ਫਿਨਲੈਂਡ ਦੀ ਪ੍ਰਧਾਨ ਮੰਤਰੀ ਨੇ ਸਰਕਾਰੀ ਪੈਸੇ 'ਤੇ ਕੀਤਾ ਪਰਿਵਾਰ ਨਾਲ ਨਾਸ਼ਤਾ, ਪੁਲਿਸ ਕਰੇਗੀ ਜਾਂਚ
ਫਿਨਲੈਂਡ ਦੀ ਪ੍ਰਧਾਨ ਮੰਤਰੀ ਦੇ ਨਾਸ਼ਤੇ ਦਾ ਬਿੱਲ ਇਹਨੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ।
ਹੇਲਸਿੰਕੀ: ਫਿਨਲੈਂਡ ਦੀ ਪ੍ਰਧਾਨ ਮੰਤਰੀ ਦੇ ਨਾਸ਼ਤੇ ਦਾ ਬਿੱਲ ਇਹਨੀਂ ਦਿਨੀਂ ਕਾਫ਼ੀ ਚਰਚਾ ਵਿਚ ਹੈ। ਦਰਅਸਲ ਪ੍ਰਧਾਨ ਮੰਤਰੀ ’ਤੇ ਆਰੋਪ ਹੈ ਕਿ ਉਹਨਾਂ ਨੇ ਕਰਦਾਤਾਵਾਂ ਦੇ ਪੈਸੇ ਦੀ ਦੁਰਵਰਤੋਂ ਕਰਕੇ ਸਰਕਾਰੀ ਰਿਹਾਇਸ਼ ਵਿਚ ਪਰਿਵਾਰ ਨਾਲ ਨਾਸ਼ਤੇ ਉੱਤੇ ਕਾਫੀ ਪੈਸੇ ਖਰਚ ਕੀਤੇ ਹਨ। ਸਥਾਨਕ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰੇਗੀ।
ਮੀਡੀਆ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਸਨਾ ਮਾਰਿਨ ’ਤੇ ਦੋਸ਼ ਲਗਾਇਆ ਗਿਆ ਕਿ ਉਹ ਸਰਕਾਰੀ ਰਿਹਾਇਸ਼ ਕੇਸਰੰਤਾ ਵਿਚ ਰਹਿੰਦੇ ਹੋਏ ਅਪਣੇ ਪਰਿਵਾਰ ਦੇ ਨਾਸ਼ਤੇ ਲਈ ਪ੍ਰਤੀ ਮਹੀਨੇ ਲਗਭਗ 300 ਯੂਰੋ ($ 365) ਖਰਚ ਕਰ ਰਹੀ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਹਨਾਂ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀਆਂ ਨੂੰ ਵੀ ਇਸ ਦਾ ਫਾਇਦਾ ਮਿਲਿਆ ਹੈ।
ਮਾਰਿਨ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਦੇ ਤੌਰ ’ਤੇ ਮੈਂ ਇਹ ਲਾਭ ਨਹੀਂ ਮੰਗਿਆ ਹੈ ਅਤੇ ਨਾ ਹੀ ਇਸ ਸਬੰਧੀ ਫੈਸਲਾ ਲੈਣ ਵਿਚ ਮੈਂ ਸ਼ਾਮਲ ਸੀ’। ਕਾਨੂੰਨੀ ਮਾਹਰਾਂ ਨੇ ਸੁਝਾਅ ਦਿੱਤਾ ਕਿ ਪ੍ਰਧਾਨ ਮੰਤਰੀ ਦੇ ਸਵੇਰ ਦੇ ਨਾਸ਼ਤੇ ਲਈ ਕਰਦਾਤਾਵਾਂ ਦੇ ਪੈਸੇ ਦੀ ਵਰਤੋਂ ਕਰਨਾ ਅਸਲ ਵਿਚ ਫਿਨਿਸ਼ ਕਾਨੂੰਨ ਦਾ ਉਲੰਘਣ ਹੋ ਸਕਦਾ ਹੈ। ਸ਼ੁੱਕਰਵਾਰ ਨੂੰ ਪੁਲਿਸ ਨੇ ਇਸ ਮੁੱਦੇ ਦੀ ਜਾਂਚ ਕਰਨ ਦਾ ਐਲਾਨ ਕੀਤਾ ਹੈ।
ਪੁਲਿਸ ਨੇ ਇਕ ਬਿਆਨ ਵਿਚ ਕਿਹਾ, ‘ਪ੍ਰਧਾਨ ਮੰਤਰੀ ਨੇ ਨਾਸ਼ਤੇ ਉੱਤੇ ਖਰਚ ਕੀਤੇ ਪੈਸੇ ਸਰਕਾਰ ਤੋਂ ਲਏ ਹਨ। ਹਾਲਾਂਕਿ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੈ’। ਜਾਸੂਸ ਸੁਪਰਡੈਂਟ ਤੇਮੂ ਜੋਕਿਨਨ ਨੇ ਕਿਹਾ ਕਿ ਜਾਂਚ ਪ੍ਰਧਾਨ ਮੰਤਰੀ ਦਫ਼ਤਰ ਦੇ ਅੰਦਰ ਅਧਿਕਾਰੀਆਂ ਦੇ ਫੈਸਲਿਆਂ ‘ਤੇ ਕੇਂਦਰਤ ਹੋਵੇਗੀ। ਮਾਰਿਨ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਕਿਹਾ ਕਿ ਉਹ ਜਾਂਚ ਦਾ ਸਵਾਗਤ ਕਰਦੀ ਹੈ ਅਤੇ ਇਸ ’ਤੇ ਵਿਚਾਰ ਕੀਤੇ ਜਾਣ ਤੱਕ ਲਾਭ ਦਾ ਦਾਅਵਾ ਕਰਨਾ ਬੰਦ ਕਰ ਦੇਵੇਗੀ।