ਨਿਊਜ਼ੀਲੈਂਡ ਨੇ ਭਾਰਤ ਨਾਲ ਹੋਣ ਵਾਲੀ ਸੀਰੀਜ਼ ਲਈ ਨਵੇਂ ਗੇਂਦਬਾਜ਼ਾਂ ਦੀ ਕੀਤੀ ਚੋਣ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਿੰਨ ਮੁੱਖ ਗੇਂਦਬਾਜ਼ ਸੱਟਾਂ ਲੱਗਣ ਕਾਰਨ ਨਹੀਂ ਖੇਡ ਸਕਣਗੇ ਸੀਰੀਜ਼

file photo

ਵਲਿੰਗਟਨ : ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਹੈਮਿਲਟਨ ਵਿਖੇ 5 ਫ਼ਰਵਰੀ ਤੋਂ ਤਿੰਨ ਇਕ ਦਿਨਾ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਨਿਊਜ਼ੀਲੈਂਡ ਨੂੰ ਅਪਣੇ ਮੁੱਖ ਗੇਂਦਬਾਜ਼ਾਂ ਦੇ ਸੱਟਾਂ ਲੱਗਣ ਕਾਰਨ ਨਵੇਂ ਗੇਂਦਬਾਜ਼ਾਂ ਦੀ ਚੋਣ ਕਰਨੀ ਪੈ ਰਹੀ ਹੈ। ਇਸ ਸੀਰੀਜ਼  ਵਿਚ ਕਾਇਲ ਜਮੀਸਨ ਨੂੰ ਇਕ ਦਿਨਾ ਮੈਚ ਵਿਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ ਜਦੋਂ ਕਿ ਸਕਾਟ ਕੁਗੇਲਿਨ ਅਤੇ ਹਮੀਸ਼ ਬੇਨੇਟ ਲੰਬੇ ਸਮੇਂ ਬਾਅਦ ਟੀਮ 'ਚ ਵਾਪਸੀ ਕੀਤੀ ਹੈ। ਟ੍ਰੇਂਟ ਬੋਲਟ, ਲਾਕੀ ਫ਼ਰਗਸਨ ਅਤੇ ਮੈਟ ਹੈਨਰੀ ਵਰਗੇ ਮੁੱਖ ਗੇਂਦਬਾਜ਼ ਸੱਟ ਲੱਗਣ ਕਾਰਨ ਸੀਰੀਜ਼ ਵਿਚ ਨਹੀਂ ਖੇਡ ਰਹੇ।

ਨਿਊਜ਼ੀਲੈਂਡ ਦੀ ਟੀਮ ਨੂੰ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਤੋਂ ਵੱਡੀਆਂ ਉਮੀਦਾਂ ਹਨ ਜਦਕਿ ਕੋਲਿਨ ਡੀ ਗ੍ਰੈਂਡਹੋਮ ਨੂੰ ਆਖਰੀ ਦੋ ਟੀ-20 ਕੌਮਾਂਤਰੀ ਮੈਚਾਂ ਲਈ ਬਾਹਰ ਕਰਨ ਤੋਂ ਬਾਅਦ ਇਕ ਦਿਨਾ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਜਿੰਮੀ ਨੀਸ਼ਮ ਅਤੇ ਮਿਸ਼ੇਲ ਸੇਂਟਰ ਆਲਰਾਊਂਡਰ ਵਜੋਂ ਖੇਡਣਗੇ।
ਇਸ ਦੌਰਾਨ ਈਸ਼ ਸੋਢੀ ਨੂੰ ਸਿਰਫ਼ ਪਹਿਲੇ ਇਕ ਦਿਨਾ ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਉਸ ਨੂੰ ਭਾਰਤ –ਏ ਅਤੇ ਨਿਊਜ਼ੀਲੈਂਡ-ਏ ਵਿਚਾਲੇ ਕ੍ਰਿਸ਼ਚਰਚ ਵਿਚ 7 ਫ਼ਰਵਰੀ ਨੂੰ ਹੋਣ ਵਾਲੇ ਦੂਸਰੇ ਗ਼ੈਰ ਰਸਮੀ ਟੈਸਟ ਲਈ ਉਨ੍ਹਾਂ ਨੂੰ ਰਿਲੀਜ਼ ਕੀਤਾ ਜਾਵੇਗਾ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੇਡ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਆਉਣ ਵਾਲੀ ਲੜੀ ਵਿਚ ਮਿਲਣ ਵਾਲੀ ਚੁਣੌਤੀ ਤੋਂ ਜਾਣੂ ਹੈ ਅਤੇ ਉਨ੍ਹਾਂ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।

ਸਟੇਡ ਨੇ ਕਿਹਾ ਕਿ ''ਅਸੀ ਟੀ-20 ਸੀਰੀਜ਼ ਵਿਚ ਦੇਖਿਆ ਹੈ ਕਿ ਭਾਰਤੀ ਟੀਮ ਹਮੇਸ਼ਾ ਵਾਂਗੂ ਕਾਫ਼ੀ ਮਜ਼ਬੂਤ ਹੈ। ਸਾਡੀ ਗੇਂਦਬਾਜ਼ੀ ਅਟੈਕ 'ਚ ਨਵਾਂਪਣ ਹੈ, ਬੱਲੇਬਾਜ਼ੀ ਵੀ ਕਾਫ਼ੀ ਚੰਗੀ ਹੈ ਅਤੇ ਸਾਨੂੰ ਉਮੀਦ ਹੈ ਕਿ ਸਾਡੇ ਚੋਟੀ ਦੇ ਅੱਠ ਬੱਲੇਬਾਜ਼ ਵਧੀਆ ਪ੍ਰਦਰਸ਼ਨ ਕਰਨਗੇ।'' ਵਿਸ਼ਵ ਕੱਪ-2019 ਦੇ ਫਾਈਨਲ ਵਿਚ ਇੰਗਲੈਂਡ ਖ਼ਿਲਾਫ਼ ਖ਼ਿਤਾਬ ਗੁਆਉਣ ਤੋਂ ਬਾਅਦ ਇਹ ਨਿਊਜ਼ੀਲੈਂਡ ਦੀ ਪਹਿਲੀ ਇਕ ਦਿਨਾ ਸੀਰੀਜ਼ ਹੈ।

ਭਾਰਤ ਵਿਰੁਧ ਮੌਜੂਦਾ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿਚ ਨਿਊਜ਼ੀਲੈਂਡ 0-3 ਤੋਂ ਪਿਛੇ ਹੈ। ਇਕ ਦਿਨਾ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੀਮ ਵਿਚ ਕੇਨ ਵਿਲੀਅਮਸਨ (ਕੈਪਟਨ), ਹਮੀਸ਼ ਬੇਨੇਟ, ਟੌਮ ਬਲਨਡੇਲ,  ਕੋਲਿਨ ਡੀ ਗ੍ਰੈਂਡਹੋਲਮ, ਮਾਰਟਿਨ ਗੁਪਟਿਲ, ਕਾਈਲ ਜੇਮਸਨ, ਸਕਾਟ ਕੁਗੇਲਿਨ, ਟਾਮ ਲਾਥਮ, ਜਿੰਮੀ ਨੀਸ਼ਮ, ਹੈਨਰੀ ਨਿਕੋਲਸ, ਮਿਸ਼ੇਲ ਸੰਤਨਰ, ਈਸ਼ ਸੋਢੀ (ਪਹਿਲਾ ਇਕ ਦਿਨਾ ਮੈਚ), ਟਿਮ ਸਾਊਥੀ ਅਤੇ ਰੋਸ ਟੇਲਰ ਨੂੰ ਸ਼ਾਮਲ ਕੀਤਾ ਗਿਆ ਹੈ।