ਗ਼ਦਰੀ ਲਹਿਰ ਦੇ ਯੋਧਿਆਂ ਨੂੰ ਕੈਨੇਡਾ ਦੀ ਧਰਤੀ 'ਤੇ ਕਿਵੇਂ ਦਿਵਾਇਆ ਗਿਆ ਸ਼ਹੀਦ ਦਾ ਦਰਜਾ? 

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ

ਪੰਜਾਬੀਆਂ ਵਲੋਂ ਵਿੱਢੇ ਸੰਘਰਸ਼ ਸਦਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗੀ ਸੀ ਮੁਆਫ਼ੀ

How the warriors of the Ghadri movement were given the status of martyr on the land of Canada?

ਗ਼ਦਰੀ ਬਾਬਿਆਂ ਦੀ ਯਾਦ ਵਿਚ ਹੁਣ ਹਰ ਸਾਲ ਲਗਦਾ ਹੈ ਕੈਨੇਡਾ ਵਿਚ ਮੇਲਾ 
ਬੱਚਿਆਂ ਨੂੰ ਸਕੂਲੀ ਪੱਧਰ 'ਤੇ ਸ਼ਹੀਦਾਂ ਅਤੇ ਇਤਿਹਾਸ ਬਾਰੇ ਪੜ੍ਹਾਇਆ ਜਾਵੇ : ਸਾਹਿਬ ਥਿੰਦ 
ਕਿਹਾ, ਜਲ੍ਹਿਆਂਵਾਲਾ ਬਾਗ਼ ਦੇ ਜ਼ਿੰਮੇਵਾਰਾਂ ਤੋਂ ਮੁਆਫ਼ੀ ਮੰਗਵਾਉਣ ਲਈ ਲੰਡਨ ਤਕ ਕੀਤੀ ਗਈ ਪਹੁੰਚ

ਮੋਹਾਲੀ (ਕੋਮਲਜੀਤ ਕੌਰ, ਹਰਜੀਤ ਕੌਰ): ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਦਾ ਸਫ਼ਰ 1914 ਵਿਚ ਵਾਪਰਿਆ ਇਕ ਅਜਿਹਾ ਦੁਖਾਂਤ ਸੀ, ਜੋ ਕੈਨੇਡਾ ਜਾ ਕੇ ਵਸਣ ਦੀ ਭਾਰਤੀਆਂ ਦੀ ਇੱਛਾ ਨਾਲ ਸ਼ੁਰੂ ਹੋਇਆ ਅਤੇ ਇਸ ਦਾ ਅੰਤ ਘਿਨਾਉਣੇ ਕਤਲੇਆਮ ਨਾਲ ਹੋਇਆ। ਕੌਣ ਸਨ ਉਹ ਗ਼ਦਰੀ ਬਾਬੇ ਅਤੇ ਉਹ ਸ਼ਹੀਦ ਜਿਨ੍ਹਾਂ ਨੇ ਆਜ਼ਾਦੀ ਦੇ ਸੰਗਰਾਮ ਅਤੇ ਅਪਣੇ ਹੱਕਾਂ ਦੀ ਲੜਾਈ ਲਈ ਵੱਡਾ ਯੋਗਦਾਨ ਪਾਇਆ। ਕਾਮਾਗਾਟਾ ਮਾਰੂ ਦੇ ਇਸ ਦੁਖਾਂਤ ਲਈ ਕੈਨੇਡਾ ਸਰਕਾਰ ਨੇ ਕਰੀਬ 102 ਸਾਲ ਬਾਅਦ ਮੁਆਫ਼ੀ ਵੀ ਮੰਗੀ। ਕਰੀਬ 20 ਸਾਲ ਹੋ ਚੁੱਕੇ ਹਨ ਕਿ ਕੈਨੇਡਾ ਵਿਚ ਅੱਜ ਵੀ ਉਨ੍ਹਾਂ ਗ਼ਦਰੀ ਬਾਬਿਆਂ ਦੇ ਨਾਂਅ 'ਤੇ ਮੇਲੇ ਵੀ ਲਗਦੇ ਹਨ। ਰੋਜ਼ਾਨਾ ਸਪੋਕਸਮੈਨ ਵਲੋਂ ਗ਼ਦਰੀ ਬਾਬਿਆਂ ਦੀ ਇਸ ਲਹਿਰ 'ਤੇ ਪਹਿਰਾ ਦੇਣ ਵਾਲੇ ਅਤੇ ਅਪਣੇ ਸ਼ਹੀਦਾਂ ਨੂੰ ਕੈਨੇਡਾ ਦੀ ਧਰਤੀ 'ਤੇ ਉੱਚ ਦਰਜੇ ਦਿਵਾਉਣ ਵਾਲੇ ਸਾਹਿਬ ਥਿੰਦ ਨਾਲ ਵਿਸ਼ੇਸ਼ ਗਲਬਾਤ ਕੀਤੀ ਗਈ। ਉਨ੍ਹਾਂ ਦਸਿਆ ਕਿ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫ਼ਾਊਂਡੇਸ਼ਨ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ।

ਸਾਹਿਬ ਥਿੰਦ ਹੁਰਾਂ ਨੇ ਦਸਿਆ ਕਿ ਉਨ੍ਹਾਂ ਨੂੰ ਕੈਨੇਡਾ ਆਏ ਕਰੀਬ 40 ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਅਪਣੇ ਇਤਿਹਾਸ ਨੂੰ ਸਾਂਭਿਆ ਜਾਵੇ। ਉਨ੍ਹਾਂ ਕਿਹਾ ਕਿ ਮੇਰੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸਾਡੇ ਸ਼ਹੀਦਾਂ ਦਾ ਮੈਂ ਜਾਤੀ ਤੌਰ 'ਤੇ ਅਹਿਸਾਨਮੰਦ ਹਾਂ ਅਤੇ ਅਪਣੇ ਪੱਧਰ 'ਤੇ ਜਿੰਨਾ ਵੀ ਹੋ ਸਕੇ ਉਹ ਕਰਜ਼ਾ ਮੋੜਨਾ ਚਾਹੁੰਦਾ ਹਾਂ। ਸਾਹਿਬ ਥਿੰਦ ਅਨੁਸਾਰ ਤਿੰਨ ਦਹਾਕਿਆਂ ਤਕ ਚਲਾਏ ਇਸ ਸੰਘਰਸ਼ ਮਗਰੋਂ ਉਨ੍ਹਾਂ ਨੂੰ ਸਫ਼ਲਤਾ ਹਾਸਲ ਹੋਈ। ਉਨ੍ਹਾਂ ਦਸਿਆ ਕਿ ਉਸ ਸਮੇਂ ਦੀ ਸਰਕਾਰ ਦੀ ਇਹ ਕੋਸ਼ਿਸ਼ ਸੀ ਕਿ ਕੈਨੇਡਾ ਸਿਰਫ਼ ਗੋਰਿਆਂ ਦਾ ਮੁਲਕ ਰਹੇ ਜਿਸ ਕਾਰਨ ਉਨ੍ਹਾਂ ਨੇ ਪ੍ਰਵਾਸ ਰੋਕਣ ਲਈ ਵੱਖ-ਵੱਖ ਭਾਈਚਾਰਿਆਂ ਲਈ ਕਾਨੂੰਨ ਬਣਾਏ ਸਨ। ਸਮੇਂ ਦੀ ਸਰਕਾਰ ਵਲੋਂ ਬਣਾਏ ਇਹ ਕਾਨੂੰਨ ਨਸਲੀ ਕਾਨੂੰਨ ਸਨ।

ਕੈਨੇਡਾ ਦੀ ਧਰਤੀ 'ਤੇ ਹਰ ਸਾਲ ਮਨਾਇਆ ਜਾਣ ਵਾਲਾ ਮੇਲਾ ਵੀ ਉਨ੍ਹਾਂ ਗਦਰੀ ਬਾਬਿਆਂ ਨੂੰ ਸਮਰਪਤ ਹੁੰਦਾ ਹੈ ਜਿਨ੍ਹਾਂ ਦੀ ਕੋਸ਼ਿਸ਼ ਅਤੇ ਬਲੀਦਾਨ ਸਦਕਾ ਭਾਰਤੀਆਂ ਦਾ ਵਿਦੇਸ਼ ਵਿਚ ਜਾਣ ਅਤੇ ਰਹਿਣ ਦਾ ਸੁਪਨਾ ਪੂਰਾ ਹੋ ਸਕਿਆ ਹੈ। ਸਾਹਿਬ ਥਿੰਦ ਨੇ ਦਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਇਕ ਗਦਰੀ ਬਾਬੇ ਨੂੰ ਮੇਲਾ ਸਮਰਪਤ ਕੀਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਬਾਰੇ ਇਤਿਹਾਸ ਪੜ੍ਹਾਇਆ ਜਾਂਦਾ ਹੈ।

ਗਦਰੀ ਬਾਬਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਾਹਿਬ ਥਿੰਦ ਨੇ ਦਸਿਆ ਕਿ ਭਾਰਤ ਵਿਚ ਆਰਥਕ ਹਾਲਤ ਬਹੁਤੇ ਚੰਗੇ ਨਾਂ ਹੋਣ ਕਾਰਨ ਸਾਡੇ ਬਜ਼ੁਰਗ ਉਥੇ ਗਏ ਸਨ ਪਰ ਉਥੇ ਵੀ ਆਪਣਿਆਂ ਨਾਲ ਹੁੰਦਾ ਗੁਲਾਮਾਂ ਵਾਲਾ ਵਿਹਾਰ ਦੇਖ ਕੇ ਉਨ੍ਹਾਂ ਨੇ ਲਾਮਬੰਦ ਹੋਣ ਦੀ ਜ਼ਰੂਰਤ ਮਹਿਸੂਸ ਕੀਤੀ। 1913 ਵਿਚ ਬਣੀ ਗ਼ਦਰ ਪਾਰਟੀ ਦਾ ਇਤਿਹਾਸ ਬਹੁਤ ਹੀ ਸ਼ਾਨਾਮੱਤਾ ਹੈ। ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਬੰਤਾ ਸਿੰਘ ਸੰਘਵਾਲ, ਲਾਲਾ ਹਰਦਿਆਲ ਸਮੇਤ ਬਹੁਤ ਸਾਰੇ ਦੇਸ਼ ਭਗਤਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹਥਿਆਰਬੰਦ ਸੰਘਰਸ਼ ਲਾਮਬੰਦ ਕੀਤਾ।

ਸਾਹਿਬ ਥਿੰਦ ਨੇ ਦਸਿਆ ਕਿ ਕੈਨੇਡਾ ਦੀ ਧਰਤੀ 'ਤੇ ਪਹਿਲਾਂ ਤੋਂ ਹੀ ਗ਼ਦਰੀ ਬਾਬਿਆਂ ਦੀ ਯਾਦ ਵਿਚ ਸਮਾਗਮ ਕਰਵਾਏ ਜਾਂਦੇ ਸਨ ਪਰ 1992 ਤੋਂ ਇਹ ਸਮਾਗਮ ਵੱਡੇ ਪੱਧਰ 'ਤੇ ਹੁੰਦੇ ਹਨ ਜਿਸ ਵਿਚ ਪੰਜਾਬੀ ਸਮਝਣ ਵਾਲੇ ਅਤੇ ਪੰਜਾਬੀ ਭਾਈਚਾਰੇ ਦੇ ਕਰੀਬ 40-50 ਹਜ਼ਾਰ ਲੋਕ ਸ਼ਿਰਕਤ ਕਰਦੇ ਹਨ। ਅਪਣੇ ਸੰਘਰਸ਼ ਦੀ ਸਫ਼ਲਤਾ ਬਾਰੇ ਗੱਲ ਕਰਦਿਆਂ ਥਿੰਦ ਨੇ ਦਸਿਆ ਕਿ ਕੈਨੇਡਾ ਸਰਕਾਰ ਵਲੋਂ ਬਣਾਏ ਨਸਲੀ ਕਾਨੂੰਨ ਦੇ ਵਿਰੋਧ ਵਿਚ ਸਾਡੇ ਬਜ਼ੁਰਗਾਂ ਨੇ ਹਾਂਗਕਾਂਗ ਤੋਂ ਜਹਾਜ਼ ਦਾ ਸਫ਼ਰ ਸ਼ੁਰੂ ਕੀਤਾ ਜੋ 2 ਮਈ 1914 ਨੂੰ ਉਥੇ ਪਹੁੰਚਿਆ। ਇਸ ਤੋਂ ਬਾਅਦ 2 ਜੁਲਾਈ ਨੂੰ ਬਗ਼ੈਰ ਕਿਸੇ ਦਲੀਲ ਅਪੀਲ ਦੇ ਉਹ ਮੁਸਾਫ਼ਰਾਂ ਨਾਲ ਭਰਿਆ ਜਹਾਜ਼ ਵਾਪਸ ਭੇਜ ਦਿਤਾ ਗਿਆ। ਇਥੋਂ ਤਕ ਕਿ ਮੁਸਾਫ਼ਰਾਂ ਨੂੰ ਕਿਸੇ ਵਕੀਲ ਨੂੰ ਵੀ ਨਹੀਂ ਮਿਲਣ ਦਿਤਾ ਗਿਆ। ਬਦਕਿਸਮਤੀ ਇਹ ਰਹੀ ਕਿ ਜਦੋਂ ਜਹਾਜ਼ ਕਲਕੱਤੇ ਪਹੁੰਚਿਆ ਤਾਂ ਉਨ੍ਹਾਂ ਨੂੰ ਗੋਲੀਆਂ ਨਾਲ ਭੁੰਨ ਦਿਤਾ ਗਿਆ ਜਿਸ 'ਚ 20 ਦੇ ਕਰੀਬ ਯਾਤਰੀ ਸ਼ਹੀਦ ਹੋ ਗਏ।

ਉਨ੍ਹਾਂ ਕਿਹਾ ਕਿ ਕੈਨੇਡਾ ਦੀ ਤਤਕਾਲੀ ਸਰਕਾਰ ਵਲੋਂ ਜਹਾਜ਼ ਵਾਪਸ ਭੇਜਿਆ ਗਿਆ ਜਿਸ ਕਾਰਨ ਇਹ ਦੁਖਾਂਤ ਵਾਪਰਿਆ। ਇਹ ਸਾਡੇ ਇਤਿਹਾਸ 'ਤੇ ਬਹੁਤ ਵੱਡਾ ਧੱਬਾ ਸੀ ਜਿਸ ਲਈ ਅਸੀਂ 20 ਸਾਲ ਸੰਘਰਸ਼ ਕੀਤਾ। ਸਾਹਿਬ ਥਿੰਦ ਨੇ ਦਸਿਆ ਕਿ ਉਹ ਹਰ ਸਾਲ ਮੇਲੇ ਦੌਰਾਨ ਦਸਤਖ਼ਤ ਮੁਹਿੰਮਾਂ ਵੀ ਚਲਾਉਂਦੇ ਜਿਨ੍ਹਾਂ ਨੂੰ ਸਥਾਨਕ ਪਾਰਲੀਮੈਂਟ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਵਿਚ ਵੀ ਭੇਜਿਆ ਜਾਂਦਾ। ਉਨ੍ਹਾਂ ਦਸਿਆ ਕਿ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵਲੋਂ ਵੀ ਮੁਆਫ਼ੀ ਮੰਗੀ ਗਈ ਸੀ ਜਿਸ ਨੂੰ ਅਸੀਂ ਸਵੀਕਾਰ ਨਹੀਂ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਕਾਨੂੰਨ ਪਾਰਲੀਮੈਂਟ ਵਿਚ ਬਣਦਾ ਹੈ ਤਾਂ ਉਸ ਵਿਚ ਸੋਧ ਜਾਣ ਉਸ ਦਾ ਪਾਰਲੀਮੈਂਟ ਵਿਚ ਹੀ ਪਾਲ ਹੋਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ:  21ਵੀਂ ਸਦੀ ’ਚ ਵੀ ਬੁਨਿਆਦੀ ਸਹੂਲਤਾਂ ਤੋਂ ਸਖਣਾ ਪੰਜਾਬ ਦਾ ਪਿੰਡ ਮਸੌਲ

ਥਿੰਦ ਨੇ ਦਸਿਆ ਕਿ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਨੇ 2014 ਅਤੇ 2015 ਦੌਰਾਨ ਗ਼ਦਰੀ ਬਾਬਿਆਂ ਦੇ ਮੇਲੇ ਵਿਚ ਸ਼ਿਰਕਤ ਕੀਤੀ ਸੀ ਅਤੇ ਭਰੋਸਾ ਦਿਵਾਇਆ ਸੀ ਕਿ ਪ੍ਰਧਾਨ ਮੰਤਰੀ ਬਣਨ ਦੇ 90 ਦਿਨ ਅੰਦਰ ਉਹ ਪਾਰਲੀਮੈਂਟ ਵਿਚ ਮੁਆਫ਼ੀ ਮੰਗਣਗੇ। ਉਨ੍ਹਾਂ ਨੇ ਅਪਣਾ ਵੱਡਾ ਨਿਭਾਇਆ ਅਤੇ ਮੁਆਫ਼ੀ ਦੌਰਾਨ ਸਾਡੀ ਸੰਸਥਾ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਦਸਿਆ ਕਿ ਸਾਡੀ ਇਸ ਲੜਾਈ ਵਿਚ ਭਾਰਤੀ ਪੰਜਾਬੀ ਅਤੇ ਪਾਕਿਸਤਾਨੀ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ। ਥਿੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੰਸਥਾ ਨੇ ਸਿਰਫ਼ ਉਪਰਾਲਾ ਕੀਤਾ ਹੈ ਪਰ ਜਿੱਤ ਦਾ ਸਿਹਰਾ ਸੰਘਰਸ਼ ਵਿਚ ਸਾਥ ਦੇਣ ਵਾਲੇ ਲੋਕਾਂ ਨੂੰ ਜਾਂਦਾ ਹੈ।

ਇਹ ਵੀ ਪੜ੍ਹੋ: ਸਿੱਧੂ-ਮਜੀਠੀਆ ਨੇ ਜੱਫੀ ਤਾਂ ਇਉਂ ਪਾਈ ਜਿਵੇਂ 1947 ਦੇ ਵਿਛੜੇ ਦੋ ਭਰਾ ਮਿਲੇ ਹੋਣ : ਰਵਨੀਤ ਸਿੰਘ ਬਿੱਟੂ

ਉਨ੍ਹਾਂ ਦਸਿਆ ਕਿ ਕੈਨੇਡਾ ਵਿਚ ਸਾਨੂੰ ਪ੍ਰਵਾਸ ਕਰਨ ਅਤੇ ਵੋਟ ਦਾ ਹੱਕ ਦਿਵਾਉਣ ਵਿਚ ਭਾਈ ਮੇਵਾ ਸਿੰਘ ਲੋਪੋਕੇ, ਜਿਨ੍ਹਾਂ ਨੂੰ ਉਥੇ ਫਾਂਸੀ ਲੱਗੀ ਸੀ, ਹੁਰਾਂ ਨੇ ਵੱਡਾ ਬਲੀਦਾਨ ਦਿਤਾ ਅਤੇ ਸਾਨੂੰ ਅਧਿਕਾਰ ਦਿਵਾਏ। ਸਾਹਿਬ ਥਿੰਦ ਨੇ ਦਸਿਆ ਕਿ ਨਾਵਲਕਾਰ ਗਿਆਨੀ ਕੇਸਰ ਸਿੰਘ ਅਤੇ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਹੁਰਾਂ ਦੀ ਪ੍ਰੇਰਨਾ ਸਦਕਾ ਹੀ ਉਨ੍ਹਾਂ ਨੇ ਇਹ ਸੰਘਰਸ਼ ਵਿੱਢਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦਸਿਆ ਕਿ ਕਾਲੇਪਾਣੀ ਦੀ ਸਜ਼ਾ ਕੱਟਣ ਵਾਲੇ ਸ਼ਹੀਦਾਂ ਦੇ ਨਾਂਅ 'ਤੇ ਵੱਖ-ਵੱਖ ਟਾਪੂਆਂ ਦਾ ਨਾਮ ਰੱਖਣ ਦੀ ਮੰਗ ਕੀਤੀ ਸੀ ਜੋ ਸਰਕਾਰ ਨੇ ਪੂਰੀ ਵੀ ਕੀਤੀ ਹੈ ਅਤੇ ਕਈ ਟਾਪੂਆਂ ਦੇ ਨਾਂਅ ਬਦਲ ਦਿਤੇ ਗਏ ਹਨ। ਸਾਹਿਬ ਥਿੰਦ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਚਿਆਂ ਨੂੰ ਸਕੂਲਾਂ ਵਿਚ ਗ਼ਦਰੀ ਬਾਬਿਆਂ ਦਾ ਵੱਖਰੇ ਵਿਸ਼ੇ ਵਜੋਂ ਇਤਿਹਾਸ ਪੜ੍ਹਾਇਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਸਰਕਾਰਾਂ ਬੱਚਿਆਂ ਨੂੰ ਸਕੂਲੀ ਪੱਧਰ ਤੋਂ ਹੀ ਆਜ਼ਾਦੀ ਦੇ ਇਤਿਹਾਸ ਅਤੇ ਸਾਡੇ ਸ਼ਹੀਦਾਂ ਬਾਰੇ ਜਾਣਕਾਰੀ ਦੇਣਗੀਆਂ ਤਾਂ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਗੇ। ਥਿੰਦ ਨੇ ਦਸਿਆ ਕਿ ਜਲ੍ਹਿਆਂਵਾਲਾ ਬਾਗ਼ ਦੇ ਜ਼ਿੰਮੇਵਾਰਾਂ ਤੋਂ ਮੁਆਫ਼ੀ ਮੰਗਵਾਉਣ ਲਈ ਲੰਡਨ ਤਕ ਪਹੁੰਚ ਕੀਤੀ ਗਈ ਹੈ। ਅਪਣੇ ਇਤਿਹਾਸ ਨੂੰ ਜ਼ਿੰਦਾ ਰੱਖਣ ਲਈ ਉਨ੍ਹਾਂ ਨੇ ਵੱਖ-ਵੱਖ ਮੁਹਿੰਮਾਂ ਛੇੜੀਆਂ ਹੋਈਆਂ ਹਨ।