ਕੋਰੋਨਾ ਵਿਰੁਧ ਜੰਗ ਨੇ ਸਾਡੀਆਂ ਕਮਜ਼ੋਰੀਆਂ ਵੀ ਸਾਡੇ ਸਾਹਮਣੇ ਲਿਆਂਦੀਆਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਆਜ਼ਾਦੀ ਮਗਰੋਂ ਅਸੀ ਅਰਥਾਤ ਭਾਰਤ-ਵਾਸੀਆਂ ਨੇ ਕਈ ਵੱਡੀਆਂ ਲੜਾਈਆਂ ਲੜੀਆਂ ਵੀ ਹਨ ਅਤੇ ਜਿੱਤੀਆਂ ਵੀ ਹਨ। ਕਿਸੇ ਵੇਲੇ ਸਾਡੇ ਕੋਲ ਅਪਣੇ ਖਾਣ ਜੋਗਾ ਅੰਨ

File photo

ਆਜ਼ਾਦੀ ਮਗਰੋਂ ਅਸੀ ਅਰਥਾਤ ਭਾਰਤ-ਵਾਸੀਆਂ ਨੇ ਕਈ ਵੱਡੀਆਂ ਲੜਾਈਆਂ ਲੜੀਆਂ ਵੀ ਹਨ ਅਤੇ ਜਿੱਤੀਆਂ ਵੀ ਹਨ। ਕਿਸੇ ਵੇਲੇ ਸਾਡੇ ਕੋਲ ਅਪਣੇ ਖਾਣ ਜੋਗਾ ਅੰਨ ਵੀ ਨਹੀਂ ਸੀ ਹੁੰਦਾ। ਦੇਸ਼ ਭੁਖਮਰੀ ਨਾਲ ਲੜ ਰਿਹਾ ਸੀ। ਇਹ ਬੜੀ ਵੱਡੀ ਜੰਗ ਸੀ ਜੋ ਪੰਜਾਬ ਨੇ ਜਿਤ ਨੇ ਦਿਤੀ। ਇਸ ਤਰ੍ਹਾਂ ਅਸੀ ਛੋਟੀਆਂ ਵੱਡੀਆਂ ਕਈ ਜੰਗਾਂ ਹੌਲੀ ਹੌਲੀ ਕਰ ਕੇ ਜਿੱਤ ਲਈਆਂ ਪਰ ਅੱਜ ਜਿਹੜੀ ਕੋਰੋਨਾ ਵਿਰੁਧ ਜੰਗ ਲੜੀ ਜਾ ਰਹੀ ਹੈ, ਇਸ ਨੇ ਸਾਡੀਆਂ ਕਈ 'ਕਮਜ਼ੋਰੀਆਂ' ਨੂੰ ਨੰਗਿਆਂ ਕਰ ਦਿਤਾ ਹੈ ਜਿਨ੍ਹਾਂ ਨੂੰ ਇਸ ਵੇਲੇ ਨੋਟ ਜ਼ਰੂਰ ਕਰ ਲਿਆ ਜਾਣਾ ਚਾਹੀਦਾ ਹੈ ਤੇ ਮੁਨਾਸਬ ਸਮੇਂ ਤੇ ਇਨ੍ਹਾਂ ਦਾ ਹੱਲ ਵੀ ਲੱਭਣ ਦੇ ਯਤਨ ਕਰਨੇ ਚਾਹੀਦੇ ਹਨ। ਇਹ ਬੀਮਾਰੀਆਂ, ਸੰਖੇਪ ਵਿਚ, ਇਸ ਤਰ੍ਹਾਂ ਨੋਟ ਕੀਤੀਆਂ ਜਾ ਸਕਦੀਆਂ ਹਨ:-

1. ਹਰ ਵੱਡੀ ਲੜਾਈ ਵਿਚ ਗ਼ਰੀਬ ਨੂੰ ਸੱਭ ਤੋਂ ਪਹਿਲਾਂ, ਚੱਕੀ ਦੇ ਪੁੜਾਂ ਵਿਚ ਪੀਸੇ ਜਾਣ ਵਾਲੇ ਦਾਣਿਆਂ ਵਾਂਗ ਪਿਸਣਾ ਪੈਂਦਾ ਹੈ। ਹਰ ਲੜਾਈ ਕੁਰਬਾਨੀ ਤਾਂ ਮੰਗਦੀ ਹੀ ਹੈ ਪਰ ਹਿੰਦੁਸਤਾਨ ਵਿਚ ਜਿਉਂ ਹੀ ਲੜਾਈ ਮਿਡਲ ਕਲਾਸ ਕੋਲੋਂ ਕੁਰਬਾਨੀ ਮੰਗਣ ਵਾਲੇ ਪੱਧਰ ਤੇ ਪੁਜਦੀ ਹੈ ਤਾਂ ਹਿੰਦੁਸਤਾਨ ਲੜਖੜਾਉਣਾ ਸ਼ੁਰੂ ਕਰ ਦੇਂਦਾ ਹੈ। ਉਪਰਲੇ ਮੱਧ ਵਰਗ ਅਤੇ ਅਮੀਰ ਤਬਕੇ ਨੂੰ ਕਦੇ ਕੁਰਬਾਨੀ ਨਹੀਂ ਦੇਣੀ ਪੈਂਦੀ ਤੇ ਉਹ ਸਿਰਫ਼ 'ਦਾਨ' ਵਜੋਂ ਥੋੜੀ ਰਕਮ ਦੇ ਕੇ ਹੀ ਅਪਣੇ ਆਪ ਨੂੰ ਕੁਰਬਾਨੀ ਦੇ ਖੇਤਰ ਵਿਚੋਂ ਬਾਹਰ ਰੱਖ ਕੇ, ਸ਼ਰੇਆਮ ਐਸ਼ੋ ਇਸ਼ਰਤ ਦੇ ਮਾਹੌਲ ਵਿਚ ਸੁਰੱਖਿਅਤ ਰੱਖ ਸਕਦਾ ਹੈ। ਹੁਣ ਵੀ ਇਹੀ ਕੁੱਝ ਹੋ ਰਿਹਾ ਹੈ ਜਦਕਿ ਹੋਣਾ ਇਸ ਦੇ ਉਲਟ ਚਾਹੀਦਾ ਹੈ ਤੇ ਕੁਰਬਾਨੀ ਉਪਰਲੇ ਵਰਗਾਂ ਤੋਂ ਸ਼ੁਰੂ ਹੋਵੇ ਤਾਂ ਗ਼ਰੀਬ ਭਾਰਤ ਨੂੰ ਏਨੀ ਤਕਲੀਫ਼ ਦਾ ਸਾਹਮਣਾ ਕੋਈ ਵੀ ਜੰਗ ਲੜਨ ਸਮੇਂ ਕਦੇ ਨਾ ਹੋਵੇ।

2. ਦੂਜੀ ਗੱਲ ਕਿ ਭਾਰਤੀਆਂ ਨੂੰ ਜੰਗ ਸਮੇਂ ਵੀ ਨਿਚੱਲਾ ਬੈਠਣ ਦੀ ਆਦਤ ਅਥਵਾ ਅਨੁਸ਼ਾਸਨਬੱਧ ਹੋਣ ਦੀ ਜਾਚ ਕਦੇ ਨਹੀਂ ਆਈ। ਪਾਕਿਸਤਾਨ ਨਾਲ ਜੰਗ ਦੌਰਾਨ ਸਰਕਾਰਾਂ ਚੀਕਦੀਆਂ ਰਹਿੰਦੀਆਂ ਸਨ ਕਿ ਲੋਕ ਘਰਾਂ 'ਚੋਂ ਬਾਹਰ ਨਾ ਨਿਕਲਣ। ਕਿਸੇ ਅਣਜਾਣ ਬੰਦੇ ਨੂੰ ਪਿੰਡ ਵਿਚ ਨਾ ਆਉਣ ਦੇਣ ਅਤੇ ਰਾਤ ਨੂੰ ਮੁਕੰਮਲ ਹਨੇਰਾ ਕਰ ਕੇ ਘਰ ਬੰਦ ਕਰ ਲੈਣ। ਹਰ ਵਾਰ ਇਨ੍ਹਾਂ ਹਦਾਇਤਾਂ ਦੀ ਦੱਬ ਕੇ ਉਲੰਘਣਾ ਹੁੰਦੀ ਸੀ। ਹੁਣ ਵੀ ਘਰ ਵਿਚ ਬੰਦ ਹੋ ਕੇ ਰਹਿਣਾ ਇਨ੍ਹਾਂ ਲਈ ਸੱਭ ਤੋਂ ਔਖਾ ਕੰਮ ਹੋਇਆ ਪਿਐ, ਭਾਵੇਂ ਬਾਹਰ ਨਿਕਲਦਿਆਂ ਹੀ ਪੁਲਿਸ ਤੋਂ ਡੰਡੇ ਹੀ ਕਿਉਂ ਨਾ ਖਾਣੇ ਪੈ ਜਾਣ।

3. ਲੀਡਰਾਂ ਦੀਆਂ ਕਥਨੀਆਂ ਉਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਤੇ ਅਨੁਸ਼ਾਸਨ ਦੀ ਕੋਈ ਵੀ ਗੱਲ ਕਰਨ 'ਤੇ ਉਹ ਇਹ ਕਹਿ ਕੇ ਹੀ ਪੱਲਾ ਛੁਡਾ ਲੈਂਦੇ ਹਨ ਕਿ, ''ਸਾਰੀਆਂ ਪਾਬੰਦੀਆਂ ਤੇ ਔਕੜਾਂ ਸਾਡੇ ਲਈ ਹੀ ਹਨ? ਜ਼ਰਾ ਇਨ੍ਹਾਂ ਲੀਡਰਾਂ ਤੇ ਉਨ੍ਹਾਂ ਦੇ ਪ੍ਰਵਾਰਾਂ, ਮਿੱਤਰਾਂ ਬਾਰੇ ਦੱਸੋ, ਉਹ ਕਿੰਨਾ ਕੁ ਅਨੁਸ਼ਾਸਨ ਮੰਨਦੇ ਹਨ? ਉਹ ਐਸ਼ਾਂ ਕਰਦੇ ਨੇ ਤੇ ਪਾਬੰਦੀਆਂ ਆਮ ਲੋਕਾਂ ਦੇ ਪੱਲੇ ਪਾ ਛਡਦੇ ਹਨ।'' ਸਿਆਸੀ ਲੀਡਰਾਂ ਦੀ ਕਿਸੇ ਵੀ ਗੱਲ ਉਤੇ ਬੇਵਿਸ਼ਵਾਸੀ ਦਾ ਮਾਹੌਲ ਹੁਣ ਵੀ ਆਮ ਵੇਖਿਆ ਜਾ ਸਕਦਾ ਹੈ।

4. ਜੰਗ ਸਮੇਂ ਜਿਸ ਗੰਭੀਰਤਾ ਅਤੇ ਦ੍ਰਿੜਤਾ ਦੀ ਲੋੜ ਹੁੰਦੀ ਹੈ, ਉਹ ਸੱਤਾ ਦੇ ਨੇੜੇ ਰਹਿਣ ਵਾਲਿਆਂ ਨੇ ਕਦੇ ਨਹੀਂ ਵਿਖਾਈ। ਉਸ ਸਮੇਂ ਵੀ ਅਪਣੀ ਮਸ਼ਹੂਰੀ ਲਈ ਵਿਖਾਵੇ ਦੀਆਂ ਕਾਰਵਾਈਆਂ ਵਿਚ ਲੱਗੇ ਰਹਿੰਦੇ ਹਨ। ਇਸ ਦੇ ਨਤੀਜੇ ਵਜੋਂ ਆਮ ਲੋਕਾਂ ਅੰਦਰ ਵੀ ਦ੍ਰਿੜਤਾ ਤੇ ਗੰਭੀਰਤਾ ਜ਼ੋਰ ਨਹੀਂ ਫੜ ਸਕਦੀ।

5. ਐਡਨਿਸਟਰੇਸ਼ਨ ਅਥਵਾ ਅਫ਼ਸਰਸ਼ਾਹੀ ਬਾਰੇ ਸ਼ਿਕਾਇਤ ਬਣੀ ਰਹਿੰਦੀ ਹੈ ਕਿ ਉਹ ਇਸ ਗੱਲ ਦਾ ਕੋਈ ਪ੍ਰਬੰਧ ਨਹੀਂ ਕਰਦੀ ਕਿ ਆਮ ਆਦਮੀ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ ਤੇ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਸ ਨੂੰ ਕੋਈ ਸੁਣਨ ਵਾਲਾ ਵੀ ਹੋਣਾ ਚਾਹੀਦਾ ਹੈ। ਅਫ਼ਸਰਸ਼ਾਹੀ ਤੇ ਵਜ਼ੀਰ, ਅਜਿਹੇ ਮੌਕੇ ਪੀੜਤ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੇ ਹਨ ਤੇ ਲੋਕਾਂ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਮਿਲਦਾ। ਚਲ ਰਹੀ ਜੰਗ ਵਿਚ ਵੀ ਇਹੀ ਕੁੱਝ ਹੋ ਰਿਹਾ ਆਮ ਦਿਸ ਰਿਹਾ ਹੈ।

6. ਅੰਧ-ਵਿਸ਼ਵਾਸ ਦਾ ਪ੍ਰਚਾਰ ਹਰ 'ਜੰਗ' ਵਿਚ ਤੇਜ਼ ਕਰ ਦਿਤਾ ਜਾਂਦਾ ਹੈ। ਇਸ ਵਾਰ ਤਾਂ ਸਰਕਾਰ ਦਾ ਥਾਪੜਾ ਪ੍ਰਾਪਤ ਲੋਕ, ਅੰਧ-ਵਿਸ਼ਵਾਸ ਦੇ ਵੱਡੇ ਪ੍ਰਚਾਰਕ ਬਣੇ ਹੋਏ ਹਨ। ਇਹ ਗੱਲ ਜੰਗ ਜਿੱਤਣ ਦੇ ਰਾਹ ਦਾ ਰੋੜਾ ਬਣ ਰਹੀ ਹੈ। ਜੰਗਾਂ ਜਿੱਤਣ ਲਈ ਇਹ 'ਕਮਜ਼ੋਰੀਆਂ' ਜਨਤਾ ਨੂੰ ਨਜ਼ਰ ਨਹੀਂ ਆਉਣੀਆਂ ਚਾਹੀਦੀਆਂ। ਕੋਰੋਨਾ ਦੀ ਜੰਗ ਕੋਈ ਆਖ਼ਰੀ ਜੰਗ ਨਹੀਂ। ਹੋਰ ਵੀ ਵੱਡੀਆਂ ਜੰਗਾਂ, ਅਗਲੇ 10-12 ਸਾਲਾਂ ਵਿਚ ਲੜਨੀਆਂ ਪੈਣਗੀਆਂ। ਇਸ ਲਈ ਕੋਰੋਨਾ ਜੰਗ ਤੋਂ ਵਿਹਲੇ ਹੋ ਕੇ, ਇਨ੍ਹਾਂ ਕਮਜ਼ੋਰੀਆਂ ਵਲ ਧਿਆਨ ਜ਼ਰੂਰ ਦਿਤਾ ਜਾਣਾ ਚਾਹੀਦਾ ਹੈ ਤਾਕਿ ਅਗਲੀਆਂ ਜੰਗਾਂ ਲਈ ਸਾਡੇ ਲੋਕ ਤਿਆਰ ਬਰ ਤਿਆਰ ਰਹਿਣ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।