ਪਾਕਿਸਤਾਨ 'ਚ ਬਣੇਗੀ ਗਠਜੋੜ ਸਰਕਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀ ਆਮ ਚੋਣ 'ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੈਸ਼ਨਲ ਅਸੈਂਬਲੀ ਦੀ 270 'ਚੋਂ 116 ਸੀਟਾਂ ਜਿੱਤ...............

Imran Khan

ਇਸਲਾਮਾਬਾਦ : ਪਾਕਿਸਤਾਨ ਦੀ ਆਮ ਚੋਣ 'ਚ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੈਸ਼ਨਲ ਅਸੈਂਬਲੀ ਦੀ 270 'ਚੋਂ 116 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਇਮਰਾਨ ਖ਼ਾਨ ਇਕ ਸਮੇਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਨ ਅਤੇ ਹੁਣ ਪਾਕਿਸਤਾਨ ਦੀ ਰਾਜਨੀਤੀ ਦੇ 'ਕਪਤਾਨ' ਬਣਨ ਦੀ ਦਹਿਲੀਜ਼ 'ਤੇ ਖੜੇ ਹਨ। ਸਿਆਸੀ ਮਾਹਰਾਂ ਮੁਤਾਬਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬੈਠਣ ਲਈ ਦੋ-ਤਿੰਨ ਹਫ਼ਤੇ ਇੰਤਜਾਰ ਕਰਨਾ ਪੈ ਸਕਦਾ ਹੈ। ਇਸ ਦੌਰਾਨ ਇਮਰਾਨ ਖ਼ਾਨ ਦੀ ਸੱਭ ਤੋਂ ਵੱਡੀ ਪ੍ਰੀਖਿਆ ਸਮਰਥਨ ਟੈਸਟ (ਫ਼ਲੋਰ ਟੈਸਟ) ਦੀ ਹੋਵੇਗੀ।

ਜੇ ਉਹ ਇਸ 'ਚ ਪਾਸ ਹੋ ਗਏ ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਪ੍ਰਾਪਤ ਹੋਵੇਗਾ। ਇਸ ਦੇ ਲਈ ਉਨ੍ਹਾਂ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀ 342 ਸੀਟਾਂ 'ਚੋਂ 172 ਸੀਟਾਂ 'ਤੇ ਸਮਰਥਨ ਪ੍ਰਾਪਤ ਕਰਨਾ ਹੋਵੇਗਾ। ਫਿਲਹਾਲ ਉਨ੍ਹਾਂ ਦੀ ਪਾਰਟੀ ਨੇ 161 ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਣ ਦਾ ਦਾਅਵਾ ਕੀਤਾ ਹੈ, ਜਿਸ 'ਚ ਪੀ.ਟੀ.ਆਈ. ਦੇ 116, ਔਰਤਾਂ ਲਈ ਰਾਖਵੀਆਂ ਸੀਟਾਂ ਦੀ 26, ਮੁਤਾਹਿਦਾ ਮਜਲਿਸ-ਏ-ਅਮਲ (ਐਮ.ਐਮ.ਏ.) ਦੇ 15 ਅਤੇ 4 ਘੱਟਗਿਣਤੀ ਸੰਸਦ ਮੈਂਬਰ ਸ਼ਾਮਲ ਹਨ। ਜੇ ਇਮਰਾਨ ਖ਼ਾਨ ਸਦਨ 'ਚ ਸਮਰਥਨ ਪ੍ਰਾਪਤ ਨਹੀਂ ਕਰ ਸਕੇ ਤਾਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਦੀ ਦਾਅਵੇਦਾਰੀ ਰੱਦ ਹੋ ਸਕਦੀ ਹੈ।

ਇਸ ਮਗਰੋਂ ਪਾਰਟੀ ਦੂਜੇ ਨੇਤਾ ਦੇ ਨਾਂ ਦਾ ਪ੍ਰਸਤਾਵ ਰੱਖੇਗੀ। ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਮੁਤਾਹਿਦਾ ਮਜਲਿਸ-ਏ-ਅਮਲ (ਐਮ.ਐਮ.ਏ.) ਉਨ੍ਹਾਂ ਦੀ ਸਹਿਯੋਗੀ ਪਾਰਟੀ ਹੈ ਅਤੇ ਉਸ ਦੇ ਸੰਸਦ ਮੈਂਬਰ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ। ਪਰ ਖ਼ਬਰ ਹੈ ਕਿ ਐਮ.ਐਮ.ਏ. ਦੇ ਪ੍ਰਧਾਨ ਫ਼ਜਲੁਰ ਰਹਿਮਾਨ ਨੇ ਚੋਣ ਨਤੀਜਿਆਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਐਮ.ਐਮ.ਏ. ਨੇ ਚੋਣਾਂ 'ਚ ਗੜਬੜੀ ਦਾ ਦੋਸ਼ ਲਗਾਉਂਦਿਆਂ ਨਿਰਪੱਖ ਤਰੀਕੇ ਨਾਲ ਦੁਬਾਰਾ ਵੋਟਾਂ ਕਰਵਾਉਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਐਮ.ਐਮ.ਏ. ਨੇ 13 ਸੀਟਾਂ ਜਿੱਤੀਆਂ ਹਨ।

ਜ਼ਿਕਰਯੋਗ ਹੈ ਕਿ ਚੋਣ ਤੋਂ ਬਾਅਦ ਇਥੇ ਸਦਨ ਦੀ ਪ੍ਰਕਿਰਿਆ ਪੂਰੀ ਹੋਣ 'ਚ 15-20 ਦਿਨ ਲਗਦੇ ਹਨ। ਚੋਣ ਕਮਿਸ਼ਨ ਦੇ ਨਿਯਮ ਮੁਤਾਬਕ ਨੈਸ਼ਨਲ ਅਸੈਂਬਲੀ ਲਈ ਚੁਣੇ ਉਮੀਦਵਾਰਾਂ ਨੂੰ ਨਤੀਜਿਆਂ ਤੋਂ ਬਾਅਦ 10 ਦਿਨ 'ਚ ਚੋਣ ਖ਼ਰਚ ਦੀ ਜਾਣਕਾਰੀ ਦੇਣੀ ਪੈਂਦੀ ਹੈ, ਨਹੀਂ ਤਾਂ ਉਨ੍ਹਾਂ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਇਹ ਜਾਣਕਾਰੀ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਉਮੀਦਵਾਰਾਂ ਦੇ ਜਿੱਤਣ ਦੀ ਅਧਿਸੂਚਨਾ ਜਾਰੀ ਕਰਦਾ ਹੈ। ਇਥੇ ਆਜ਼ਾਦ ਜੇਤੂ ਉਮੀਦਵਾਰ ਨੂੰ ਕੋਈ ਸਿਆਸੀ ਪਾਰਟੀ ਚੁਣਨੀ ਪੈਂਦੀ ਹੈ। ਇਸ ਤੋਂ ਬਗੈਰ ਉਹ ਸੰਸਦ ਦੀਆਂ ਬੈਠਕਾਂ 'ਚ ਸ਼ਾਮਲ ਨਹੀਂ ਹੋ ਸਕਦੇ। ਕਿਸੇ ਵੀ ਪਾਰਟੀ 'ਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਤਿੰਨ ਦਿਨ ਦਾ ਸਮਾਂ ਦਿਤਾ ਜਾਂਦਾ ਹੈ। (ਪੀਟੀਆਈ)