿਸ ਦਾ ਧੰਨਵਾਦ ਕੀਤਾ।