ਇਰਾਨ ਦੇ 31 'ਚੋਂ 25 ਸੂਬੇ ਹੜ੍ਹ ਦੀ ਲਪੇਟ 'ਚ ਆਏ
ਬਚਾਅ ਕਾਰਜਾਂ ਦੌਰਾਨ ਮੌਤਾਂ ਦੀ ਗਿਣਤੀ 44 ਹੋਈ, 43 ਹਜ਼ਾਰ ਲੋਕਾਂ ਨੂੰ ਬਚਾਇਆ ਗਿਆ
ਇਰਾਨ- ਇਰਾਨ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਦਿਨੀਂ ਅਚਾਨਕ ਆਏ ਹੜ੍ਹ ਕਾਰਨ ਮੌਤਾਂ ਦੀ ਗਿਣਤੀ ਵਧ ਕੇ ਹੁਣ 44 ਹੋ ਗਈ ਹੈ, ਜਦਕਿ 100 ਤੋਂ ਜ਼ਿਆਦਾ ਲੋਕ ਇਸ ਹੜ੍ਹ ਦੌਰਾਨ ਜ਼ਖ਼ਮੀ ਹੋ ਗਏ ਦੱਸੇ ਜਾ ਰਹੇ ਹਨ। ਭਿਆਨਕ ਹੜ੍ਹ ਦਾ ਪਾਣੀ ਕਾਰਾਂ ਅਤੇ ਹੋਰ ਵਾਹਨਾਂ ਨੂੰ ਖਿਡੌਣਿਆਂ ਦੀ ਤਰ੍ਹਾਂ ਵਹਾਅ ਕੇ ਲੈ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਅਤੇ ਢਿੱਗਾਂ ਡਿਗਣ ਨਾਲ ਸੈਂਕੜੇ ਲੋਕ ਜ਼ਖ਼ਮੀ ਹੋ ਗਏ ਜਦਕਿ ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ, ਹੜ੍ਹ ਨਾਲ ਖੇਤੀ ਖੇਤਰ ਵਿਚ ਅਰਬਾਂ ਡਾਲਰ ਦਾ ਨੁਕਸਾਨ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ,
ਕਿਉਂਕਿ ਕੁੱਝ ਇਲਾਕੇ ਹੜ੍ਹ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ। ਦੇਸ਼ ਵਿਚ ਕਈ ਸੜਕਾਂ ਅਤੇ ਇਮਾਰਤਾਂ ਹੜ੍ਹ ਵਿਚ ਵਹਿ ਗਈਆਂ। ਇਰਾਨੀ ਰੈੱਡ ਕ੍ਰਿਸੇਂਟ ਅਨੁਸਾਰ 43 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹੜ੍ਹ ਤੋਂ ਬਚਾਇਆ ਗਿਆ ਹੈ ਅਤੇ 27 ਹਜ਼ਾਰ ਦੇ ਕਰੀਬ ਲੋਕਾਂ ਨੂੰ ਐਮਰਜੈਂਸੀ ਕੇਂਦਰਾਂ ਵਿਚ ਸ਼ਰਨ ਦਿਤੀ ਗਈ ਹੈ। ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਅਨੁਸਾਰ ਦੇਸ਼ ਦੇ 31 ਵਿਚੋਂ ਘੱਟੋ ਘੱਟ 25 ਸੂਬੇ ਭਿਆਨਕ ਹੜ੍ਹ ਕਾਰਨ ਪ੍ਰਭਾਵਤ ਹੋਏ ਹਨ। ਇਸ ਲਈ ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਹੋਇਆ ਹੈ, ਕਿਉਂਕਿ ਦੇਸ਼ ਦੇ ਵੱਖ-ਵੱਖ ਖੇਤਰਾਂ ਵਿਚ ਹਾਲੇ ਵੀ ਹੜ੍ਹ ਆ ਰਿਹਾ ਹੈ।