ਅਤਿਵਾਦ ਦੇ ਖਾਤਮੇ ਲਈ ਯੂਐਨ ਅਤੇ ਐਸਸੀਓ ਵਿਚ ਸਹਿਯੋਗ ਦੀ ਲੋੜ : ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤੰਮਾਯਾ ਲਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੁਦਾਇ ਸਿਰਫ ਆਪਸੀ ਸਹੋਯਗ ਨਾਲ ਹੀ ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਤਬਾਹ ਕਰ ਸਕਦਾ ਹੈ।

Tanmaya Lal

ਸੰਯੁਕਤ ਰਾਸ਼ਟਰ, ( ਭਾਸ਼ਾ ) :  ਭਾਰਤ ਨੇ ਕਿਹਾ ਹੈ ਕਿ ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੈਟਵਰਕਾਂ ਦੇ ਪੂਰਨ ਤੌਰ 'ਤੇ ਖਾਤਮੇ ਲਈ ਸੰਯੁਕਤ ਰਾਸ਼ਟਰ ਅਤੇ ਸ਼ੰਘਾਈ ਸਹਿਯੋਗ ਸੰਗਠਨ( ਐਸਸੀਓ) ਵਿਚਕਾਰ ਵੱਡੇ ਪੱਧਰ 'ਤੇ ਸਹਿਯੋਗ ਦੀ ਜ਼ਰੂਰਤ ਹੈ। ਅਤਿਵਾਦੀਆਂ ਨੂੰ ਪਨਾਹ ਦੇਣ ਵਾਲਿਆਂ ਵਿਰੁਧ ਸਖ਼ਤ ਕਦਮ ਚੁੱਕੇ ਜਾਣ ਦੀ ਲੋੜ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਉਪ ਸਥਾਈ ਨੁਮਾਇੰਦੇ ਤੰਮਾਯਾ ਲਾਲ ਨੇ ਕਿਹਾ ਕਿ ਯੂਐਨਏ ਅਤੇ ਐਸਸੀਓ ਵਿਚਕਾਰ ਸਹਿਯੋਗ ਦਾ ਸਾਕਾਰਾਤਮਕ ਅਸਰ ਆਵਾਜਾਈ ,ਖੇਤਰੀ ਸੁਰੱਖਿਆ,

ਆਰਥਿਕ ਸਹਿਯੋਗ, ਉਰਜਾ ਸਪੰਰਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਵੀ ਪਵੇਗਾ। ਯੂਐਨ ਅਤੇ ਐਸਸੀਓ 'ਤੇ ਇਕ ਬੈਠਕ ਦੌਰਾਨ ਉਨ੍ਹਾਂ ਕਿਹਾ ਕਿ ਅਤਿਵਾਦ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਲੜਾਈ ਸੰਯੁਕਤ ਰਾਸ਼ਟਰ ਅਤੇ ਸ਼ੰਘਾਈ ਸਹਿਯੋਗ ਸੰਗਠਨ ਵਿਚਕਾਰ ਸਹਿਯੋਗ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ। ਤੰਮਾਯਾ ਲਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਮੁਦਾਇ ਸਿਰਫ ਆਪਸੀ ਸਹੋਯਗ ਨਾਲ ਹੀ ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਤਬਾਹ ਕਰ ਸਕਦਾ ਹੈ। ਉਨ੍ਹਾਂ ਦੀ ਪਛਾਣ ਕਰ ਸਕਦਾ ਹੈ ਅਤੇ ਜਵਾਬਦੇਹ ਠਹਿਰਾ ਸਕਦਾ ਹੈ।

ਇਹੋ ਨਹੀਂ,ਉਨ੍ਹਾਂ ਵਿਰੁਧ ਸਖ਼ਤ ਕਦਮ ਚੁੱਕ ਸਕਦਾ ਹੈ ਜੋ ਅਤਿਵਾਦ ਨੂੰ ਫੈਲਾਉਂਦੇ ਹਨ, ਉਨ੍ਹਾਂ ਦਾ ਸਮਰਥਨ ਕਰਦੇ ਹਨ ਅਤੇ ਉਸ ਨੂੰ ਪੈਸਾ ਪ੍ਰਦਾਨ ਕਰਦੇ ਹਨ, ਨਾਲ ਹੀ ਅਤਿਵਾਦ ਨੂੰ ਸੁਰੱਖਿਤ ਪਨਾਹ ਵੀ ਦਿੰਦੇ ਹਨ। ਚੀਨ ਦੇ ਸ਼ਹਿਰ ਸ਼ੰਘਾਈ ਵਿਚ ਸਾਲ 2001 ਵਿਚ ਐਸਸੀਓ ਦੀ ਸਥਾਪਨਾ ਕੀਤੀ ਗਈ ਸੀ। ਇਸ ਸੰਗਠਨ ਦੇ ਸੰਸਥਾਪਕ ਮੈਂਬਰ ਚੀਨ, ਰੂਸ, ਕਿਰਗਿਸਤਾਨ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਹਨ। ਭਾਰਤ 2017 ਵਿਚ ਐਸਸੀਓ ਦਾ ਪੂਰਨ ਮੈਂਬਰ ਬਣਿਆ ਸੀ।