WHO ਦੀ ਚਿਤਾਵਨੀ : ਕਰੌਨਾ ਨੂੰ ਮੌਸਮੀ ਬਿਮਾਰੀ ਸਮਝਣ ਦੀ ਨਾ ਕਰੋ ਭੁੱਲ, ਲੋੜੀਂਦੀ ਸਾਵਧਾਨੀ ਜ਼ਰੂਰੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕਰੋਨਾ ਵਾਇਰਸ ਨਾਲ ਨਜਿੱਠਣ 'ਚ ਅਣਗਹਿਲੀ ਨਾ ਵਰਤਣ ਦੀ ਸਲਾਹ

Margaret Harris

ਜਨੇਵਾ: ਕਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਨਵੀਂ ਚਿਤਾਵਨੀ ਜਾਰੀ ਕੀਤੀ ਹੈ। ਇਸ ਵਾਰ ਦੀ ਚਿਤਾਵਨੀ ਕਰੋਨਾ ਨੂੰ ਮੌਸਮੀ ਬਿਮਾਰੀ ਸਮਝਣ ਦੀ ਭੁੱਲ ਨਾ ਕਰਨ ਸਬੰਧੀ ਹੈ। ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗ਼ਲਤ ਫਹਿਮੀਆਂ ਫੈਲਾਈਆਂ ਜਾ ਰਹੀਆਂ ਹਨ, ਜੋ ਸਹੀ ਨਹੀਂ ਹਨ।

ਸੰਸਥਾ ਮੁਤਾਬਕ ਕਰੋਨਾ ਕੋਈ ਮੌਸਮੀ ਬਿਮਾਰੀ ਨਹੀਂ ਹੈ ਜੋ ਮੌਸਮ ਦੇ ਬਦਲਣ ਨਾਲ ਘੱਟ ਜਾਂ ਵੱਧ ਜਾਵੇਗੀ। ਵਿਸ਼ਵ ਸਿਹਤ ਸੰਗਠਨ ਦੇ ਬੁਲਾਰੇ ਮਾਰਗਰੇਟ ਹੈਰਿਸ ਨੇ ਇਕ ਵਰਚੂਅਲ ਬ੍ਰੀਫਿੰਗ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਇਕ ਵੱਡੀ ਲਹਿਰ ਹੈ। ਉਨ੍ਹਾਂ ਕਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਕਿਸੇ ਆਮ ਇਨਫਲੂਏਜਾ ਵਾਂਗ ਨਹੀਂ ਹੈ ਜੋ ਮੌਸਮ ਬਦਲਣ ਦੇ ਨਾਲ ਘੱਟ ਹੋ ਜਾਵੇਗਾ।

ਇਸੇ ਦੌਰਾਨ ਹਾਂਗਕਾਂਗ 'ਚ ਕਰੋਨਾ ਦੇ ਮੁੜ ਰਫ਼ਤਾਰ ਫੜਨ 'ਤੇ ਚਿੰਤਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਹ ਵਾਇਰਸ ਇਨਸਾਨਾਂ ਦੇ ਕੰਟਰੋਲ ਤੋਂ ਬਾਹਰ ਹੈ, ਹਾਲਾਂਕਿ ਅਸੀਂ ਇਕੱਠੇ ਮਿਲ ਕੇ ਇਸ ਨੂੰ ਫੈਲਣ ਤੋਂ ਕੁੱਝ ਹੱਦ ਤਕ ਰੋਕ ਜ਼ਰੂਰ ਸਕਦੇ ਹਾਂ। ਹੈਰਿਸ ਨੇ ਕਿਹਾ ਕਿ ਅਸੀਂ ਹੁਣ ਕੋਰੋਨਾ ਵਾਇਰਸ ਦੀ ਪਹਿਲੀ ਲਹਿਰ ਨਾਲ ਜੂਝ ਰਹੇ ਹਨ। ਇਹ ਇਕ ਵੱਡੀ ਲਹਿਰ ਬਣਨ ਵਾਲੀ ਹੈ ਜੋ ਉੱਪਰੋਂ ਹੇਠਾਂ ਜਾ ਰਹੀ ਹੈ ਪਰ ਸਭ ਤੋਂ ਚੰਗੀ ਗੱਲ ਇਹ ਹੈ ਕਿ ਅਸੀਂ ਇਸ ਕਰਵ ਨੂੰ ਫਲੈਟ ਕਰ ਸਕਦੇ ਹਾਂ।

ਅਮਰੀਕਾ 'ਚ ਗਰਮੀ ਮੌਸਮ ਦੌਰਾਨ ਵੀ ਕਰੋਨਾ ਦੇ ਵਧੇਰੇ ਮਾਮਲੇ ਸਾਹਮਣੇ ਆਉਣ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਜ਼ਿਆਦਾ ਚੌਕਸ ਤੇ ਸੁਰੱਖਿਆ ਦੇ ਨਿਯਮਾਂ ਦੀ ਇੰਨ-ਬਿਨ ਪਾਲਣਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਲੋਕਾਂ ਨੂੰ ਇਕੱਠਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਨਵਾਂ ਵਾਇਰਸ ਹੈ ਜੋ ਵੱਖ ਤਰ੍ਹਾਂ ਵਿਵਹਾਰ ਕਰ ਰਿਹਾ ਹੈ ਤੇ ਇਹ ਵਾਇਰਸ ਹਰ ਮੌਸਮ 'ਚ ਰਹਿਣ ਦੇ ਸਮਰੱਥ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਾਹ ਦੇ ਮਰੀਜ਼ਾਂ ਲਈ ਇਹ ਵਾਇਰਸ ਹੋਰ ਵੀ ਖ਼ਤਰਨਾਕ ਹੈ। ਇਸ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ। ਅਜਿਹੇ ਲੋਕਾਂ ਨੂੰ ਫਲੂ ਦੀ ਵੈਕਸੀਨ ਲਗਵਾਉਣ ਦੀ ਬੇਨਤੀ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਸਾਹ ਦੀ ਬਿਮਾਰੀ ਹੈ ਤਾਂ ਇਹ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਕਾਬਲੇਗੌਰ ਹੈ ਕਿ ਕਰੋਨਾ ਦੇ ਸ਼ੁਰੂਆਤੀ ਦੌਰ ਦੌਰਾਨ ਇਸ ਦੇ ਗਰਮੀਆਂ 'ਚ ਖ਼ਤਮ ਜਾਂ ਘੱਟ ਸਰਗਰਮ ਹੋਣ ਸਬੰਧੀ ਕਿਆਸ-ਅਰਾਈਆਂ ਵੀ ਸਾਹਮਣੇ ਆਈਆਂ ਸਨ। ਇਸ ਦੀ ਸ਼ੁਰੂਆਤ ਸਰਦੀਆਂ ਦੌਰਾਨ ਹੋਈ ਸੀ। ਇਸ ਲਈ ਜਿਹੜੇ ਦੇਸ਼ਾਂ ਅੰਦਰ ਸਖ਼ਤ ਗਰਮੀ ਪੈਂਦੀ ਹੈ, ਉਥੇ ਇਸ ਦੇ ਵਧੇਰੇ ਸਰਗਰਮ ਹੋਣ ਸਬੰਧੀ ਸ਼ੰਕੇ ਜਾਹਰ ਕੀਤੇ ਜਾ ਰਹੇ ਸਨ। ਪਰ ਹੁਣ ਜਦੋਂ ਗਰਮੀ ਭਰ ਜੋਬਨ 'ਤੇ ਹੈ, ਤਾਂ ਭਾਰਤ ਸਮੇਤ ਦੂਜੇ ਗਰਮ ਵਾਤਾਵਰਣ ਵਾਲੇ ਦੇਸ਼ਾਂ ਅੰਦਰ ਜਿਸ ਤਰ੍ਹਾਂ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਨੇ ਇਨ੍ਹਾਂ ਕਿਆਸ-ਅਰਾਈਆਂ 'ਤੇ ਵਿਰਾਮ ਲਗਾ ਦਿਤਾ ਹੈ। ਅਜਿਹੇ 'ਚ ਵਿਸ਼ਵ ਸਿਹਤ ਸੰਸਥਾ ਦੀ ਨਵੀਂ ਚਿਤਾਵਨੀ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।