ਪੁਰਾਣੀ ਪਾਰਲੀਮੈਂਟ ਬਨਾਮ ਨਵਾਂ ਸੰਸਦ ਭਵਨ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਨਵੀਂ ਸੰਸਦ ਵਿਚ ਕਦਮ ਰਖਦਿਆਂ, ਨਵੇਂ ਭਾਰਤ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ।

photo

 

ਅੱਜ ਨਵੀਂ ਸੰਸਦ ਵਿਚ ਕਦਮ ਰਖਦਿਆਂ, ਨਵੇਂ ਭਾਰਤ ਦਾ ਸੁਪਨਾ ਵਿਖਾਇਆ ਜਾ ਰਿਹਾ ਹੈ। ਅੰਗਰੇਜ਼ਾਂ ਤੋਂ ਅਪਣੀ ਧਰਤੀ ’ਤੇ ਬਣਵਾਏ ਸੰਸਦ ਭਵਨ ਨੂੰ ਭੁੱਲੀ ਵਿਸਰੀ ਯਾਦ ਵਜੋਂ ਛੱਡ ਕੇ ਅਪਣਾ ਨਵਾਂ ਸੰਸਦ ਭਵਨ ਸਥਾਪਤ ਕਰਨ ਦੇ ਰਸਤੇ ਵਿਚ ਕਈ ਇਤਿਹਾਸਕ ਪਲ ਪੁਰਾਣੇ ਸੰਸਦ ਭਵਨ ਵਿਚ ਬੰਦ ਕੀਤੇ ਜਾ ਰਹੇ ਹਨ।  ਪਿਛਲੇ ਸੈਸ਼ਨ ਵਿਚ ਜਾ ਬੈਠਣ ਦਾ ਮੌਕਾ ਮਿਲਿਆ ਤਾਂ ਦਿਲ ਤੇ ਅੱਖਾਂ ਦੰਗ ਰਹਿ ਗਏ ਉਸ ਥਾਂ ਤੇ ਬੈਠ ਕੇ ਜਿਥੇ ਭਗਤ ਸਿੰਘ ਦੀ ਆਵਾਜ਼ ਗੂੰਜੀ ਸੀ ਤੇ ਸੈਂਟਰਲ ਹਾਲ ਵਿਚ ਜਵਾਹਰ ਲਾਲ ਨਹਿਰੂ ਦੀ ਮੌਜੂਦਗੀ ਅੱਜ ਵੀ ਮਹਿਸੂਸ ਹੁੰਦੀ ਹੈ।  ਸੈਂਟਰਲ ਹਾਲ ਵਿਚ ਉਹ ਲਾਲ ਛਤਰੀ ਵਾਲੀ ਮੰਚ ਜਿਥੋਂ ਭਾਰਤ ਦੀ ਆਜ਼ਾਦੀ ਦੀ ਸ਼ੁਰੂਆਤ ਅੱਧੀ ਰਾਤ ਨੂੰ ਐਲਾਨੀ ਗਈ, ਇਤਿਹਾਸ ਦੇ ਐਸੇ ਪਲਾਂ ਨਾਲ ਸਪੋਕਸਮੈਨ ਦੇ ਫ਼ਾਊਂਡਰ ਸ. ਹੁਕਮ ਸਿੰਘ ਦੀ ਤਸਵੀਰ ਸਪੀਕਰ ਦੇ ਕਮਰੇ ਵਿਚ ਲੱਗੀ ਵੇਖ, ਅਸੀ ਵੀ ਉਸ ਸਦਨ ਨਾਲ ਨਿਜੀ ਤੌਰ ’ਤੇ ਜੁੜ ਜਾਂਦੇ ਹਾਂ।

75 ਸਾਲਾਂ ਵਿਚ ਹੀ ਅਸੀ ਇਤਿਹਾਸਕ ਸਦਨ ਨੂੰ ਛੱਡ ਕੇ ਅੱਗੇ ਆਧੁਨਿਕ ਨਜ਼ਰ ਆਉਂਦੇ ਸਦਨ ਵਲ ਤੁਰ ਪਏ ਹਾਂ ਤੇ ਇਸ ਸਮੇਂ ਉਦਾਸੀ ਵਾਲਾ ਦੁੱਖ ਵੀ ਜ਼ਰੂਰ ਹੁੰਦਾ ਹੈ। ਜਿਥੇ ਅੰਗਰੇਜ਼ਾਂ ਦੇ ਬਣਾਏ ਸੰਸਦ ਭਵਨ ਦੇ ਸਾਹਮਣੇ ਅਪਣਾ ਬਣਾਇਆ ਸੰਸਦ ਭਵਨ ਵੇਖ ਕੇ ਮਾਣ ਮਹਿਸੂਸ ਹੋਇਆ ਸੀ, ਅੱਜ ਨਵੇਂ ਸਦਨ ਵਿਚ ਚਲਦੇ ਹੋਏ ਦਿਲ ਵਿਚ ਇਕ ਡਰ ਵੀ ਜ਼ਰੂਰ ਹੈ। ਜਿਸ ਹਾਲ ਵਲ ਚਾਲੇ ਪਾ ਦੇਣ ਲਈ ਆਖਿਆ ਜਾ ਰਿਹਾ ਹੈ, ਕੀ ਉਹ ਸਾਡੇ ਲੋਕਤੰਤਰ ਨੂੰ ਮਜ਼ਬੂਤ ਕਰੇਗਾ ਜਾਂ ਆਧੁਨਿਕਤਾ ਦੇ ਭੁਲੇਖੇ ਭਰੀ ਸੋਚ ਵਿਚ ਉਲਝ ਕੇ ਅਪਣੇ ਅਮੀਰ ਇਤਿਹਾਸ ਤੋਂ ਵਾਂਝੇ ਹੋ ਜਾਵਾਂਗੇ?

ਨਵੀਂ ਸੰਸਦ ਵਿਚ ਆਧੁਨਿਕ ਇਮਾਰਤਾਂ ਵਾਲੀ ਹਰ ਸਹੂਲਤ ਤਾਂ ਹੈ, ਹਰ ਇਕ ਵਾਸਤੇ ਵਖਰਾ ਕਮਰਾ ਹੈ, ਇਕ ਨਵੀਂ ਕਾਢ, ‘ਆਟੋ ਮਾਰਕ ਮਾਈਕਰੋਫ਼ੋਨ’ (auto mark microphone) ਹੈ ਜਿਸ ਨਾਲ ਸਿਰਫ਼ ਨਿਰਧਾਰਤ ਸਮੇਂ ਵਾਸਤੇ ਮਾਈਕ ਚੱਲੇਗਾ ਤੇ ਸਮਾਂ ਖ਼ਤਮ ਹੋਣ ’ਤੇ ਬੰਦ ਹੋ ਜਾਵੇਗਾ। ਇਹ ਅਨੁਸ਼ਾਸਨ ਵਾਸਤੇ ਤਾਂ ਸਹੀ ਹੈ ਪਰ ਫਿਰ ਵੀ ਤਕਲੀਫ਼ ਦਿੰਦਾ ਹੈ ਕਿਉਂਕਿ ਇਹ ਦਰਸਾਉਂਦਾ ਹੈ ਕਿ ਆਉਣ ਵਾਲੇ ਸਾਂਸਦਾਂ ਵਿਚ ਅਨੁਸ਼ਾਸਨ ਮਸ਼ੀਨਾਂ ਅੰਦਰੋਂ ਆਵੇਗਾ ਨਾ ਕਿ ਸਾਂਸਦਾਂ ਅੰਦਰੋਂ।

ਪੁਰਾਣੇ ਸਦਨ ਨੂੰ ਅਲਵਿਦਾ ਕਹਿੰਦੇ ਹੋਏ, ਇਕ ਚਰਚਾ ਵਿਚ ਜੰਮੂ-ਕਸ਼ਮੀਰ ਤੋਂ ਵਿਕਰਮ ਸਿੰਘ (ਐਮ.ਪੀ.) ਜੋ ਕਿ 1967 ਵਿਚ ਪਹਿਲੀ ਵਾਰ ਸੰਸਦ ਦੇ ਮੈਂਬਰ ਬਣੇ, ਦੀਆਂ ਗੱਲਾਂ ਸੁਣਨ ਨੂੰ ਮਿਲੀਆਂ। ਉਹ ਦਸਦੇ ਹਨ ਕਿ ਉਹ ਸਾਂਸਦ ਬਣਨ ਤੋਂ ਪਹਿਲਾਂ ਵੀ ਨਹਿਰੂ ਦੇ ਭਾਸ਼ਣ ਤੇ ਸੰਸਦ ਵਿਚ ਹੋ ਰਹੀ ਡੀਬੇਟ ਸੁਣਨ ਜਾਂਦੇ ਸਨ। ਫਿਰ ਬੀਰ ਦਵਿੰਦਰ ਸਿੰਘ ਦੀ ਯਾਦ ਵੀ ਆਈ ਜਿਨ੍ਹਾਂ ਵਿਚ ਵੀ ਉਹੀ ਰਸ ਸੀ। ਉਨ੍ਹਾਂ ਨਾਲ ਗੱਲਬਾਤ ਕਰਨ ਤੇ ਤਕਰੀਰਾਂ ਸੁਣਨ ਵਿਚ ਅਨੰਦ ਆਉਂਦਾ ਸੀ ਕਿਉਂਕਿ ਉਨ੍ਹਾਂ ਦੇ ਇਕ ਇਕ ਲਫ਼ਜ਼ ਪਿੱਛੇ ਸਾਲਾਂ ਦੀ ਖੋਜ ਹੁੰਦੀ ਸੀ। ਅੱਜ ਦੇ ਸਾਂਸਦਾਂ ਨੂੰ ਸੁਣ ਕੇ ਤੁਸੀ ਖ਼ੁਸ਼ ਹੋਣ ਦੀ ਤਾਂ ਗੱਲ ਹੀ ਛੱਡੋ, ਬਲਕਿ ਨਿਰਾਸ਼ਾ ਦੀਆਂ ਪੰਡਾਂ ਦਾ ਭਾਰ ਚੁਕ ਕੇ ਆਉਂਦੇ ਹੋ ਤੇ ਸੋਚਦੇ ਹੋ ਕਿ ਇਨ੍ਹਾਂ ਦੇ ਹੱਥ ਵਿਚ ਹੈ ਮੇਰਾ ਭਵਿੱਖ? ਇਹ ਸ਼ਖ਼ਸ ਜਿਸ ਦੇ ਲਫ਼ਜ਼ਾਂ ਵਿਚ ਸਚਾਈ ਨਹੀਂ, ਜਿਸ ਵਿਚ ਸਹਿਣਸ਼ੀਲਤਾ ਦਾ ਕਣ ਨਹੀਂ, ਉਹ ਦੇਸ਼ ਵਾਸਤੇ ਕਿਹੜਾ ਸੁਪਨਾ ਸਿਰਜੇਗਾ?

ਇਮਾਰਤਾਂ ਬਦਲਣ ਨਾਲ ਦੇਸ਼ ਦੀ ਕਿਸਮਤ ਨਹੀਂ ਬਦਲਦੀ। ਅੱਜ ਦੇਸ਼ ਨੂੰ ਸਿਆਣੇ, ਸੂਝਵਾਨ ਆਗੂ ਚਾਹੀਦੇ ਹਨ ਜੋ ਇਕ ਦੂਜੇ ਪ੍ਰਤੀ ਸਹਿਣਸ਼ੀਲਤਾ ਰੱਖਣ ਤੇ ਗੱਲ ਗੱਲ ਤੇ ਵਿਰੋਧ ਤੇ ਨਾਹਰਿਆਂ ਵਿਚ ਨਾ ਉਲਝ ਜਾਣ। ਨਵੀਂ ਇਮਾਰਤ ਵਿਚ ਪਿਛਲੇ ਸਾਲ ਦੀਆਂ ਰੀਤਾਂ ਨਹੀਂ ਜਾਣੀਆਂ ਚਾਹੀਦੀਆਂ ਤੇ ਭੁਲਣਾ ਨਹੀਂ ਚਾਹੀਦਾ ਕਿ ਦੇਸ਼ ਦੀ ਰੂਹ ਪੁਰਾਣੀ ਸੰਸਦ ਵਿਚ ਹੈ ਤੇ ਉਸ ਦੀ ਸੰਭਾਲ ਵਿਚ ਕਮੀ ਨਹੀਂ ਹੋਣੀ ਚਾਹੀਦੀ।
- ਨਿਮਰਤ ਕੌਰ