ਬੜੀ ਹੀ ਦਿਲਚਸਪ ਕਹਾਣੀ ਹੈ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਲਾਨੌਰ ਜੋ ਅੱਜ ਛੋਟਾ ਜਿਹਾ ਕਸਬਾ ਹੈ, ਉਨ੍ਹੀਂ ਦਿਨੀਂ ਸਿਆਲਕੋਟ, ਜਲੰਧਰ, ਲਾਹੌਰ ਵਾਂਗ ਹਕੂਮਤ ਦਾ ਮਰਕਜ਼ ਸੀ

Very Interesting Story of Darbar Sahib Dera Baba Nanak

ਕਲਾਨੌਰ ਜੋ ਅੱਜ ਛੋਟਾ ਜਿਹਾ ਕਸਬਾ ਹੈ, ਉਨ੍ਹੀਂ ਦਿਨੀਂ ਸਿਆਲਕੋਟ, ਜਲੰਧਰ, ਲਾਹੌਰ ਵਾਂਗ ਹਕੂਮਤ ਦਾ ਮਰਕਜ਼ ਸੀ। 14 ਫ਼ਰਵਰੀ 1556 ਨੂੰ ਤਾਂ 6 ਮਹੀਨਿਆਂ ਲਈ ਕਲਾਨੌਰ ਹੀ ਹਿੰਦੁਸਤਾਨ ਦੀ ਰਾਜਧਾਨੀ ਰਿਹਾ ਜਦੋਂ ਬਾਦਸ਼ਾਹ ਅਕਬਰ ਦੀ ਇਥੇ ਤਾਜਪੋਸ਼ੀ ਹੋਈ ਸੀ। ਪਰ ਜਿਹੜੀ ਗੱਲ ਅਸੀ ਕਰ ਰਹੇ ਹਾਂ ਇਹ 1521 ਦੀ ਹੈ। ਕਲਾਨੌਰ ਦੇ ਕ੍ਰੋੜੀਏ ਭਾਵ ਕੁਲੈਕਟਰ ਦੁਨੀ ਚੰਦ ਦੀ ਕਚਿਹਰੀ ਲੱਗੀ ਹੋਈ ਸੀ। ਲਾਗੋਂ ਦੀ ਤੂੰਬੀ ਨਾਲ ਗਾਉਂਦਾ ਇਕ ਜੋਗੀ ਨਿਕਲਿਆ:

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ

ਦੇ ਬੋਲ ਸੁਣ ਕੇ ਦੁਨੀ ਚੰਦ ਕ੍ਰੋਧ ਵਿਚ ਆ ਗਿਆ। ਹੁਕਮ ਦੇ ਕੇ ਜੋਗੀ ਨੂੰ ਸੱਦ ਲਿਆ ਗਿਆ ਕਿ ਉਸ ਨੇ ਕਿਹੜਾ ਝੂਠ ਕੀਤਾ ਹੈ, ਅਤੇ ਕਿਹਾ, ''ਗੁਸਤਾਖ਼ ਸਾਧੂ ਇਹ ਤੂੰ ਕੀ ਬੋਲ ਰਿਹਾ ਸੀ?'' ਜੋਗੀ ਨੇ ਬੜੀ ਹਲੀਮੀ ਨਾਲ ਕ੍ਰੋੜੀਏ ਨੂੰ ਜਵਾਬ ਦਿਤਾ, ''ਜਨਾਬ ਮੈਂ ਤਾਂ ਬਾਬੇ ਨਾਨਕ ਦੀ ਬਾਣੀ ਗਾ ਰਿਹਾ ਹਾਂ।'' ''ਕੌਣ ਹੈ ਇਹ ਬਾਬਾ ਨਾਨਕ?'' ਕ੍ਰੋੜੀਆ ਚੀਕ ਉਠਿਆ। ਦਰਬਾਰ ਵਿਚ ਬੈਠੇ ਅਹਿਲਕਾਰਾਂ ਨੇ ਕ੍ਰੋੜੀਏ ਨੂੰ ਦਸਿਆ ਕਿ ਜਨਾਬ ਇਹ ਉਹੋ ਨਾਨਕ ਨਾਂ ਦਾ ਸਾਧੂ ਹੈ ਜਿਸ ਨੇ ਪੱਖੋਕਿਆਂ ਦੇ ਪਟਵਾਰੀ ਮੂਲ ਚੰਦ ਚੋਣੇ ਦੀ ਧੀ ਪਹਿਲਾਂ ਪ੍ਰਣਾਈ ਤੇ ਫਿਰ ਛੱਡ ਸਾਧੂ ਹੋ ਗਿਆ। ਵਿਚਾਰੇ ਮੂਲੇ ਦੀ ਧੀ ਪੇਕੇ ਹੀ ਰਹਿੰਦੀ ਹੈ।

ਅੱਜਕਲ ਨਾਨਕ ਅਪਣੇ ਇਲਾਕੇ ਵਿਚ ਹੀ ਆ ਬੈਠਾ  ਹੈ। ਮੂਲਾ ਬਹੁਤ ਦੁਖੀ ਹੈ ਕਿ ਸਾਨੂੰ ਛੱਟਣ ਲਈ ਇਹ ਫਿਰ ਸਾਡੇ ਪਿੰਡ ਦੇ ਗੇੜੇ ਕਢਦਾ ਹੈ। ਦੂਜੇ ਅਹਿਲਕਾਰ ਨੇ ਹਾਮੀ ਭਰੀ ਤੇ ਕਹਿਣ ਲੱਗਾ, ''ਇਹ ਸਾਧ ਲੋਕਾਂ ਨੂੰ ਬਹੁਤ ਬੇਵਕੂਫ਼ ਬਣਾ ਰਿਹੈ। ਨਾ ਇਹ ਵੇਦ ਨੂੰ ਮੰਨਦਾ ਹੈ, ਨਾ ਕੁਰਸ ਨੂੰ। ਹਿੰਦੂਆਂ ਦੀ ਤਾਂ ਛੱਡੋ, ਅਨੇਕਾਂ ਮੁਸਲਮਾਨ ਵੀ ਇਸ ਦੇ ਪੈਰੋਕਾਰ ਬਣੀ ਜਾ ਰਹੇ ਨੇ। ਜਨਾਬ ਜੇ ਦਿੱਲੀ ਦਰਬਾਰ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਇਲਾਕੇ ਵਿਚ ਕੋਈ ਅਜਿਹੀ ਹਰਕਤ ਚਲ ਰਹੀ ਹੈ ਤਾਂ ਮੁਸ਼ਕਲ ਹੋ ਜਾਏਗੀ।''

ਦੁਨੀ ਚੰਦ ਗੁੱਸੇ ਵਿਚ ਲਾਲ ਪੀਲਾ ਹੋ ਗਿਆ, ''ਕਿਥੇ ਬੈਠਾ ਹੈ ਇਹ ਪਾਖੰਡੀ ਸਾਧੂ?'' ਅੱਗੋਂ ਦਸਿਆ ਗਿਆ ਕਿ ਉਹ ਮੂਲੇ ਪਟਵਾਰੀ ਦੇ ਪਿੰਡ ਪੱਖੋਕੇ ਦੇ ਬਾਹਰਵਾਰ ਚੌਧਰੀ ਅਜਿੱਤੇ ਦੇ ਖੂਹ ਤੇ ਡੇਰਾ ਜਮਾਈ ਬੈਠਾ ਹੈ। ਇਤਿਹਾਸ ਵਿਚ ਦਰਜ ਹੈ ਕਿ ਅਗਲੇ ਦਿਨ ਕ੍ਰੋੜੀਆ ਅਪਣਾ ਅਮਲਾ ਫੈਲਾ ਲੈ ਕੇ ਦਰਵੇਸ਼ ਨਾਨਕ ਨੂੰ ਗ੍ਰਿਫ਼ਤਾਰ ਕਰਨ ਨਿਕਲਦਾ ਹੈ। ਘੋੜੇ ਤੇ ਚੜ੍ਹਨ ਲਗਿਆ ਰਕਾਬ ਵਿਚੋਂ ਪੈਰ ਤਿਲਕ ਜਾਂਦਾ ਹੈ ਤੇ ਡਿਗ ਪੈਂਦਾ ਹੈ। ਪੱਗ ਲਹਿ ਜਾਂਦੀ ਹੈ। ਕ੍ਰੋੜੀਆ ਅਪਣਾ ਜਾਣਾ ਅੱਗੇ ਪਾ ਦਿੰਦਾ ਹੈ। ਅਗਲੇ ਦਿਨ ਫਿਰ ਨਿਕਲਦਾ ਹੈ। (ਪੱਖੋਕੇ ਕਲਾਨੌਰ ਤੋਂ 12 ਕਿ. ਮੀ.)  ਰਸਤੇ ਦੇ ਜੰਗਲ ਵਿਚ ਦੁਨੀ ਚੰਦ ਦੀਆਂ ਅੱਖਾਂ ਵਿਚ ਮਕੜੀ ਦਾ ਜਾਲਾ ਪੈ ਜਾਂਦਾ ਹੈ।

ਨਾਦਾਰ ਅੰਨ੍ਹਾ ਹੋ ਜਾਂਦਾ ਹੈ। ਸਿਪਾਹੀ ਸਲਾਹ ਦਿੰਦੇ ਹਨ ਕਿ ਕਿਤੇ ਇਹ ਸਾਧੂ ਨਾਨਕ ਦੀ ਨਾਰਾਜ਼ਗੀ ਕਰ ਕੇ ਤਾਂ ਨਹੀਂ ਹੋ ਰਿਹਾ? ਉਸ ਨੂੰ ਗ੍ਰਿਫ਼ਤਾਰ ਕਰਨ ਦਾ ਖ਼ਿਆਲ ਛੱਡ ਦਿਉ। ਦੁਨੀ ਚੰਦ ਦਾ ਮੰਨ ਡੋਲਦਾ, ਡਰਦਾ ਹੈ। ਹੁਣ ਦੁਨੀ ਚੰਦ ਬੜੀ ਅਧੀਨਗੀ ਨਾਲ ਅਜਿਤੇ ਰੰਧਾਵੇ ਦੇ ਖੂਹ ਤੇ ਬਾਬੇ ਨਾਨਕ ਦੇ ਡੇਰੇ ਪਹੁੰਚਦਾ ਹੈ। ਦੁਨੀ ਚੰਦ ਬਾਬੇ ਨੂੰ ਹੁਕਮਰਾਨ ਦੇ ਤੌਰ ਤੇ ਅਪਣੀ ਮਜਬੂਰੀ ਦਸਦਾ ਹੈ ਕਿ ''ਕਿਤੇ ਮੇਰਾ ਸੂਬੇਦਾਰ ਜਾਂ ਬਾਦਸ਼ਾਹ ਨਾਰਾਜ਼ ਨਾ ਹੋ ਜਾਏ। ਤੁਸੀ ਮੁਸਲਮਾਨਾਂ ਨੂੰ ਅਪਣੇ ਸੇਵਕ ਨਾ ਬਣਾਉ।''

ਉਥੇ ਫਿਰ ਅਜਿਤੇ ਰੰਧਾਵੇ ਤੇ ਮਰਦਾਨੇ ਵਰਗੇ ਸ਼ਰਧਾਲੂ ਦੁਨੀ ਚੰਦ ਨੂੰ ਗੁਰੂ ਸਾਹਿਬ ਬਾਰੇ ਦਸਦੇ ਹਨ ਕਿ ਲਾਹੌਰ ਦਾ ਸੂਬੇਦਾਰ ਦੌਲਤ ਖਾਂ ਲੋਧੀ ਗੁਰੂ ਸਾਹਿਬ ਦਾ ਮੁਰੀਦ ਹੈ ਤੇ ਗੁਰੂ ਸਾਹਿਬ ਦਿੱਲੀ ਦੇ ਸੁਲਤਾਨ ਸਿਕੰਦਰ ਲੋਧੀ ਨੂੰ ਵੀ ਮਿਲ ਕੇ ਆਏ ਹਨ। ਦਸਿਆ ਗਿਆ ਕਿ ਕਿਵੇਂ ਗੁਰੂ ਸਾਹਿਬ ਤਾਂ ਹਿੰਦੁਸਤਾਨ ਦੇ ਕਰੀਬ ਸਾਰੇ ਹੁਕਮਰਾਨਾਂ ਨੂੰ ਜਾਣਦੇ ਹਨ। ਦੁਨੀ ਚੰਦ ਦਾ ਸਾਰਾ ਗੁੱਸਾ ਠੰਢਾ ਹੋ ਜਾਂਦਾ ਹੈ। ਬਾਬੇ ਦੇ ਚਰਨ ਫੜ ਲੈਂਦਾ ਹੈ। ਉਸ ਦੀ ਨਜ਼ਰ ਠੀਕ ਹੋ ਜਾਂਦੀ ਹੈ। ਜਿਥੇ ਅੱਜ ਕਾਰ ਸੇਵਾ ਚਲ ਰਹੀ ਹੈ, ਇਹ ਉਹੋ ਅਸਥਾਨ ਹੈ, ਅਜਿਤੇ ਰੰਧਾਵੇ ਦਾ ਖੂਹ। ਪਰ ਦਰਬਾਰ ਸਾਹਿਬ ਕਿਵੇਂ ਬਣ ਗਿਆ ਇਥੇ?

ਗੁਰੂ ਸਾਹਿਬ ਦੇ 22 ਸਤੰਬਰ 1539 ਨੂੰ ਜੋਤੀ ਜੋਤ ਸਮਾਉਣ ਵੇਲੇ ਝਗੜਾ ਪੈਦਾ ਹੋਇਆ ਸੀ ਕਿ ਆਇਆ ਗੁਰੂ ਸਾਹਿਬ ਮੁਸਲਮਾਨਾਂ ਦਾ ਪੀਰ ਹੈ ਜਾਂ ਹਿੰਦੂਆਂ ਦਾ ਗੁਰੂ? ਮਸਲਾ ਗੁਰੂ ਸਾਹਿਬ ਦੇ ਪਵਿੱਤਰ ਸਰੀਰ ਦੇ ਸਸਕਾਰ ਦਾ ਸੀ। ਉਦੋਂ ਫਿਰ ਹਿੰਦੂਆਂ ਤੇ ਮੁਸਲਮਾਨਾਂ ਨੇ ਚਾਦਰ ਅੱਧੋ ਅੱਧੀ ਕੀਤੀ। ਮੁਸਲਮਾਨਾਂ ਦਫ਼ਨਾ ਕੇ ਕਬਰ ਬਣਾਈ ਤੇ ਹਿੰਦੂਆਂ ਨੇ ਅਗਨ-ਭੇਂਟ ਕਰ ਕੇ ਸਮਾਧ ਬਣਾਈ। ਪਰ ਗੁਰੂ ਸਾਹਿਬ ਦੇ ਚਲਾਣੇ ਦੇ 9 ਸਾਲ ਬਾਅਦ ਰਾਵੀ ਦੇ ਹੜ੍ਹ ਨੇ ਸਮਾਧ ਤੇ ਕਬਰ ਦੋਵੇਂ ਰੋੜ੍ਹ ਦਿਤੀਆਂ। ਫਿਰ ਗੁਰੂ ਅਰਜਨ ਦੇਵ ਜੀ ਦੇ ਵੇਲਿਆਂ ਵਿਚ ਸ੍ਰੀਚੰਦ ਲਖਮੀ ਚੰਦ ਆਦਿ ਨੇ ਇਥੇ ਖ਼ੂਬਸੂਰਤ ਦੇਹੁਰਾ ਬਣਾ ਦਿਤਾ।

ਜਿਸ ਦੀ ਚਰਚਾ ਚਾਰ-ਚੁਫੇਰੇ ਹੋਈ ਕਿਉਂਕਿ ਸਿੱਖੀ 'ਚ ਮੜ੍ਹੀਆਂ-ਮਸਾਣਾਂ ਨੂੰ ਪੂਜਣ ਵਿਰੁਧ ਲਹਿਰ ਚਲ ਰਹੀ ਸੀ। ਭਾਈ ਗੁਰਦਾਸ ਨੇ ਇਸ ਦੀ ਆਲੋਚਨਾ ਕਰ ਦਿਤੀ:- 

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ
ਲਖਮੀਦਾਸਹੁ ਧਰਮਚੰਦ ਪੋਤਾ ਹੁਇ ਕੈ ਆਪੁ ਗਣਾਇਆ

ਸੋ ਏਸੇ ਦੇਹੁਰੇ ਕਰ ਕੇ ਇਸ ਅਬਾਦੀ ਦਾ ਨਾਂ ਪੈ ਗਿਆ ਦੇਹੁਰਾ ਬਾਬਾ ਨਾਨਕ ਤੇ ਵਕਤ ਪਾ ਕੇ ਬਣ ਗਿਆ ਡੇਰਾ ਬਾਬਾ ਨਾਨਕ। ਸਿੱਖਾਂ ਨੇ ਭਾਈ ਗੁਰਦਾਸ ਦੀ ਨਾ ਮੰਨੀ ਤੇ ਹਰ ਸਿੱਖ ਦਾ ਸੀਸ ਦੇਹੁਰੇ ਅੱਗੇ ਝੁਕਣ ਲੱਗਾ। ਅਕਬਰ ਬਾਦਸ਼ਾਹ ਦੇ ਨੌ ਰਤਨਾਂ ਵਿਚੋਂ ਟੋਡਰ ਮਲ ਦੇ ਪੋਤਰੇ ਨਾਨਕ ਚੰਦ ਨੇ ਫਿਰ ਅਪਣੇ ਭਤੀਜੇ ਚੰਦੂ ਲਾਲ (ਪ੍ਰਧਾਨ ਮੰਤਰੀ ਨਿਜ਼ਾਮ ਹੈਦਰਾਬਾਦ) ਨੂੰ ਪ੍ਰੇਰ ਕੇ ਇਸ ਦੀ ਕਾਰ ਸੇਵਾ ਸੰਨ 1744 ਨੂੰ ਕਾਰਵਾਈ। ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇਹੁਰੇ ਤੇ 1827 ਨੂੰ ਸੋਨਾ ਆਦਿ ਲਾ ਕੇ ਹੋਰ ਖ਼ੂਬਸੂਰਤ ਕਰ ਦਿਤਾ।

ਮਹਾਰਾਜੇ ਦੀ ਚੜ੍ਹਾਈ ਸੋਨੇ ਦੀ ਪਾਲਕੀ ਅੱਜ ਵੀ ਪ੍ਰਕਾਸ਼ਮਾਨ ਹੈ।1973 ਵਿਚ ਫਿਰ ਦੇਹੁਰੇ (ਦਰਬਾਰ ਸਾਹਿਬ) ਦੀ ਇਮਾਰਤ ਨੂੰ ਖੁੱਲ੍ਹਾ ਕਰਨ ਮੌਕੇ ਚੂੰਨੀ ਲਾਲ ਵਾਲੀ ਇਮਾਰਤ ਤਾਂ ਢਾਹ ਦਿਤੀ ਗਈ ਪਰ ਅੰਦਰੋਂ ਲਕੜੀ ਤੇ ਬਾਹਰੋਂ ਪਿੱਤਲ ਤੇ ਸੋਨੇ ਦਾ ਬਣਿਆ ਪੁਰਾਣਾ ਗੁੰਬਦ ਵਰਤ ਲਿਆ ਗਿਆ ਜਿਸ ਦੀ ਤਸਵੀਰ ਮਹਾਨਕੋਸ਼ ਵਿਚ ਸੁਸ਼ੋਭਿਤ ਹੈ। ਹੁਣੇ ਹੁਣੇ ਸ਼੍ਰੋਮਣੀ ਕਮੇਟੀ ਨੇ ਜਦੋਂ ਇਸ ਇਮਾਰਤ ਦੀ ਕਾਰ ਸੇਵਾ ਕਰਨ ਦਾ ਐਲਾਨ ਕੀਤਾ ਤਾਂ ਇਸ ਫ਼ੈਸਲੇ ਤੇ ਸਵਾਲ ਕੀਤੇ ਗਏ ਕਿ ਕਾਰਸੇਵਾ ਦੀ ਜ਼ਰੂਰਤ ਹੀ ਕੀ ਹੈ?

ਕਿਉਂਕਿ ਕਾਰਸੇਵਾ ਵੀ ਅੱਜ ਇਕ ਤਰ੍ਹਾਂ ਨਾਲ ਸਨਅਤ ਹੀ ਬਣ ਗਈ ਹੈ। ਰਾਜਨੇਤਾ ਤੇ ਕਾਰ ਸੇਵਾ ਬਾਬਿਆਂ ਦੇ ਗਠਜੋੜ ਅੱਗੇ ਦਲੀਲ ਫਿੱਕੀ ਪੈ ਜਾਂਦੀ ਹੈ।  ਖੈਰ 7 ਜੂਨ ਨੂੰ ਵਿਰੋਧ ਦੇ ਬਾਵਜੂਦ ਕਾਰ ਸੇਵਾ ਸ਼ੁਰੂ ਕਰ ਦਿਤੀ ਗਈ। ਉਹੋ ਹੋਇਆ ਜਿਸ ਦਾ ਡਰ ਸੀ- ਇਹ ਮੰਨੀ ਹੋਈ ਗਲ ਹੈ ਕਿ ਕਾਰ ਸੇਵਾ ਵਾਲੇ ਬਾਬੇ ਪੁਰਾਤਤਵ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ। ਇਕ ਨਹੀਂ ਸੈਂਕੜੇ ਪੁਰਾਣੀਆਂ ਯਾਦਗਾਰਾਂ ਇਨ੍ਹਾਂ ਢਾਹੀਆਂ ਹਨ। ਮਿਸਾਲ ਦੇ ਤੌਰ ਤੇ ਸੁਲਤਾਨਪੁਰ ਲੋਧੀ ਦੀ ਉਹ ਮਸੀਤ ਢਾਹ ਕੇ ਗੁਰਦਵਾਰਾ ਬਣਾ ਦਿਤਾ ਜਿਥੇ ਬਾਬਾ ਨਾਨਕ ਨਮਾਜ਼ ਪੜ੍ਹੀ ਜਾਂਦੀ ਵੇਖਣ ਗਏ ਸੀ।

ਚਮਕੌਰ ਦੀ ਕੱਚੀ ਗੜ੍ਹੀ, ਸਰਹੰਦ ਦਾ ਠੰਢਾ ਬੁਰਜ, ਅੰਮ੍ਰਿਤਸਰ ਵਿਚ ਗੁਰੂ ਸਾਹਿਬ ਦੇ ਨਿਵਾਸ ਅਸਥਾਨ ਗੁਰੂ ਕੇ ਮਹਿਲ ਦਾ ਨਾਮੋ-ਨਿਸ਼ਾਨ ਮਿਟਾ ਸੰਗਮਰਮਰੀ ਇਮਾਰਤਾਂ ਸਾਜ ਦਿਤੀਆਂ ਹਨ। ਗੁਰੂ ਹਰਗੋਬਿੰਦ ਸਾਹਿਬ ਦਾ ਲੋਹਗੜ੍ਹ ਕਿਲ੍ਹਾ ਢਾਹ ਦਿਤਾ ਗਿਆ ਹੈ। ਪਿੰਡ ਬਾਸਰਕੇ ਗਿੱਲਾਂ ਵਿਚ ਪਵਿੱਤਰ ਸੰਨ੍ਹ ਵਾਲੀ ਕੰਧ ਢਾਹ ਕੇ ਉਥੇ ਸੰਗਮਰਮਰੀ ਸਿਲ ਲਾ ਕੇ ਮੋਰੀ ਕਰ ਦਿਤੀ ਗਈ ਹੈ। ਏਸੇ ਤਰ੍ਹਾਂ ਆਨੰਦਪੁਰ ਸਾਹਿਬ ਦੇ ਕਈ ਅਸਥਾਨਾਂ ਦਾ ਕੁੱਝ ਦਾ ਕੁੱਝ ਬਣਾ ਦਿਤਾ ਗਿਆ ਹੈ।
ਖ਼ੈਰ ਇਹ ਲਿਖਾਰੀ 18 ਜੁਲਾਈ ਨੂੰ ਜਦੋਂ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗਿਆ ਤਾਂ ਵੇਖਿਆ ਕਿ ਦੋ ਪੁਰਾਤਨ ਖੂਹ,

ਜੋ ਖੁਦਾਈ ਦੌਰਾਨ ਨਿਕਲੇ ਸਨ, ਉਹ ਢਾਹ ਦਿਤੇ ਗਏ ਹਨ ਹਾਲਾਂਕਿ ਉਨ੍ਹਾਂ ਨੂੰ ਸੌਖਿਆਂ ਹੀ ਬਚਾਇਆ ਜਾ ਸਕਦਾ ਸੀ ਕਿਉਂਕਿ ਇਕ ਖੂਹ ਦੀ ਬਣ ਰਹੀ ਚਾਰ ਦੀਵਾਰੀ ਦੇ ਅੰਦਰਲੇ ਪਾਸੇ ਆਇਆ ਅਤੇ ਦੂਜਾ ਬਾਹਰਲੇ ਪਾਸੇ। ਪਰ ਕਾਰਸੇਵਾ ਵਾਲੇ ਇਕ ਤੀਜੇ ਖੂਹ ਨੂੰ, ਜਿਹੜਾ ਚਾਲੂ ਹਾਲਤ ਵਿਚ ਹੈ, ਉਸ ਨੂੰ ਬਚਾਉਣ ਦਾ ਵਾਇਦਾ ਕਰ ਚੁੱਕੇ ਹਨ। ਸੋ ਦਰਬਾਰ ਸਾਹਿਬ ਦੇ ਵਿਹੜੇ ਵਿਚ ਤਿੰਨ ਖੂਹਾਂ ਦਾ ਸਬੂਤ ਮਿਲ ਜਾਂਦਾ ਹੈ। ਹੁਣ ਸਵਾਲ ਉਠਦਾ ਹੈ ਕਿ ਸੱਭ ਤੋਂ ਪੁਰਾਤਨ ਖੂਹ ਕਿਹੜਾ ਹੈ? ਯਾਦ ਰਹੇ ਸੁਧਰਿਆ ਹੋਇਆ ਰੂਪ ਅਮੂਮਨ ਨਵਾਂ ਹੁੰਦਾ ਹੈ।

ਜ਼ਰੂਰਤ ਹੈ ਉਸ ਖੂਹ ਨੂੰ ਵੀ ਬਚਾਇਆ ਜਾ ਸਕੇ ਜਿਹੜਾ ਗੁਰੂ ਨਾਨਕ ਵੇਲੇ ਸੀ। ਡੁੱਲ੍ਹੇ ਬੇਰਾਂ ਦਾ ਅਜੇ ਵੀ ਕੁੱਝ ਨਹੀ ਵਿਗੜਿਆ। ਜ਼ਰੂਰਤ ਹੈ ਉਨ੍ਹਾਂ ਖੂਹਾਂ ਨੂੰ ਬਚਾਉਣ ਦੀ। ਨਾਲੇ ਮਹਾਰਾਜਾ ਚੂਨੀ ਲਾਲ ਵਾਲੀ ਇਮਾਰਤ ਦੀ ਨੀਹ ਦਾ ਕੁੱਝ ਹਿੱਸਾ ਵੀ ਯਾਦਗਾਰ ਦੇ ਤੌਰ ਤੇ ਸਾਂਭਿਆ ਜਾ ਸਕਦਾ ਹੈ। ਹਾਲਾਂ ਗੁੰਬਦ ਤੇ ਪਾਲਕੀ ਨੂੰ ਬਚਾਉਣ ਦਾ ਵਾਇਦਾ ਕਮੇਟੀ ਕਰ ਚੁੱਕੀ ਹੈ। ਖ਼ੈਰ ਖਾਲਸਾ ਪੰਥ ਨੇ ਕਲਾਨੌਰ ਵਿਖੇ ਬੰਦਾ ਬਹਾਦਰ ਦੀ ਯਾਦਗਾਰ ਤਾਂ ਬਣਾ ਦਿਤੀ ਹੈ ਪਰ ਦੁਨੀ ਚੰਦ ਕ੍ਰੋੜੀਏ ਬਾਰੇ ਇਹ ਅਨਜਾਣ ਹਨ।