ਮਹਿੰਦੀ ਲਵਾਉਣ ਦੇ ਨਾਂ ਤੇ ਸਾਡੀਆਂ ਕੁੜੀਆਂ ਦੇ ਹੱਥ ਭਈਆਂ ਦੇ ਹੱਥਾਂ ਵਿਚ ਫੜਾਏ ਜਾ ਰਹੇ ਹਨ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਹਿਲਾਂ ਜਦ ਪੰਜਾਬ ਵਿਚ ਕਿਸੇ ਲੜਕੀ ਦਾ ਵਿਆਹ ਹੁੰਦਾ ਸੀ ਤਾਂ ਕੁੜੀਆਂ ਖ਼ੁਦ ਵਿਆਹ ਵਾਲੀ ਲੜਕੀ ਨੂੰ ਮਹਿੰਦੀ ਲਗਾ ਕੇ ਤਿਆਰ ਕਰਦੀਆਂ ਸਨ....

ਵਿਆਹ ਵਾਲੀ ਲੜਕੀ ਨੂੰ ਮਹਿੰਦੀ ਲਗਾਉਂਦੇ ਹੋਏ

ਚੰਡੀਗੜ੍ਹ (ਸ.ਸ.ਸ) : ਪਹਿਲਾਂ ਜਦ ਪੰਜਾਬ ਵਿਚ ਕਿਸੇ ਲੜਕੀ ਦਾ ਵਿਆਹ ਹੁੰਦਾ ਸੀ ਤਾਂ ਕੁੜੀਆਂ ਖ਼ੁਦ ਵਿਆਹ ਵਾਲੀ ਲੜਕੀ ਨੂੰ ਮਹਿੰਦੀ ਲਗਾ ਕੇ ਤਿਆਰ ਕਰਦੀਆਂ ਸਨ। ਅਸੀ ਪੰਜਾਬੀ ਲੋਕ ਸੂਰਮੇ, ਦਲੇਰ ਤੇ ਅਣਖੀ ਅਖਵਾਉਂਦੇ ਸੀ। ਅਣਖ, ਇੱਜ਼ਤ ਵਾਸਤੇ ਪੰਜਾਬੀ ਸੱਭ ਕੁੱਝ ਦਾਅ ਉਤੇ ਲਗਾਉਣ ਲਈ ਤਿਆਰ ਹੋ ਜਾਂਦੇ ਸਨ। ਪਰ ਅੱਜ ਅਸੀ ਕਿੱਧਰ ਜਾ ਰਹੇ ਹਾਂ? ਮੈਂ ਸੱਚ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ। ਅੱਜ ਜਦੋਂ ਸਾਡੇ ਪੰਜਾਬ ਦੇ ਲੋਕ ਲੜਕੀਆਂ ਦੇ ਵਿਆਹ ਕਰਦੇ ਹਨ ਤਾਂ ਸਾਡੇ ਕੁੱਝ ਪੰਜਾਬੀ ਵੀਰ ਅਪਣੀਆਂ ਧੀਆਂ ਭੈਣਾਂ ਨੂੰ ਵਿਆਹ ਤੋਂ ਇਕ ਜਾਂ ਦੋ ਦਿਨ ਪਹਿਲਾਂ ਹੱਥਾਂ, ਬਾਹਾਂ ਤੇ ਮਹਿੰਦੀ ਲਗਵਾਉਣ ਲਈ ਸ਼ਹਿਰਾਂ ਵਿਚ ਪੀੜ੍ਹੀਆਂ ਡਾਹ ਕੇ ਬੈਠੇ ਭਈਆਂ ਕੋਲ ਭੇਜ ਦਿੰਦੇ ਹਨ।

ਉਨ੍ਹਾਂ ਭਈਆਂ ਕੋਲ ਲੜਕੀਆਂ ਖੁਲ੍ਹੇ ਕਪੜੇ ਪਾ ਕੇ ਜਾਂਦੀਆਂ ਹਨ ਤਾਕਿ ਹੱਥਾਂ ਤੋਂ ਲੈ ਕੇ ਮੋਢੇ ਤਕ ਮਹਿੰਦੀ ਲਗਵਾਉਣ ਵਿਚ ਕੋਈ ਦਿੱਕਤ ਨਾ ਆਵੇ। ਅਜਕਲ ਰਿਵਾਜ ਹੈ ਕਿ ਬਾਹਵਾਂ ਦੇ ਨਾਲ ਨਾਲ ਲੜਕੀਆਂ ਲੱਤਾਂ ਉਤੇ ਵੀ ਮਹਿੰਦੀ ਲਗਵਾਉਣ ਲੱਗ ਪਈਆਂ ਹਨ। ਲੜਕੀ ਦੇ ਪਿਤਾ ਅਤੇ ਭਰਾ ਦੋ ਮਿੰਟ ਲਈ ਸੋਚਣ ਕਿ ਕਿਵੇਂ ਅਸੀ ਅਪਣੀ ਕੁਆਰੀ ਧੀ ਦੀਆਂ ਲੱਤਾਂ, ਬਾਹਵਾਂ ਮਹਿੰਦੀ ਲਗਵਾਉਣ ਲਈ ਸ਼ਹਿਰ ਦੇ ਵਿਚਾਲੇ, ਦਿਨ ਦਿਹਾੜੇ ਅੱਧੇ ਦਿਨ ਲਈ ਬੈਠੇ ਭਈਆਂ ਦੇ ਹੱਥ ਵਿਚ ਫੜਾ ਰਹੇ ਹਾਂ।

ਲੜਕੀ ਦੀ ਮਾਂ ਵੀ ਸੋਚੇ, ਮੈਂ ਇਹ ਨਹੀਂ ਕਹਿ ਸਕਦਾ ਕਿਉਂਕਿ ਲੜਕੀ ਤੇ ਲੜਕੇ ਦੀਆਂ ਕਈ ਮਾਵਾਂ ਵੀ ਅਪਣੀਆਂ ਧੀਆਂ ਦੇ ਵਿਆਹ ਵਿਚ ਜਾਂ ਪੁੱਤਰਾਂ ਦੇ ਵਿਆਹ ਵਿਚ ਇਸੇ ਹਾਲਤ ਵਿਚ ਭਈਆਂ ਤੋਂ ਮਹਿੰਦੀ ਲਗਵਾਉਂਦੀਆਂ ਹਨ। ਕੀ ਇਹ ਮਹਿੰਦੀ ਕੁੜੀਆਂ ਤੋਂ ਨਹੀਂ ਲਗਵਾਈ ਜਾ ਸਕਦੀ? ਕੀ ਸਾਨੂੰ ਇੱਜ਼ਤ ਨਾਲੋਂ ਮਹਿੰਦੀ ਪਿਆਰੀ ਹੈ? ਜੇ ਘੱਟ ਲੱਗ ਜਾਵੇਗੀ ਤਾਂ ਕੀ ਹੋ ਜਾਵੇਗਾ? ਹੋ ਸਕਦਾ ਹੈ ਮੈਨੂੰ ਪੁਰਾਣੇ ਖਿਆਲਾਂ ਦਾ ਕਹਿ ਕੇ, ਅਪਣੇ ਆਪ ਨੂੰ ਮਾਡਰਨ ਸੁਸਾਇਟੀ ਦੇ ਅਖਵਾ ਕੇ ਗੱਲ ਖ਼ਤਮ ਕਰ ਦਿਤੀ ਜਾਵੇ। ਪਰ ਪੰਜਾਬੀ ਵੀਰੋ ਸਾਡੀ ਰਵਾਇਤੀ ਅਣਖ ਬਿਲਕੁਲ ਖ਼ਤਮ ਹੋ ਚੁਕੀ ਹੈ?

ਪਹਿਲਾਂ ਅਸੀ ਬਿਨਾਂ ਸੋਚੇ ਸਮਝੇ ਬੱਚੀਆਂ ਨੂੰ ਪੈਸੇ ਖ਼ਾਤਰ ਕਿਵੇਂ ਵਿਦੇਸ਼ਾਂ ਵਿਚ ਧਕਦੇ ਜਾ ਰਹੇ ਸੀ ਤੇ ਹੁਣ ਕਬੂਤਰ ਵਾਂਗ ਅੱਖਾਂ ਮੀਚ ਕੇ ਹੋਸਟਲਾਂ ਵਿਚ ਰਹਿ ਰਹੇ ਅਪਣੇ ਲੜਕੇ ਲੜਕੀਆਂ ਦਾ ਜੋ ਸਾਨੂੰ ਧਿਆਨ ਰਖਣਾ ਚਾਹੀਦਾ ਸੀ, ਨਹੀਂ ਰੱਖ ਰਹੇ। ਹੁਣ ਡੋਲੀ ਵਿਚ ਪਾਉਣ ਤੋਂ ਪਹਿਲਾਂ ਅਪਣੀਆਂ ਧੀਆਂ ਪ੍ਰਤੀ ਵੀ, ਫ਼ੈਸ਼ਨ ਦੇ ਨਾਂ ਤੇ ਅਣਖ ਗਵਾਉਣ ਲਈ ਸਮਝੌਤਾ ਕਰ ਬੈਠੇ ਹਾਂ।