ਨਾਭਾ ਜੇਲ੍ਹ ਬ੍ਰੇਕ ਦੋਸ਼ੀ ਰੋਮੀ 300 ਮਿਲੀਅਨ ਡਾਲਰ ਲੁੱਟ ਦੇ ਮਾਮਲੇ ‘ਚ ਹਾਂਗਕਾਂਗ ਅਦਾਲਤ ਵਲੋਂ ਬਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ 300 ਮਿਲੀਅਨ ਡਾਲਰ ਦੀ ਲੁੱਟ ਦੇ ਮਾਮਲੇ ਵਿਚ ਹਾਂਗਕਾਂਗ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ

HK theft: Nabha jailbreak plotter Romi acquitted

ਦਿੱਲੀ, ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਰਮਨਜੀਤ ਸਿੰਘ ਰੋਮੀ ਨੂੰ 300 ਮਿਲੀਅਨ ਡਾਲਰ ਦੀ ਲੁੱਟ ਦੇ ਮਾਮਲੇ ਵਿਚ ਹਾਂਗਕਾਂਗ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਕੇਸ ਦੇ ਵਿਚੋਂ ਬਰੀ ਹੋਣ ਦੇ ਫੈਸਲੇ ਤੋਂ ਬਾਅਦ ਹੁਣ ਹਾਂਗਕਾਂਗ ਵਿਚ ਰੋਮੀ ਦੇ ਖਿਲਾਫ ਕੋਈ ਵੀ ਕੇਸ ਬਾਕੀ ਨਹੀਂ ਰਹਿ ਜਾਂਦਾ, ਜਿਸ ਦੇ ਚਲਦਿਆਂ ਰੋਮੀ ਦੀ ਭਾਰਤ ਵਿਚ ਹਵਾਲਗੀ ਦਾ ਰਾਹ ਪੱਧਰਾ ਹੋ ਗਿਆ ਹੈ। ਦੱਸ ਦਈਏ ਕਿ ਜਸਟਿਸ ਵਿਭਾਗ ਕੋਲ ਹਵਾਲਗੀ ਦਾ ਕੇਸ ਫਿਲਹਾਲ ਪੈਂਡਿੰਗ ਚਲ ਰਿਹਾ ਹੈ, ਜਿਸ ਦੀ ਸੁਣਵਾਈ 13 ਸਤੰਬਰ ਨੂੰ ਹੋਵੇਗੀ।

 ਨਵੰਬਰ 2016 ਵਿਚ ਨਾਭਾ ਦੀ ਸਭ ਤੋਂ ਵੱਧ ਸੁਰੱਖਿਅਤ ਜੇਲ੍ਹ ਬ੍ਰੇਕ ਦੇ ਮੁਖੀ ਦੋਸ਼ੀ ਅਤੇ ਮਾਸਟਰ ਮਾਈਂਡ ਰਮਨਜੀਤ ਰੋਮੀ ਪੰਜਾਬ ਪੁਲਿਸ ਨੂੰ ਵੱਖ ਵੱਖ ਕੇਸਾਂ ਵਿਚ ਲੋੜੀਂਦਾ ਹੈ। ਹਾਂਗਕਾਂਗ ਦੀ ਇਕ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ 300 ਮਿਲੀਅਨ ਡਾਲਰ ਦੇ ਮੁੱਲ ਦੀਆਂ ਚੋਰੀ ਹੋਈਆਂ ਚੀਜ਼ਾਂ ਦਾ ਸੌਦਾ ਕਰਨ ਲਈ ਉਸ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿਚ ਬਰੀ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ, 26 ਜੂਨ ਨੂੰ 450 ਮਿਲੀਅਨ ਜਪਾਨੀ ਯੇਨ (4.04 ਮਿਲੀਅਨ ਅਮਰੀਕੀ ਡਾਲਰ) ਕੇਸ ਵਿਚ ਰੋਮੀ ਵਿਰੁੱਧ ਦੋਸ਼ ਹਟਾਏ ਗਏ ਸਨ। ਦੱਸ ਦਈਏ ਕਿ ਭਾਰਤ ਵੱਲੋਂ ਹਾਂਗਕਾਂਗ ਸਰਕਾਰ ਤੋਂ ਰੋਮੀ ਦੀ ਸਪੁਰਦਗੀ ਮੰਗੀ ਜਾ ਚੁੱਕੀ ਹੈ। ਜਿਸ ਉੱਤੇ ਹਾਂਗਕਾਂਗ ਸਰਕਾਰ ਦਾ ਫੈਸਲਾ ਆਉਣਾ ਹਲੇ ਬਾਕੀ ਹੈ।