ਨਵੰਬਰ 84 ਕਤਲੇਆਮ ਤੇ ਹਿਟਲਰ ਵਲੋਂ ਯਹੂਦੀ ਨਸਲਕੁਸ਼ੀ : ਫ਼ਰਕ ਕੀ ਹੈ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜਦੋਂ ਜਰਮਨੀ ਵਿਚ ਯਹੂਦੀਆਂ ਦੀ ਨਸਲਕੁਸ਼ੀ ਦਾ ਸੱਚ ਸਾਹਮਣੇ ਆਇਆ ਤਾਂ ਪੂਰੀ ਦੁਨੀਆਂ ਵਿਚ ਸਾਰੇ ਜਰਮਨੀ ਨੂੰ ਨਫ਼ਰਤ ਅਤੇ ਸ਼ਰਮਿੰਦਗੀ ਸਹਾਰਨੀ ਪਈ.........

November 84 Massacre

ਜਦੋਂ ਜਰਮਨੀ ਵਿਚ ਯਹੂਦੀਆਂ ਦੀ ਨਸਲਕੁਸ਼ੀ ਦਾ ਸੱਚ ਸਾਹਮਣੇ ਆਇਆ ਤਾਂ ਪੂਰੀ ਦੁਨੀਆਂ ਵਿਚ ਸਾਰੇ ਜਰਮਨੀ ਨੂੰ ਨਫ਼ਰਤ ਅਤੇ ਸ਼ਰਮਿੰਦਗੀ ਸਹਾਰਨੀ ਪਈ। ਜਰਮਨੀ ਨਾਲ ਰਿਸ਼ਤੇ ਤੋੜੇ ਗਏ। ਅੱਜ ਉਹੀ ਜਰਮਨੀ ਪਛਤਾਵਾ ਵੀ ਕਰ ਰਿਹਾ ਹੈ ਅਤੇ ਐਂਜੇਲਾ ਮਾਰਕਲ ਵਰਗੀ ਆਗੂ ਰਫ਼ਿਊਜੀਆਂ ਦਾ ਸਹਾਰਾ ਵੀ ਬਣ ਰਹੀ ਹੈ। ਇਸ ਸਾਲ ਐਂਜੇਲਾ ਮਾਰਕੇਲ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਸੂਚੀਬੱਧ ਕੀਤਾ ਗਿਆ ਸੀ।

ਪਰ ਭਾਰਤ ਉਸ ਨਸਲਕੁਸ਼ੀ ਦੇ ਸੱਚ ਨੂੰ ਹੁਣ ਤਕ ਲੁਕਾਉਂਦਾ ਹੀ ਆ ਰਿਹਾ ਹੈ ਅਤੇ ਸਿੱਖਾਂ ਤੋਂ ਵੀ ਲੁਕਾਉਂਦਾ ਰਿਹਾ ਹੈ। ਅੱਜ ਨਾ ਤਾਂ ਭਾਰਤ ਕੋਲ ਕੋਈ ਅਜਿਹਾ ਆਗੂ ਹੈ ਜਿਸ ਉਤੇ ਸੱਚਾ ਫ਼ਖ਼ਰ ਕੀਤਾ ਜਾ ਸਕਦਾ ਹੋਵੇ ਅਤੇ ਨਾ ਹੀ ਸਿੱਖਾਂ ਕੋਲ ਅਜਿਹਾ ਕੋਈ ਆਗੂ ਹੈ ਜਿਸ ਉਤੇ ਉਹ ਫ਼ਖ਼ਰ ਕਰ ਸਕਦੇ ਹੋਣ।

ਇਕ ਸਜ਼ਾ-ਏ-ਮੌਤ, ਇਕ ਉਮਰ ਕੈਦ ਅਤੇ 35-35 ਲੱਖ ਰੁਪਏ ਦਾ ਜੁਰਮਾਨਾ ਸਿੱਖਾਂ ਨਾਲ ਕੀਤੇ ਜਬਰ, ਜ਼ੁਲਮ ਅਤੇ ਕਤਲੇਆਮ ਦੀ ਕੁਲ ਕੀਮਤ ਜੋ ਹੁਣ ਤਕ ਅਦਾ ਕੀਤੀ ਗਈ ਹੈ। ਪਰ ਕੀ ਇਸ ਨਾਲ ਕਲੇਜੇ ਨੂੰ ਠੰਢ ਪੈ ਸਕਦੀ ਹੈ? ਜਦੋਂ ਜੱਜ ਨੇ ਸਜ਼ਾ ਸੁਣਾਉਂਦਿਆਂ ਇਹ ਕਿਹਾ ਕਿ ਇਨ੍ਹਾਂ ਦੋਹਾਂ ਦਾ ਗੁਨਾਹ 'ਵਿਰਲਿਆਂ 'ਚੋਂ ਵਿਰਲਾ' ਮਾਮਲਾ ਹੈ ਤਾਂ ਉਨ੍ਹਾਂ ਨੇ ਸਹੀ ਹੀ ਕਿਹਾ। ਜੱਜ ਅਜੇ ਪਾਂਡੇ ਨੇ ਜਾਣੇ-ਅਣਜਾਣੇ 'ਚ ਇਕ ਹੋਰ ਗੱਲ ਵੀ ਕਹਿ ਦਿਤੀ ਜੋ ਸ਼ਾਇਦ ਅੱਜ ਸਿੱਖ ਖ਼ੁਦ ਵੀ ਨਹੀਂ ਸਮਝ ਸਕੇ।

ਅੱਜ ਤਕਰੀਬਨ ਹਰ ਅਖ਼ਬਾਰ ਜਾਂ ਮੀਡੀਆ ਘਰਾਣੇ ਨੇ ਸਿੱਖਾਂ ਦੇ ਦੋਸ਼ੀਆਂ ਦੀ ਖ਼ਬਰ ਜ਼ਰੂਰ ਲਾਈ ਹੈ ਪਰ ਸੱਭ ਨੇ ਨਵੰਬਰ 1984 ਦੇ ਕਤਲੇਆਮ ਨੂੰ ਦੰਗੇ ਆਖਿਆ ਹੈ। ਜੱਜ ਅਜੇ ਪਾਂਡੇ ਨੇ ਵੀ ਆਖਿਆ ਤਾਂ ਦੰਗਾ ਹੀ ਹੈ ਪਰ ਅਪਣੇ ਫ਼ੈਸਲੇ ਵਿਚ ਉਨ੍ਹਾਂ ਨੇ ਇਸ ਦੀ ਪਰਿਭਾਸ਼ਾ ਵੀ ਦੇ ਦਿਤੀ। ਉਨ੍ਹਾਂ ਨੇ ਜਦੋਂ ਅਪਰਾਧੀਆਂ ਨੂੰ ਸਜ਼ਾ ਦਿਤੀ ਤਾਂ ਆਖਿਆ ਕਿ ਇਨ੍ਹਾਂ ਦੇ ਅਪਰਾਧ ਭਿਆਨਕ ਸਨ ਅਤੇ ਇਨ੍ਹਾਂ ਨੇ ਪੀੜਤਾਂ ਨੂੰ ਖ਼ਤਮ ਕਰਨ ਲਈ ਕਤਲ ਅਤੇ ਲੁੱਟਮਾਰ, ਬਗ਼ੈਰ ਕਿਸੇ ਕਾਰਨ ਦੇ ਕੀਤੀ, ਸਿਰਫ਼ ਪੀੜਤਾਂ ਦਾ ਵਖਰਾ ਧਰਮ ਵੇਖ ਕੇ ਹੀ।

ਇਹ ਪਰਿਭਾਸ਼ਾ ਕਤਲੇਆਮ ਦੀ ਪ੍ਰੀਭਾਸ਼ਾ ਹੈ, ਦੰਗਿਆਂ ਦੀ ਨਹੀਂ। ਜੱਜ ਪਾਂਡੇ ਨੇ 34 ਸਾਲਾਂ ਵਿਚ ਪਹਿਲੀ ਵਾਰੀ ਅਪਰਾਧੀਆਂ ਨੂੰ ਸਜ਼ਾ ਦੇ ਕੇ ਬਾਕੀ ਪੀੜਤਾਂ ਵਾਸਤੇ ਇਨਸਾਫ਼ ਦਾ ਰਾਹ ਹੀ ਨਹੀਂ ਖੋਲ੍ਹ ਦਿਤਾ ਸਗੋਂ ਭਾਰਤ ਦੇ ਇਤਿਹਾਸ ਦੀ ਸਹੀ ਪਰਿਭਾਸ਼ਾ ਕਰਨ ਦਾ ਰਾਹ ਵੀ ਖੋਲ੍ਹ ਦਿਤਾ ਹੈ। ਕਹਿਣ ਵਾਲੇ ਤਾਂ ਕਹਿਣਗੇ ਕਿ ਕੋਈ ਫ਼ਰਕ ਨਹੀਂ ਪੈਂਦਾ ਕਿ ਦੰਗੇ ਸਨ ਜਾਂ ਨਸਲਕੁਸ਼ੀ, ਸੱਭ ਜਾਣਦੇ ਹਨ ਕਿ ਸਿਰਫ਼ ਸਿੱਖ ਹੀ ਮਾਰੇ ਗਏ ਸਨ। ਪਰ ਅਸਲ ਵਿਚ ਸੱਭ ਲੋਕ ਇਹ ਗੱਲ ਨਹੀਂ ਜਾਣਦੇ। ਸਿੱਖਾਂ ਨੂੰ ਤਾਂ ਖ਼ੁਦ ਦੇ ਜ਼ਖ਼ਮਾਂ ਬਾਰੇ ਵੀ ਅਹਿਸਾਸ ਨਹੀਂ ਹੈ।

1984 ਤੋਂ ਬਾਅਦ ਹਰ ਕਿਸੇ ਨੇ ਇਸ ਭਿਆਨਕ ਘਟਨਾ ਨੂੰ ਦੰਗਿਆਂ ਦਾ ਨਾਂ ਦੇ ਕੇ ਸਿੱਖ ਕੌਮ ਨੂੰ ਆਪ ਹੀ ਇਹ ਅਹਿਸਾਸ ਨਾ ਹੋਣ ਦਿਤਾ ਕਿ ਉਨ੍ਹਾਂ ਨਾਲ ਕਿੰਨਾ ਵੱਡਾ ਗੁਨਾਹ ਕੀਤਾ ਗਿਆ ਹੈ। ਭਾਰਤ ਨੂੰ ਵੀ ਅਹਿਸਾਸ ਨਹੀਂ ਹੋਣ ਦਿਤਾ ਗਿਆ ਕਿ ਉਨ੍ਹਾਂ ਨੇ ਇਸ ਨਸਲਕੁਸ਼ੀ ਵਿਚ ਹਿੱਸਾ ਲੈ ਕੇ ਜਾਂ ਇਸ ਦੀ ਹਮਾਇਤ ਕਰ ਕੇ ਕਿੰਨਾ ਵੱਡਾ ਗੁਨਾਹ ਕੀਤਾ ਹੈ। ਜਦੋਂ ਜਰਮਨੀ ਵਿਚ ਯਹੂਦੀਆਂ ਦੀ ਨਸਲਕੁਸ਼ੀ ਦਾ ਸੱਚ ਸਾਹਮਣੇ ਆਇਆ ਤਾਂ ਪੂਰੀ ਦੁਨੀਆਂ ਵਿਚ ਸਾਰੇ ਜਰਮਨੀ ਨੂੰ ਨਫ਼ਰਤ ਅਤੇ ਸ਼ਰਮਿੰਦਗੀ ਸਹਾਰਨੀ ਪਈ। ਜਰਮਨੀ ਨਾਲ ਰਿਸ਼ਤੇ ਤੋੜੇ ਗਏ।

ਅੱਜ ਉਹੀ ਜਰਮਨੀ ਪਛਤਾਵਾ ਵੀ ਕਰ ਰਿਹਾ ਹੈ ਅਤੇ ਐਂਜੇਲਾ ਮਾਰਕਲ ਵਰਗੀ ਆਗੂ ਰਫ਼ਿਊਜੀਆਂ ਦਾ ਸਹਾਰਾ ਵੀ ਬਣ ਰਹੀ ਹੈ। ਇਸ ਸਾਲ ਐਂਜੇਲਾ ਮਾਰਕੇਲ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਸੂਚੀਬੱਧ ਕੀਤਾ ਗਿਆ ਸੀ। ਪਰ ਭਾਰਤ ਉਸ ਨਸਲਕੁਸ਼ੀ ਦੇ ਸੱਚ ਨੂੰ ਹੁਣ ਤਕ ਲੁਕਾਉਂਦਾ ਹੀ ਆ ਰਿਹਾ ਹੈ ਅਤੇ ਸਿੱਖਾਂ ਤੋਂ ਵੀ ਲੁਕਾਉਂਦਾ ਰਿਹਾ ਹੈ। ਅੱਜ ਨਾ ਤਾਂ ਭਾਰਤ ਕੋਲ ਕੋਈ ਅਜਿਹਾ ਆਗੂ ਹੈ ਜਿਸ ਉਤੇ ਸੱਚਾ ਫ਼ਖ਼ਰ ਕੀਤਾ ਜਾ ਸਕਦਾ ਹੋਵੇ ਅਤੇ ਨਾ ਹੀ ਸਿੱਖਾਂ ਕੋਲ ਅਜਿਹਾ ਕੋਈ ਆਗੂ ਹੈ ਜਿਸ ਉਤੇ ਉਹ ਫ਼ਖ਼ਰ ਕਰ ਸਕਦੇ ਹੋਣ।

ਇਹ ਸਾਰੇ ਅਪਣੇ ਬੀਤ ਚੁੱਕੇ ਸਮੇਂ ਦੇ ਆਗੂਆਂ ਵਲ ਵੇਖ ਕੇ ਉਨ੍ਹਾਂ ਦੇ ਬੁੱਤ ਬਣਾਉਂਦੇ ਹਨ ਪਰ ਸ਼ਾਇਦ ਹੀ ਇਨ੍ਹਾਂ ਕੋਲ ਅੱਜ  ਕੋਈ ਅਜਿਹਾ ਆਗੂ ਹੋਵੇਗਾ ਜਿਸ ਉਤੇ ਦਿਲੋਂ ਫ਼ਖ਼ਰ ਕਰ ਸਕਣ। 1984 ਤੋਂ ਬਾਅਦ ਭਾਰਤ ਦੇ ਖ਼ੂਨ ਵਿਚ ਨਸਲਕੁਸ਼ੀ ਵੱਸ ਗਈ ਹੈ ਜਿੱਥੇ ਉਹ ਜਾਂ ਤਾਂ ਮਾਰਕੁਟ ਕਰ ਕੇ ਜਾਂ ਇਤਿਹਾਸ ਨੂੰ ਬਦਲ ਕੇ ਘੱਟਗਿਣਤੀਆਂ ਅਤੇ ਗ਼ਰੀਬਾਂ ਨੂੰ ਖ਼ਤਮ ਕਰਨ ਨੂੰ ਅਪਣਾ ਜੀਵਨ ਮਨੋਰਥ ਮੰਨਦੇ ਹਨ। ਜੱਜ ਅਜੇ ਪਾਂਡੇ ਦਾ ਫ਼ੈਸਲਾ ਨਾ ਸਿਰਫ਼ ਸਿੱਖਾਂ ਵਾਸਤੇ ਹੀ ਹੈ ਬਲਕਿ ਭਾਰਤ ਦੀ ਸਾਰੀ ਆਬਾਦੀ ਵਾਸਤੇ ਵੀ ਹੈ।

ਜੇ ਦਿਲ-ਦਿਮਾਗ਼ ਖੁੱਲ੍ਹੇ ਹਨ ਤਾਂ ਨਵੰਬਰ '84 ਨੂੰ 'ਨਸਲਕੁਸ਼ੀ' ਕਹਿ ਕੇ ਪੁਕਾਰਨਾ, ਸਿੱਖਾਂ ਦੇ ਜ਼ਖ਼ਮ ਭਰਨ ਵਾਲਾ ਚੰਗਾ ਕਦਮ ਹੀ ਹੋਵੇਗਾ। ਨਸਲਕੁਸ਼ੀ ਸਿਰਫ਼ ਕੁੱਝ ਕੁ ਸਿੱਖਾਂ ਦੀ ਹੀ ਨਹੀਂ ਸੀ ਹੋਈ ਬਲਕਿ ਪੂਰੀ ਦੀ ਪੂਰੀ ਕੌਮ ਨੂੰ ਤਬਾਹ ਕਰਨ ਦੀ ਸਾਜ਼ਸ਼ ਸੀ। ਜੱਜ ਅਜੇ ਪਾਂਡੇ ਦਾ ਦਿਲੋਂ ਧਨਵਾਦ ਜਿਨ੍ਹਾਂ ਨੇ ਸਿੱਖ ਕੌਮ ਦੇ ਅਪਰਾਧੀਆਂ ਵਿਰੁਧ 34 ਸਾਲਾਂ ਵਿਚ ਪਹਿਲਾ ਫ਼ੈਸਲਾ ਦਿਤਾ ਜੋ ਕਤਲੇਆਮ ਦੇ ਜ਼ਖ਼ਮਾਂ ਨਾਲ ਪੀੜਤ ਸਿੱਖਾਂ ਨੂੰ ਸੁੱਖ ਦੇ ਗਿਆ

ਅਤੇ ਉਨ੍ਹਾਂ ਅੰਦਰ ਆਸ ਦਾ ਇਕ ਦੀਵਾ ਵੀ ਜਗਾ ਗਿਆ ਹੈ। ਇਸ ਜੱਜ ਨੇ ਪੀੜਤਾਂ ਦੇ ਦਰਦ ਨੂੰ ਸੁਣ ਕੇ ਅਤੇ ਉਸ ਉਤੇ ਮਲ੍ਹਮ ਦਾ ਫੋਹਾ ਰੱਖ ਕੇ ਪੂਰੇ ਭਾਰਤ ਉਤੇ ਬੜਾ ਵੱਡਾ ਅਹਿਸਾਨ ਕਰ ਦਿਤਾ ਹੈ। ਜੇ ਸਾਰੇ ਹੀ ਸਬੰਧਤ ਲੋਕ, ਪੀੜਤਾਂ ਦੇ ਸੱਚ ਨੂੰ ਸਮਝਣ ਅਤੇ ਸੁਣਨ ਲੱਗ ਜਾਣ ਤਾਂ ਭਾਰਤ ਦੇ ਇਤਿਹਾਸ ਵਿਚ ਨਸਲਕੁਸ਼ੀ ਤੇ ਦੰਗਿਆਂ ਵਰਗੀਆਂ ਕਾਲੀਆਂ ਘੜੀਆਂ ਪੈਦਾ ਹੀ ਨਾ ਹੋਣ।  -ਨਿਮਰਤ ਕੌਰ