ਮਹਾਰਾਸ਼ਟਰ ਵਿਚ ਮੁਸਲਮਾਨਾਂ ਨੂੰ ਡਰਨ ਦੀ ਨਹੀਂ ਹੈ ਲੋੜ : ਸ਼ਿਵਸੈਨਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਹਨ ਪ੍ਰਦਰਸ਼ਨ

Photo

ਮੁੰਬਈ : ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾ ਦੇ ਵਿਚਾਲੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵਸੈਨਾ ਮੁੱਖੀ ਉਧਵ ਠਾਕਰੇ ਨੇ ਨੇ ਕਿਹਾ ਹੈ ਕਿ ਸੂਬੇ ਵਿਚ ਕੋਈ ਨਜ਼ਰਬੰਦੀ ਕੇਂਦਰ (Detention Center) ਨਹੀਂ ਹੈ ਅਤੇ ਉਨ੍ਹਾਂ ਦੀ ਸਰਕਾਰ ਵਿਚ ਮੁਸਲਮਾਨਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਮੁੱਖ ਮੰਤਰੀ ਉਧਵ ਠਾਕਰੇ ਦੇ ਨਾਲ ਮੁਲਾਕਾਤ ਕਰਨ ਵਾਲੇ ਮੁਸਲਮਾਨ ਭਾਈਚਾਰੇ ਦੇ ਕੁੱਝ ਵਿਧਾਇਕਾਂ ਦੀ ਅਗਵਾਈ ਵਾਲੇ ਵਫ਼ਦ ਨੂੰ ਇਹ ਭਰੋਸਾ ਦਿੱਤਾ ਗਿਆ ਹੈ।

ਵਫ਼ਦ ਦਾ ਹਿੱਸਾ ਰਹੇ ਵਿਧਾਇਕ ਨਵਾਬ ਮਲਿਕ ਨੇ ਕਿਹਾ ਕਿ ਨਵੀਂ ਮੁੰਬਈ ਦੇ ਖਾਰਘਰ ਸਥਿਤ ਡਿਟੈਂਸ਼ਨ ਸੈਂਟਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਵਿਦੇਸ਼ੀ ਨਾਗਰਿਕਾ ਲਈ ਹੈ।ਮਲਿਕ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਉਧਵ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਵਿਕਾਸ ਅਗਾਦੀ ਸਰਕਾਰ ਦਾ ਹਿੱਸਾ ਹੈ।

ਮਲਿਕ  ਨੇ ਮੁੱਖ ਮੰਤਰੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਸਿਰਫ਼ 38 ਲੋਕ ਉੱਥੇ ਰੱਖੇ ਜਾ ਸਕਦੇ ਹਨ। ਇਹ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਆਪਣੇ ਮੂਲ ਦੇਸ਼ਾਂ ਨੂੰ ਹਵਾਲਗੀ ਤੋਂ ਪਹਿਲਾਂ ਵਿਦੇਸ਼ੀ ਨਾਗਰਿਕਾ ਲਈ ਹੈ। ਐਨਸੀਪੀ ਨੇਤਾ ਨੇ ਮੁੱਖੀ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਭੁਲੇਖਾ ਨਹੀਂ ਹੋਣਾ ਚਾਹੀਦਾ ਹੈ। ਮੇਰੀ ਸਰਕਾਰ ਕਿਸੀ ਵੀ ਧਰਮ ਜਾਂ ਭਾਈਚਾਰੇ ਦੇ ਨਾਗਿਰਕਾਂ ਦੇ ਅਧਿਕਾਰਾਂ ਨੂੰ ਨੁਕਸਾਨ ਨਹੀਂ ਪਹੁੰਚਣ ਦੇਵੇਗੀ। ਮੈ ਸੂਬੇ ਵਿਚ ਸ਼ਾਂਤੀ ਅਤੇ ਸਦਭਾਵਨਾ ਦੀ ਅਪੀਲ ਕਰਦਾ ਹਾਂ।

ਦੱਸ ਦਈਏ ਕਿ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦੇਸ਼ ਭਰ ਵਿਚ ਪ੍ਰਦਰਸ਼ਨ ਹੋ ਰਹੇ ਹਨ। ਦੇਸ਼ ਦੇ ਜਿਆਦਾਤਰ ਮੁਸਲਿਮ ਸੰਗਠਨ ਇਸ ਸੋੇਧ ਕੀਤੇ ਕਾਨੂੰਨ ਵਿਰੁੱਧ ਰੋਸ ਮੁਜ਼ਹਾਰੇ ਕਰ ਰਹੇ ਹਨ। ਵਿਰੋਧੀ ਪਾਰਟੀਆਂ ਵੀ ਇਸ ਨਾਗਰਿਕਤਾ ਸੋਧ ਕਾਨੂੰਨ ਨੂੰ ਦੇਸ਼ ਨੂੰ ਧਰਮ ਦੇ ਅਧਾਰ 'ਤੇ ਵੰਡਣ ਵਾਲਾ ਕਾਨੂੰਨ ਦੱਸ ਰਹੀਆਂ ਹਨ।