ਗੁਰਪੁਰਬ ਵੀ ਸਾਡੇ ਬੱਚਿਆਂ ਲਈ ਨਿਰੇ ਪੁਰੇ ਮੇਲੇ ਹੀ ਬਣਦੇ ਜਾ ਰਹੇ ਨੇ!!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਿੱਖੀ ਵਿਚ ਕਰਮ-ਕਾਂਡ ਹੈ ਹੀ ਨਹੀਂ ਇਸ ਲਈ ਜੇ ਸਿੱਖ ਇਤਿਹਾਸ ਤੇ ਵਿਚਾਰਧਾਰਾ ਵੀ ਆਮ ਸਿੱਖ ਦੇ ਘਰ ਵਿਚ ਨਹੀਂ ਪਹੁੰਚਦੇ ਤਾਂ ਸਿੱਖੀ ਉਥੇ ਖ਼ਤਮ ਸਮਝੋ।

Gurpurb is also becoming the perfect fair for our children !!

ਛੋਟੇ ਹੁੰਦਿਆਂ, ਮੇਰੇ ਲਗਭਗ ਸਾਰੇ ਹੀ ਦੋਸਤ ਹਿੰਦੂ ਸਨ ਕਿਉਂਕਿ ਮੈਂ ਪੰਜਾਬ ਤੋਂ ਬਾਹਰ ਹੀ ਵਿਦਿਆ ਪ੍ਰਾਪਤ ਕੀਤੀ ਸੀ। ਮਹੱਲੇ ਵਿਚ ਸਾਰੇ ਘਰ ਹਿੰਦੂਆਂ ਦੇ ਹੀ ਹੁੰਦੇ ਸਨ। ਉਹ ਅਪਣੇ ਧਾਰਮਕ ਸਮਾਗਮਾਂ ਤੇ ਮੈਨੂੰ ਵੀ ਨਾਲ ਲੈ ਜਾਇਆ ਕਰਦੇ ਸਨ। ਮੈਂ ਪੁਛਦਾ ਹੁੰਦਾ ਸੀ ਕਿ ਅੱਜ ਦੇ ਦਿਨ ਕੀ ਖ਼ਾਸ ਹੋਇਆ ਸੀ? ਗੁੱਗੇ ਪੀਰ ਦਾ ਮੇਲਾ ਹੋਵੇ, ਸ਼ਿਵਰਾਤਰੀ ਹੋਵੇ, ਹਾੜੀ ਇਕਾਦਸ਼ੀ ਹੋਵੇ, ਉਹ 'ਮੇਲਾ ਵੇਖਣ' ਹੀ ਜਾਇਆ ਕਰਦੇ ਸਨ ਪਰ ਪਤਾ ਉਨ੍ਹਾਂ ਨੂੰ ਕੁੱਝ ਨਹੀਂ ਸੀ ਹੁੰਦਾ। ਬ੍ਰਾਹਮਣ ਪੁਜਾਰੀ ਨੇ ਹਿੰਦੂਆਂ ਨੂੰ ਸਿਖਾਇਆ ਹੀ ਇਹ ਹੁੰਦਾ ਸੀ ਕਿ ਤੁਸੀਂ ਕਰਮ ਕਾਂਡ ਕਰਦੇ ਜਾਉ, ਜਿਵੇਂ ਮੈਂ ਤੁਹਾਨੂੰ ਕਰਨ ਲਈ ਕਹਿੰਦਾ ਹਾਂ। ਬਾਕੀ ਸਮਝ ਸੁਮਝ ਕੇ ਤੁਸੀਂ ਕੀ ਲੈਣੈ? ਉਹ ਮੇਰੇ ਤੇ ਛੱਡ ਦਿਉ, ਮੇਰੇ ਮੰਤਰ ਇਥੇ ਵੀ ਤੇ ਸਵਰਗ ਵਿਚ ਵੀ ਤੁਹਾਡਾ ਪੂਰਾ ਧਿਆਨ ਰੱਖਣਗੇ।''

ਸੋ ਹਿੰਦੂ ਸਮਾਜ ਵਿਚ ਬਹੁਤੇ ਪੁਰਬ ਤੇ ਤਿਉਹਾਰ 'ਮੇਲੇ' ਤੋਂ ਅੱਗੇ ਵਧਦੇ ਮੈਂ ਕਦੇ ਨਹੀਂ ਸਨ ਵੇਖੇ। ਬਸ ਕੁੱਝ ਧਾਰਮਕ ਕਰਮ-ਕਾਂਡ ਕਰੋ, ਪੰਡਤ ਜੀ ਨੂੰ ਥੋੜ੍ਹੇ ਜਿਹੇ ਪੈਸੇ ਦੇ ਦਿਉ ਤੇ ਖਾ ਪੀ ਕੇ, ਮੇਲਾ ਵੇਖ ਕੇ ਘਰ ਆ ਜਾਉ। ਬ੍ਰਾਹਮਣ ਸ਼੍ਰੇਣੀ ਨੇ ਹਿੰਦੂ ਵਿਚਾਰਧਾਰਾ ਅਪਣੇ ਕੋਲ ਰੱਖ ਲਈ ਹੈ ਤੇ ਆਮ ਹਿੰਦੂ ਲਈ ਬ੍ਰਾਹਮਣ ਦਾ ਕਿਹਾ ਮੰਨ ਕੇ ਮਿਥਿਹਾਸ ਨੂੰ ਸਹੀ ਮੰਨਣਾ ਤੇ ਕਰਮ-ਕਾਂਡ ਕਰੀ ਜਾਣਾ ਹੀ ਕਾਫ਼ੀ ਹੈ। ਸਿੱਖੀ ਵਿਚ ਕਰਮ-ਕਾਂਡ ਹੈ ਹੀ ਨਹੀਂ ਇਸ ਲਈ ਜੇ ਸਿੱਖ ਇਤਿਹਾਸ ਤੇ ਵਿਚਾਰਧਾਰਾ ਵੀ ਆਮ ਸਿੱਖ ਦੇ ਘਰ ਵਿਚ ਨਹੀਂ ਪਹੁੰਚਦੇ ਤਾਂ ਸਿੱਖੀ ਉਥੇ ਖ਼ਤਮ ਸਮਝੋ।

ਹੁਣ ਮੈਂ ਵੇਖ ਰਿਹਾਂ, ਸਿੱਖ ਬੱਚੇ ਵੀ ਉਸੇ ਹਾਲਤ ਵਿਚ ਆ ਗਏ ਨੇ। ਸਪੋਕਸਮੈਨ ਟੀ ਵੀ ਵਾਲਿਆਂ ਨੇ ਸੁਲਤਾਨਪੁਰ ਲੋਧੀ ਵਿਖੇ ਦਰਜਨਾਂ ਸਿੱਖ (ਦਸਤਾਰਧਾਰੀ ਤੇ ਪਟਕੇ ਵਾਲੇ) ਬੱਚਿਆਂ ਨੂੰ ਪੁਛਿਆ ਕਿ ਉਹ ਗੁਰੂ ਨਾਨਕ ਬਾਰੇ ਕੀ ਜਾਣਦੇ ਹਨ? ਬਾਬਾ ਨਾਨਕ ਕਿਥੇ ਪੈਦਾ ਹੋਏ ਸਨ, ਉਨ੍ਹਾਂ ਦੀ ਬਾਣੀ ਕਿਥੇ ਲਿਖੀ ਹੋਈ ਹੈ? ਕੀ ਸੰਦੇਸ਼ ਦਿਤਾ ਸੀ ਉਨ੍ਹਾਂ ਨੇ? ਕਿਉਂ ਅੱਜ ਏਨੀ ਵੱਡੀ ਗਿਣਤੀ ਵਿਚ ਸਿੱਖ ਇਥੇ ਆਏ ਨੇ? ਉਨ੍ਹਾਂ ਨੂੰ ਕੁੱਝ ਵੀ ਨਹੀਂ ਸੀ ਪਤਾ, ਸਿਵਾਏ ਇਸ ਦੇ ਕਿ ਅੱਜ ਗੁਰਦਵਾਰੇ ਵਿਚ ਮੇਲਾ ਲਗਣਾ ਹੈ ਜਿਹੜਾ ਵੇਖਣ ਵਾਲਾ ਹੋਵੇਗਾ, ਲੱਖਾਂ ਲਾਟੂ ਜਗਣਗੇ ਤੇ ਫੁੱਲਾਂ ਦੇ ਹਾਰ ਹਰ ਪਾਸੇ ਲਟਕ ਰਹੇ ਹੋਣਗੇ....।

ਕੁੱਝ ਸਮਾਂ ਪਹਿਲਾਂ ਕਿਸੇ ਨੇ ਲਿਖਿਆ ਸੀ ਕਿ ਬੜੇ ਜੋਸ਼ ਨਾਲ, ਰਾਹੀਆਂ ਨੂੰ ਰੋਕ ਰੋਕ ਕੇ, ਸ਼ਰਬਤ ਪਿਆਉਣ ਅਤੇ ਜ਼ਬਰਦਸਤੀ ਲੰਗਰ ਛਕਾਉਣ ਵਾਲੇ ਮੁੰਡਿਆਂ ਨੂੰ ਕਿਸੇ ਨੇ ਪੁਛ ਲਿਆ ਕਿ ਇਹ ਸੇਵਾ ਕਿਉਂ ਕਰ ਰਹੇ ਹੋ? ਉਹ ਕੁੱਝ ਵੀ ਨਾ ਦਸ ਸਕੇ। ਉਨ੍ਹਾਂ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਵੀ ਕੁੱਝ ਨਹੀਂ ਸੀ ਪਤਾ। ਬਸ ਏਨਾ ਹੀ ਪਤਾ ਸੀ ਕਿ ਸਾਲ ਵਿਚ ਇਕ ਦਿਨ ਛਬੀਲਾਂ ਵਾਲਾ ਗੁਰਪੁਰਬ ਆਉਂਦਾ ਹੈ ਜਿਸ ਦਿਨ ਹਰ ਇਕ ਨੂੰ ਮੁਫ਼ਤ ਸ਼ਰਬਤ ਪਿਆਣਾ ਤੇ ਲੰਗਰ ਵਰਤਾਉਣਾ ਜ਼ਰੂਰੀ ਹੁੰਦਾ ਹੈ।

ਗਿਆਨ ਦੀ ਥਾਂ ਕਰਮ-ਕਾਂਡ ਤੇ ਵਿਖਾਵੇ ਦੇ ਕਰਮ ਨੌਜਵਾਨ ਪੀੜ੍ਹੀ ਵਿਚ ਆ ਜਾਣ ਤਾਂ ਸਿੱਖੀ ਵਰਗੇ ਗੰਭੀਰ ਧਰਮ ਲਈ ਖ਼ਤਰੇ ਦੀ ਘੰਟੀ ਵੱਜ ਜਾਣੀ ਚਾਹੀਦੀ ਹੈ ਜੋ ਕਰਮ-ਕਾਂਡ ਤੇ ਮੇਲਿਆਂ ਦਾ ਧਰਮ ਨਹੀਂ, ਗਿਆਨ ਦਾ ਧਰਮ ਹੈ। ਸ਼੍ਰੋਮਣੀ ਕਮੇਟੀ ਸਮੇਤ, ਸਾਰੇ ਬਾਬੇ ਤੇ ਹੋਰ, ਇਸ ਨੂੰ ਹਿੰਦੂ ਪੁਜਾਰੀਆਂ ਵਾਂਗ ਹੀ ਮੇਲਿਆਂ ਤੇ ਕਰਮ-ਕਾਂਡਾਂ ਦਾ ਧਰਮ ਬਣਾ ਰਹੇ ਹਨ। ਗਿਆਨ ਮਰ ਗਿਆ ਤਾਂ ਸਿੱਖੀ ਦੀ ਲੋੜ ਹੀ ਖ਼ਤਮ ਹੋ ਜਾਵੇਗੀ। ਮੈਂ ਆਲੋਚਨਾ ਦੀ ਖ਼ਾਤਰ ਆਲੋਚਨਾ ਨਹੀਂ ਕਰ ਰਿਹਾ, ਨਾ ਜ਼ਬਾਨ ਦਾ ਸਵਾਦ ਸਲੂਣਾ ਕਰਨ ਲਈ ਹੀ ਲਿਖ ਰਿਹਾ ਹਾਂ।

ਕੌਮ ਦੇ 'ਗੋਲਕਧਾਰੀਆਂ' ਨੂੰ ਚੇਤਾਵਨੀ ਦੇ ਰਿਹਾ ਹਾਂ। ਹਾਕਮਾਂ ਦੀ ਚਾਪਲੂਸੀ ਤੇ ਵਿਖਾਵੇ ਦੀ ਫ਼ਜ਼ੂਲ-ਖ਼ਰਚੀ ਤੋਂ ਹਟ ਕੇ, ਕੌਮ ਦਾ ਦਿਤਾ ਇਕ ਇਕ ਪੈਸਾ, ਬੱਚਿਆਂ, ਨੌਜਵਾਨਾਂ ਨੂੰ ਸਿੱਖ ਵਿਚਾਰਧਾਰਾ ਦਾ ਗਿਆਨ ਛੋਟੀ ਉਮਰ ਵਿਚ ਦੇਣ ਦੀਆਂ ਤਰਕੀਬਾਂ ਲੱਭੋ ਤੇ ਸਿਰਫ਼ ਉਧਰ ਹੀ ਕੰਮ ਕਰੋ। ਮੇਲੇ ਸਿੱਖੀ ਨੂੰ ਨਹੀਂ ਬਚਾ ਸਕਣਗੇ। ਪਾਠਕਾਂ ਨੂੰ ਵੀ ਆਖਾਂਗਾ ਕਿ ਮੇਰੀ ਆਲੋਚਨਾ ਨੂੰ ਨੋਟ ਕਰ ਕੇ ਰੱਖੋ ਤੇ 'ਉੱਚਾ ਦਰ ਬਾਬੇ ਨਾਨਕ ਦਾ' ਸ਼ੁਰੂ ਹੋ ਜਾਏ ਤਾਂ ਮੈਨੂੰ ਦਸਣਾ ਕਿ ਉਥੇ ਇਸ ਹਾਲਤ ਨੂੰ ਬਦਲਣ ਲਈ ਠੀਕ ਕਦਮ ਚੁੱਕੇ ਜਾਂਦੇ ਹਨ ਜਾਂ ਉਥੇ ਵੀ ਗੱਪਾਂ ਮਾਰ ਕੇ ਹੀ ਸਮਾਂ ਲੰਘਾ ਦਿਤਾ ਜਾਂਦਾ ਹੈ?

- ਸ. ਜੋਗਿੰਦਰ ਸਿੰਘ