ਸ: ਪ੍ਰਤਾਪ ਸਿੰਘ ਕੈਰੋਂ ਦੀ ਇਕ ਹੋਰ 'ਦੇਣ' ਸਮਗਲਰ-ਸਾਧ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਸ 'ਫ਼ਲਸਫ਼ੇ' ਦੀ ਵਿਆਖਿਆ 50-55 ਸਾਲ ਪਹਿਲਾਂ ਜਿਵੇਂ ਮੈਂ ਕੈਰੋਂ ਦੇ ਸਾਥੀਆਂ ਕੋਲੋਂ ਪਹਿਲੀ ਵਾਰ ਸੁਣੀ

Mr. Partap Singh Kairon  

ਇਕ ਹੋਰ 'ਇਤਿਹਾਸਕ ਸਚਾਈ' ਜੋ ਮੈਨੂੰ ਸ: ਕੈਰੋਂ ਦੇ ਇਨ੍ਹਾਂ ਮਝੈਲ ਸਾਥੀਆਂ ਦੀ ਆਪਸੀ ਗੱਲਬਾਤ ਵਿਚੋਂ ਪਤਾ ਲੱਗੀ, ਉਹ ਇਹ ਸੀ ਕਿ ਜਦ ਇਹ 'ਸਮਗਲਰ' ਲੋਕਾਂ ਵਿਚ ਬਦਨਾਮ ਹੋਣੇ ਸ਼ੁਰੂ ਹੋ ਗਏ ਤੇ ਇਨ੍ਹਾਂ ਦੀ ਬਦਨਾਮੀ ਕਾਂਗਰਸੀਆਂ ਦੇ ਚਿੱਟੇ ਕਪੜਿਆਂ ਨੂੰ ਵੀ ਦਾਗ਼ੀ ਬਣਾਉਣ ਲੱਗ ਪਈ ਤਾਂ ਸ: ਪ੍ਰਤਾਪ ਸਿੰਘ ਕੈਰੋਂ ਨੇ ਉਨ੍ਹਾਂ ਨੂੰ ਬੁਲਾ ਕੇ ਕਿਹਾ ਕਿ ਹੁਣ ਬਦਲੇ ਹੋਏ ਹਾਲਾਤ ਅਨੁਸਾਰ, ਉਹ ਅਪਣਾ ਲਿਬਾਸ ਬਦਲ ਕੇ 'ਸਾਧ ਬਾਬੇ' ਬਣ ਜਾਣ ਤੇ ਅਪਣੇ ਸਾਥੀਆਂ ਨੂੰ ਵੀ 'ਸੰਤਾਂ ਦੇ ਸੇਵਕਾਂ' ਵਜੋਂ ਲੋਕਾਂ ਸਾਹਮਣੇ ਪੇਸ਼ ਕਰਨ ਲੱਗ ਜਾਣ।

ਕੰਮ ਭਾਵੇਂ ਪਹਿਲਾਂ ਵਾਲੇ ਹੀ ਕਰਦੇ ਰਹਿਣ ਪਰ ਲੋਕਾਂ ਸਾਹਮਣੇ 'ਸਮਗਲਰਾਂ' ਵਜੋਂ ਪੇਸ਼ ਨਾ ਹੋਇਆ ਕਰਨ ਸਗੋਂ 'ਸੰਤ ਮਹਾਂਪੁਰਸ਼' ਬਣ ਕੇ ਪੇਸ਼ ਹੋਇਆ ਕਰਨ। ਇਸ ਨਾਲ ਉਨ੍ਹਾਂ ਦੀ ਆਮਦਨ ਵੀ ਵੱਧ ਜਾਏਗੀ ਤੇ ਅਕਸ ਵੀ ਚੰਗਾ ਬਣ ਜਾਏਗਾ। 'ਸਮਗਲਰ' ਇਹ ਗੱਲ ਸੋਚ ਵੀ ਨਹੀਂ ਸਨ ਸਕਦੇ ਕਿ ਜਿਹੜੇ ਕੰਮ ਵਿਚ ਉਹ ਲੱਗੇ ਹੋਏ ਸਨ, ਉਸ ਵਿਚ ਉਨ੍ਹਾਂ ਨੂੰ 'ਸੰਤ' ਵੀ ਕੋਈ ਮੰਨ ਲਵੇਗਾ।

ਸ: ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਕਿਹਾ ਕਿ ਪਹਿਲਾਂ ਉਹ ਕੁੱਝ ਸੰਤਾਂ ਕੋਲੋਂ 'ਸੰਤ ਭਾਸ਼ਾ' ਵਿਚ ਗੱਲਬਾਤ ਕਰਨ ਦਾ ਸਲੀਕਾ ਸਿਖ ਲੈਣ ਤੇ ਫਿਰ ਗ਼ਰੀਬ ਦੇਹਾਤੀਆਂ ਦੇ ਰੁਕੇ ਹੋਏ ਕੰਮ, ਮਨਿਸਟਰਾਂ ਕੋਲੋਂ ਕਰਵਾ ਵੀ ਦਿਆ ਕਰਨ। ਸਮਗਲਰਾਂ ਨੂੰ ਇਹ ਸਾਰੀਆਂ ਗੱਲਾਂ ਪਰੀ ਦੇਸ਼ ਦੀਆਂ ਕਹਾਣੀਆਂ ਹੀ ਲੱਗ ਰਹੀਆਂ ਸਨ, ਇਸ ਲਈ ਉਨ੍ਹਾਂ ਅਪਣੇ ਕਈ ਖ਼ਦਸ਼ੇ ਸ: ਪ੍ਰਤਾਪ ਸਿੰਘ ਕੈਰੋਂ ਨੂੰ ਦੱਸੇ।

ਸ: ਪ੍ਰਤਾਪ ਸਿੰਘ ਕੈਰੋਂ ਨੇ ਅਪਣੇ ਭਰੋਸੇ ਵਾਲੇ ਐਮ.ਐਲ.ਏਜ਼. ਨੂੰ ਕਹਿ ਦਿਤਾ ਕਿ ਉਹ ਮਹੀਨੇ ਵਿਚ ਇਕ ਦਿਨ ਇਨ੍ਹਾਂ 'ਸਮਗਲਰ ਸਾਧਾਂ' ਦੇ ਡੇਰੇ ਜਾ ਕੇ ਮੱਥਾ ਜ਼ਰੂਰ ਟੇਕ ਆਇਆ ਕਰਨ ਤਾਕਿ ਲੋਕਾਂ ਨੂੰ ਲੱਗੇ ਕਿ ਵੱਡੇ ਲੀਡਰ ਵੀ ਇਨ੍ਹਾਂ ਦੇ ਚੇਲੇ ਹਨ ਤੇ ਇਹ 'ਸਾਧ' ਉਨ੍ਹਾਂ ਲੀਡਰਾਂ ਕੋਲੋਂ ਲੋਕਾਂ ਦੇ ਕੰਮ ਵੀ ਕਰਵਾ ਸਕਦੇ ਹਨ। ਨਾਲ ਹੀ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਪੇਂਡੂ ਲੋਕਾਂ ਦੇ ਰੁਕੇ ਹੋਏ ਜਿਹੜੇ ਕੰਮਾਂ ਦੀ ਸਿਫ਼ਾਰਿਸ਼ ਇਹ 'ਸਮਗਲਰ ਬਾਬੇ' ਕਰਨ, ਉਹ ਜ਼ਰੂਰ ਕਰਵਾ ਦਿਆ ਕਰਨ ਤਾਕਿ ਪੇਂਡੂ ਵੋਟਰਾਂ ਵਿਚ ਇਨ੍ਹਾਂ ਦੀ ਭੱਲ ਬਣੀ ਰਹੇ।

ਸੋ ਸਮਗਲਰਾਂ ਨੂੰ 'ਸਾਧ' ਬਣਾ ਕੇ ਅਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦਾ ਕੰਮ ਵੀ, ਪੰਜਾਬ ਵਿਚ ਸ: ਪ੍ਰਤਾਪ ਸਿੰਘ ਨੇ ਹੀ ਸ਼ੁਰੂ ਕੀਤਾ। ਇਨ੍ਹਾਂ 'ਸਮਗਲਰ ਸਾਧਾਂ' ਨੇ ਸਰਹੱਦੀ ਇਲਾਕਿਆਂ ਵਿਚ ਸਮਾਜ ਨੂੰ ਕਿੰਨਾ ਗੰਧਲਾ ਕਰ ਦਿਤਾ, ਉਸ ਦਾ ਪੂਰਾ ਇਤਿਹਾਸ ਲਿਖਣਾ ਬਣਦਾ ਹੈ। ਇਕ ਇਕ 'ਸਮਗਲਰ ਸਾਧ' ਦੀਆਂ ਹਜ਼ਾਰ ਹਜ਼ਾਰ ਕਹਾਣੀਆਂ ਸੁਣਨ ਨੂੰ ਮਿਲਦੀਆਂ ਸਨ।

ਕੈਰੋਂ ਤੋਂ ਬਾਅਦ ਇਨ੍ਹਾਂ 'ਚੋਂ ਬਹੁਤੇ 'ਸਮਗਲਰ ਸਾਧਾਂ' ਨੇ ਅਪਣੀ ਦੌਲਤ ਦੇ ਅੰਬਾਰ ਚੁੱਕੇ, ਧਾਰਮਕ ਚੋਲੇ ਲਾਹ ਸੁੱਟੇ ਤੇ ਦੂਰ ਦੂਰ ਜਾ ਕੇ ਵਪਾਰੀ ਬਣ ਕੇ ਰਹਿਣ ਲੱਗ ਪਏ। ਕੁੱਝ ਡੇਰੇ ਅਜੇ ਵੀ ਚਲ ਰਹੇ ਹਨ। ਕੁਲ ਮਿਲਾ ਕੇ, ਸ: ਪ੍ਰਤਾਪ ਸਿੰਘ ਕੈਰੋਂ ਦੇ ਬਹੁਤੇ ਫ਼ੈਸਲੇ ਅਪਣੀਆਂ ਵਕਤੀ ਲੋੜਾਂ ਪੂਰੀਆਂ ਕਰਨ ਤੇ ਨਹਿਰੂ ਕੋਲੋਂ ਵਾਹਵਾ ਖੱਟਣ ਤਕ ਹੀ ਕੇਂਦਰਤ ਸਨ ਪਰ ਪੰਜਾਬ ਲਈ ਸਾਰੇ ਹੀ ਘਾਤਕ ਸਾਬਤ ਹੋਏ। ਪੰਜਾਬ ਦਾ ਪਾਣੀ ਕੈਰੋਂ ਦੀਆਂ ਇਨ੍ਹਾਂ ਨੀਤੀਆਂ ਕਾਰਨ ਖੁਸ ਗਿਆ। 

ਪੰਜਾਬ ਵਿਚ ਸਿੱਖਾਂ ਦੀ ਤਾਕਤ ਕੈਰੋਂ ਕਰ ਕੇ ਹੀ ਨਾ ਬਣ ਸਕੀ (ਪਟੇਲ ਯੋਜਨਾ ਅਨੁਸਾਰ)। ਪੰਜਾਬੀ ਸੂਬਾ ਬਣਵਾ ਕੇ ਪੰਜਾਬੀ ਭਾਸ਼ਾ ਨੂੰ ਬਚਾਉਣਾ ਚਾਹੁਣ ਵਾਲਿਆਂ ਨੂੰ ਅੰਗਰੇਜ਼ਾਂ ਤੋਂ ਵੱਧ ਮਾਰ ਕੈਰੋਂ ਕੋਲੋਂ ਹੀ ਖਾਣੀ ਪਈ। ਕੈਰੋਂ ਕਰ ਕੇ ਹੀ ਅੱਜ ਤਕ ਪੰਜਾਬ ਨੂੰ ਉਸ ਦੀ ਰਾਜਧਾਨੀ ਵੀ ਨਹੀਂ ਮਿਲ ਸਕੀ। ਪੰਜਾਬ ਦੇ ਹਿਤੈਸ਼ੀ ਚਾਹੁੰਦੇ ਸਨ ਕਿ ਬਣਨ ਵਾਲੇ ਪੰਜਾਬੀ ਸੂਬੇ ਦੇ ਕੇਂਦਰ ਵਿਚ ਅਥਵਾ ਫ਼ਿਲੌਰ ਨੇੜੇ ਰਾਜਧਾਨੀ ਬਣਾਈ ਜਾਏ।

ਪਰ ਪਟੇਲ ਵਰਗਿਆਂ ਨੇ ਪੰਜਾਬੀ ਸੂਬੇ ਨੂੰ ਬਣਨੋਂ ਰੋਕਣ ਲਈ 'ਮਹਾਂ ਪੰਜਾਬ' ਦੇ ਕੇਂਦਰ ਵਿਚ ਰਾਜਧਾਨੀ ਬਣਾਉਣ ਦਾ ਹੁਕਮ ਦਿਤਾ ਜੋ ਕੈਰੋਂ ਨੇ ਝੱਟ ਮੰਨ ਲਿਆ ਤੇ ਕੈਰੋਂ ਵੇਲੇ ਦਾ ਫਸਿਆ ਗੱਡਾ ਅੱਜ ਤਕ ਬਾਹਰ ਨਹੀਂ ਕਢਿਆ ਜਾ ਸਕਿਆ। ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਜਜ਼ਬੇ ਵਾਲੇ ਲੀਡਰਾਂ ਕੋਲੋਂ, ਸਰਕਾਰੀ ਜ਼ੋਰ ਜਬਰ ਨਾਲ, ਖੋਹ ਕੇ ਮਾਇਆ ਤੇ ਸੱਤਾ ਦੇ ਲਾਲਚੀਆਂ ਹੱਥ ਫੜਾ ਦੇਣ ਦਾ ਆਰੰਭ ਵੀ ਸ: ਕੈਰੋਂ ਨੇ ਹੀ ਕੀਤਾ।

ਸਿੱਖ ਰਾਜਨੀਤੀ ਨੂੰ ਜਾਤ ਆਧਾਰਤ ਬਣਾਉਣ ਦਾ ਸਿਹਰਾ ਵੀ ਸ: ਪ੍ਰਤਾਪ ਸਿੰਘ ਕੈਰੋਂ ਦੇ ਸਿਰ 'ਤੇ ਹੀ ਬਝਦਾ ਹੈ। ਉਸ ਤੋਂ ਪਹਿਲਾਂ ਕੋਈ ਸਿੱਖ ਲੀਡਰ ਅਪਣੇ ਨਾਂ ਨਾਲ ਅਪਣੀ ਜ਼ਾਤ ਨਹੀਂ ਸੀ ਲਿਖਦਾ ਹੁੰਦਾ। ਇਹ ਸੱਭ ਤੋਂ ਵੱਡਾ ਪਾਪ ਸੀ ਜੋ ਸ: ਪ੍ਰਤਾਪ ਸਿੰਘ ਕੈਰੋਂ ਨੇ ਸਿੱਖ ਸਮਾਜ ਨਾਲ ਕੀਤਾ। ''ਅੰਗਰੇਜ਼ ਤਾਂ ਸਿੱਖਾਂ ਨੂੰ ਸੱਭ ਕੁੱਝ ਦੇਂਦੇ ਸਨ ਪਰ ਸਿੱਖ ਲੀਡਰਾਂ ਨੇ ਆਪ ਹੀ ਕੁੱਝ ਨਾ ਲਿਆ।''

ਇਹ ਗਪੌੜਾ ਵੀ ਸ: ਕੈਰੋਂ ਨੇ ਹੀ ਅਪਣੇ 'ਸਾਧ ਸੰਗਤ ਬੋਰਡ' ਕੋਲੋਂ ਗੁਰਦਵਾਰਾ ਚੋਣਾਂ ਵਿਚ, ਜਾਣ ਬੁੱਝ ਕੇ ਛਡਵਾਇਆ ਤਾਕਿ ਪੁਰਾਣੀ ਲੀਡਰਸ਼ਿਪ ਨੂੰ ਬਦਨਾਮ ਕੀਤਾ ਜਾ ਸਕੇ ਤੇ ਗੁਰਦਵਾਰੇ ਉਨ੍ਹਾਂ ਕੋਲੋਂ ਖੋਹੇ ਜਾ ਸਕਣ। 1947 ਵਿਚ ਅੰਗਰੇਜ਼, ਹਿੰਦੂ ਲੀਡਰਸ਼ਿਪ (ਦਿੱਲੀ ਸਥਿਤ) ਅਤੇ ਮੁਸਲਮਾਨ ਲੀਡਰਸ਼ਿਪ (ਲਾਹੌਰ ਸਥਿਤ) ਨੂੰ ਕਾਬੂ ਕਰਨ ਲੱਗਾ ਹੋਇਆ ਸੀ  ਤਾਕਿ ਆਜ਼ਾਦੀ ਮਗਰੋਂ ਸਾਰੇ ਖ਼ਿੱਤੇ ਵਿਚ, ਦੋਹਾਂ ਰਾਹੀਂ ਬ੍ਰਿਟਿਸ਼ ਹਿਤ ਸੁਰੱਖਿਅਤ ਕੀਤੇ ਜਾ ਸਕਣ। ਸਿੱਖ ਤਾਂ ਆਜ਼ਾਦੀ ਮਗਰੋਂ ਬਰਤਾਨਵੀ ਹਿਤਾਂ ਦੀ ਰਖਵਾਲੀ ਲਈ ਕੁੱਝ ਵੀ ਨਹੀਂ ਸਨ ਕਰ ਸਕਦੇ, ਇਸ ਲਈ ਉਹ ਅੰਗਰੇਜ਼ਾਂ ਦੀ ਕਿਸੇ ਗਿਣਤੀ ਵਿਚ ਵੀ ਨਹੀਂ ਸਨ ਆਉਂਦੇ।

ਗਿ: ਕਰਤਾਰ ਸਿੰਘ ਨੇ ਵਾਇਸਰਾਏ ਕੋਲ 'ਸਿੱਖ ਸਟੇਟ' ਦੀ ਗੱਲ ਕਰ ਕੇ ਵੇਖ ਲਿਆ ਸੀ। ਉਸ ਨੇ ਗਿ: ਕਰਤਾਰ ਸਿੰਘ ਨੂੰ ਇਕ ਮਿੰਟ ਵਿਚ ਹੀ ਇਹ ਕਹਿ ਕੇ ਬਾਹਰ ਕੱਢ ਦਿਤਾ ਸੀ ਕਿ ''ਪਹਿਲਾਂ ਨਕਸ਼ੇ ਵਿਚ ਮੈਨੂੰ ਵਿਖਾਉ, ਸਾਰੇ ਪੰਜਾਬ ਵਿਚ ਕੋਈ ਇਕ ਵੀ ਜ਼ਿਲ੍ਹਾ ਹੈ ਜਿਥੇ ਸਿੱਖ ਬਹੁਗਿਣਤੀ ਵਿਚ ਹੋਣ? ਜੇ ਨਹੀਂ ਤਾਂ ਕਾਹਨੂੰ ਸਮਾਂ ਬਰਬਾਦ ਕਰਦੇ ਹੋ?'' ਅੰਗਰੇਜ਼ ਵੱਧ ਤੋਂ ਵੱਧ ਸਿੱਖਾਂ ਨੂੰ ਇਹੀ ਸਲਾਹ ਦੇਂਦੇ ਸਨ ਕਿ ਉਨ੍ਹਾਂ ਨੂੰ ਪਾਕਿਸਤਾਨ ਵਿਚ ਸ਼ਾਮਲ ਹੋ ਜਾਣਾ ਚਾਹੀਦੈ।

ਇਹ ਉਹ ਇਸ ਲਈ ਕਹਿੰਦੇ ਸਨ ਕਿਉਂਕਿ ਮੁਸਲਮ ਲੀਡਰਸ਼ਿਪ ਉਨ੍ਹਾਂ 'ਤੇ ਦਬਾਅ ਪਾ ਰਹੀ ਸੀ ਕਿ ਸਾਰਾ ਪੰਜਾਬ ਪਾਕਿਸਤਾਨ ਨੂੰ ਦਿਤਾ ਜਾਵੇ ਕਿਉਂਕਿ ਮੁਸਲਮਾਨਾਂ ਦੀ ਪੰਜਾਬ ਵਿਚ ਬਹੁਗਿਣਤੀ (52%) ਸੀ ਤੇ ਸਿੱਖ ਹੀ ਰੁਕਾਵਟ ਬਣੇ ਹੋਏ ਸਨ। ਅੰਗਰੇਜ਼ ਨੇ ਕਦੇ ਵੀ ਸਿੱਖਾਂ ਦਾ ਭਲਾ ਨਹੀਂ ਸੀ ਸੋਚਿਆ। ਉਹ ਸਿੱਖਾਂ ਦੀ ਤਾਕਤ ਤੋਂ ਡਰਦਾ ਵੀ ਸੀ, ਇਸ ਤਾਕਤ ਨੂੰ ਅਪਣੇ ਫ਼ਾਇਦੇ ਲਈ ਵਰਤਦਾ ਵੀ ਸੀ ਪਰ ਇਨ੍ਹਾਂ ਨੂੰ ਕੁੱਝ ਦੇਣ ਦੀ ਗੱਲ ਕਦੇ ਨਹੀਂ ਸੀ ਸੋਚਦਾ।

ਪ੍ਰਤਾਪ ਸਿੰਘ ਕੈਰੋਂ ਨੇ 'ਅੰਗਰੇਜ਼ ਤਾਂ ਸੱਭ ਕੁੱਝ ਦੇਂਦਾ ਸੀ' ਦੀ ਸ਼ੁਰਲੀ ਛੱਡ ਕੇ ਅਪਣਿਆਂ ਨੂੰ ਖ਼ਾਹਮਖ਼ਾਹ ਕਟਹਿਹਰੇ ਵਿਚ ਖੜਾ ਕਰ ਦਿਤਾ। ਪਰ ਇਕ ਮਾਮਲੇ ਵਿਚ ਨਹੀਂ, ਹਰ ਮਾਮਲੇ ਵਿਚ ਹੀ ਕੈਰੋਂ ਨੇ ਸਿੱਖਾਂ ਨੂੰ ਨੁਕਸਾਨ ਹੀ ਪਹੁੰਚਾਇਆ। ਉਸ ਦੇ ਕੁੜਮ ਪ੍ਰਕਾਸ਼ ਸਿੰਘ ਬਾਦਲ ਬਾਰੇ ਵੀ ਲੋਕ ਇਹੀ ਕੁੱਝ ਕਹਿੰਦੇ ਹਨ। ਕੈਰੋਂ ਨੇ ਜੋ ਕੀਤਾ, ਉਹ ਨਹਿਰੂ ਕੋਲੋਂ ਸ਼ਾਬਾਸ਼ ਲੈਣ ਲਈ ਤੇ ਕੇਂਦਰ ਵਿਚ ਡੀਫ਼ੈਂਸ ਮਨਿਸਟਰ ਬਣਨ ਦਾ ਸ਼ੌਕ ਪੂਰਾ ਕਰਨ ਲਈ ਕੀਤਾ। ਉਸ ਸੁਪਨੇ ਦਾ ਤੇ ਨਹਿਰੂ ਦੇ 'ਵਾਅਦੇ' ਦਾ ਜੋ ਹਸ਼ਰ ਹੋਇਆ, ਉਹ ਅਸੀ ਪਹਿਲਾਂ ਵੇਖ ਹੀ ਚੁਕੇ ਹਾਂ।