ਅਯੁਧਿਆ ਵਿਚ ਪੰਜ ਲੱਖ ਦੀਵੇ ਜਗਾਏ ਗਏ, ਦਰਬਾਰ ਸਾਹਿਬ ਵਿਚ ਇਕ ਲੱਖ ਦੀਵੇ ਜਗਣਗੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਫਿਰ ਕਹਿੰਦੇ ਨੇ ਆਰ.ਐਸ.ਐਸ. ਵਾਲੇ, ਸਿੱਖਾਂ ਨੂੰ ਹਿੰਦੂਆਂ ਦੀ ਸ਼ਾਖ਼ ਕਿਉਂ ਕਹਿੰਦੇ ਨੇ?

Darbar Sahib

ਦੀਵਾਲੀ ਤੇ 'ਹਿੰਦੂਤਵਾ' ਵਾਲਿਆਂ ਨੇ ਪੰਜ ਲੱਖ ਦੀਵੇ ਜਗਾ ਕੇ ਰੀਕਾਰਡ ਕਾਇਮ ਕਰ ਦਿਤਾ ਹੈ। ਸ਼੍ਰੋ੍ਮਣੀ ਕਮੇਟੀ ਦਾ ਨਕਲਚੀਆਂ ਵਾਲਾ ਐਲਾਨ ਹੈ ਕਿ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਉਤਸਵ ਸਮੇਂ ਦਰਬਾਰ ਸਾਹਿਬ ਵਿਖੇ ਇਕ ਲੱਖ ਦੀਵੇ ਜਗਾਏ ਜਾਣਗੇ। 'ਸ਼ੋਭਾ ਯਾਤਰਾਵਾਂ' ਦੀ ਨਕਲ ਕਰਦਿਆਂ, 'ਨਗਰ ਕੀਰਤਨ' ਸ਼ੁਰੂ ਕਰ ਕੇ 13 ਅਰਬ ਰੁਪਏ ਇਕੱਠੇ ਕਰ ਲਏ ਦੱਸੇ ਜਾਂਦੇ ਹਨ (ਭਾਵੇਂ ਉਹ ਕਿਸੇ ਖਾਤੇ ਵਿਚ ਨਹੀਂ ਪੈਣਗੇ ਤੇ ਹਮੇਸ਼ਾ ਦੀ ਤਰ੍ਹਾਂ ਹਵਾ ਵਿਚ ਹੀ ਛੂ ਮੰਤਰ ਹੋ ਜਾਣਗੇ) ਇਸ ਵਾਰੀ ਤਾਂ 'ਨਗਰ ਕੀਰਤਨਾਂ' ਦਾ ਹੜ੍ਹ ਹੀ ਆਇਆ ਲਗਦਾ ਹੈ।

ਲੀਡਰ ਲੋਕ ਆਪਸ ਵਿਚ ਲੜਦੇ ਆ ਰਹੇ ਹਨ ਕਿ ਮੇਰਾ ਜਲੂਸ ਪਾਕਿਸਤਾਨ ਤਕ ਜਾਏਗਾ-----ਨਹੀਂ ਮੇਰਾ ਜਲੂਸ ਕਰਤਾਰਪੁਰ ਜਾਏਗਾ! ਗੁਰਦਵਾਰੇ ਵਿਚ ਗੁਰੂ ਨਮਿਤ ਦਿਤੇ ਚੜ੍ਹਾਵੇ ਨੂੰ ਦੋ-ਦੋ ਮੋਟੇ ਜੰਦਰਿਆਂ ਵਾਲੀ ਗੋਲਕ ਵਿਚ ਰਖਿਆ ਜਾਂਦਾ ਹੈ ਤੇ 10 ਸਿੱਖਾਂ ਦੀ ਮੌਜੂਦਗੀ ਵਿਚ ਖੋਲ੍ਹ ਕੇ ਗਿਣਿਆ ਜਾਂਦਾ ਹੈ ਪਰ ਟਰੱਕ ਉਤੇ 3-400 ਫੁੱਲਾਂ ਦੇ ਹਾਰ ਲਟਕਾ ਕੇ ਪੈਸੇ ਅਪਣੇ ਬੈਗਾਂ ਵਿਚ ਪਾ ਕੇ ਘਰ ਲਿਜਾਇਆ ਜਾਂਦਾ ਹੈ। ਕੀ ਕਹੀਏ ਸਿੱਖ ਸਮਾਜ ਦੀ ਇਸ ਦਰਿਆ-ਦਿਲੀ ਨੂੰ? ਗੁਰੂ ਦੇ ਨਾਂ ਲੈ ਕੇ, ਸੜਕਾਂ 'ਤੇ ਆ ਕੇ ਲੁੱਟੋ, ਕੋਈ ਸਿੱਖ ਚੂੰ ਨਹੀਂ ਕਰੇਗਾ।

'ਸ਼ੋਭਾ ਯਾਤਰਾਵਾਂ' ਵਿਚ ਹਿੰਦੂ ਲੀਡਰਾਂ ਵਲੋਂ ਧਰਮ ਗ੍ਰੰਥਾਂ ਦਾ 'ਜਲੂਸ' ਨਹੀਂ ਕਢਿਆ ਜਾਂਦਾ, ਝਾਕੀਆਂ ਤੇ ਮੂਰਤੀਆਂ ਤੋਂ ਕੰਮ ਲੈ ਲਿਆ ਜਾਂਦਾ ਹੈ। ਸਿੱਖਾਂ ਕੋਲ ਨਾ ਮੂਰਤੀਆਂ ਹਨ, ਨਾ ਝਾਕੀਆਂ, ਉਹ 'ਗੁਰੂ ਗ੍ਰੰਥ' ਨੂੰ ਵਿਖਾਵੇ ਦੀ ਵਸਤ ਬਣਾ ਕੇ ਮਾਇਆ ਇਕੱਤਰ ਕਰਨ ਲਗਦੇ ਹਨ। ਕੋਈ ਹੋਰ ਧਰਮ ਅਪਣੇ ਪਵਿੱਤਰ ਗੰ੍ਰਥਾਂ ਨੂੰ ਇਸ ਤਰ੍ਹਾਂ ਸੜਕਾਂ 'ਤੇ ਲਿਆ ਕੇ ਅਪਮਾਨਤ ਨਹੀਂ ਕਰਦਾ। ਗੁਰਦਵਾਰਿਆਂ ਅੰਦਰ ਹੀ, ਹਿੰਦੂ ਮੰਦਰਾਂ ਵਾਲੀ ਹਰ ਰਸਮ ਲਾਗੂ ਕਰ ਦਿਤੀ ਗਈ ਹੈ ਜਦਕਿ ਬਾਣੀ ਇਨ੍ਹਾਂ ਰਸਮਾਂ ਵਿਰੁਧ ਕੂਕ ਕੂਕ ਕੇ ਅਪਣਾ ਫ਼ੈਸਲਾ ਸੁਣਾ ਰਹੀ ਹੈ। ਫਿਰ ਆਰ.ਐਸ.ਐਸ. ਕਿਉਂ ਨਾ ਆਖੇ ਕਿ ਸਿੱਖ ਤਾਂ ਹਿੰਦੂਆ ਦੀ ਹੀ ਇਕ ਸ਼ਾਖ਼ ਹਨ?

ਸਾਡੇ ਗੁਰਦਵਾਰਿਆਂ ਵਿਚ ਕਿੰਨੀਆਂ ਕੁ ਉਹ ਰਸਮਾਂ ਰਹਿ ਗਈਆਂ ਹਨ ਜਿਨ੍ਹਾਂ ਦੀ ਨਾਨਕ-ਬਾਣੀ ਹਮਾਇਤ ਕਰਦੀ ਹੈ ਜਾਂ ਜਿਨ੍ਹਾਂ ਨੂੰ ਰੱਦ ਨਹੀਂ ਕਰਦੀ? ਤੁਸੀਂ ਸ਼੍ਰੋਮਣੀ ਕਮੇਟੀ ਬਣਾਈ ਸੀ ਤਾਕਿ ਸਿੱਖਾਂ ਦਾ ਪਵਿੱਤਰ ਤੇ ਖ਼ਾਲਸਾ ਰੂਪ ਕਾਇਮ ਰੱਖ ਸਕੀਏ ਜਿਸ ਨੂੰ ਮਹੰਤ ਲੋਕ ਵਿਗਾੜ ਰਹੇ ਸਨ। ਸਿਆਸਤਦਾਨ ਦੀ ਫ਼ਰਮਾ ਬਰਦਾਰ ਬਣੀ ਸ਼੍ਰੋਮਣੀ ਕਮੇਟੀ ਨੇ ਤਾਂ ਸਿੱਖੀ ਨੂੰ ਹਿੰਦੂ ਮਤ ਦੀ ਸ਼ਾਖ਼ ਬਣਾਉਣ ਵਿਚ ਕਸਰ ਹੀ ਕੋਈ ਨਹੀਂ ਛੱਡੀ ਅਤੇ ਰਹੀ ਗੱਲ 'ਜਥੇਦਾਰਾਂ' ਜਾਂ ਪੁਜਾਰੀਆਂ ਦੀ ਤਾਂ ਉਨ੍ਹਾਂ ਨੇ ਕਿਹੜੇ ਧਰਮ ਵਿਚ ਪਾਕੀਜ਼ਗੀ ਕਾਇਮ ਰੱਖਣ ਲਈ ਕੁੱਝ ਕੀਤਾ ਹੈ? ਈਸਾਈਆਂ ਨੇ 500 ਸਾਲ ਪਹਿਲਾਂ ਪੋਪ ਦੀਆਂ ਸ਼ਕਤੀਆਂ ਖ਼ਤਮ ਕਰਨ ਲਈ ਅੰਦੋਲਨ ਚਲਾਇਆ ਸੀ ਤੇ ਪੋਪ ਨੂੰ ਨਾਤਾਕਤਾ ਬਣਾ ਕੇ ਈਸਾਈਅਤ ਨੂੰ ਬਚਾ ਲਿਆ ਸੀ।

ਪਰ ਸਵਾਲ ਫਿਰ ਬਾਕੀ ਰਹਿੰਦਾ ਹੈ ਕਿ ਕਸੂਰ ਕਿਸ ਦਾ ਹੈ? ਯਕੀਨਨ ਸਿੱਖ ਸਮਾਜ ਕਿਉਂ ਦੀਵੇ ਜਗਾਉਣ ਲਈ ਭੱਜ ਭੱਜ ਕੇ ਆਰ.ਐਸ.ਐਸ. ਦੀ ਨਕਲ ਕਰ ਰਿਹਾ ਹੈ? ਕਿਉਂ ਨਹੀਂ ਪੁਛਦਾ ਕਿ ਬਾਬੇ ਨਾਨਕ ਨੇ ਇਸ ਨੁਮਾਇਸ਼ ਦੀ ਆਗਿਆ ਕਦੋਂ ਦਿਤੀ ਸੀ? ਸਿੱਖ ਸਮਾਜ ਕਿਉਂ ਇਕ ਫੁੱਲਾਂ ਲੱਦੀ ਲਾਰੀ ਉਤੇ ਗੁਰੂ ਗ੍ਰੰਥ ਸਾਹਿਬ ਵੇਖ ਕੇ ਮੱਥੇ ਟੇਕਣ ਲਈ ਭੀੜਾਂ ਇਕੱਠੀਆਂ ਕਰ ਲੈਂਦਾ ਹੈ ਜਦਕਿ ਇਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲਈ ਗੁਰਦਵਾਰੇ ਵਿਚ 15-20 ਤੋਂ ਵੱਧ ਬੰਦੇ ਨਹੀਂ ਦਿਸਦੇ (ਸਿਵਾਏ ਸੋਨੇ ਲੱਦੇ ਗੁਰਦਵਾਰਿਆਂ ਦੇ)? ਕੀ ਗੁਰਦਵਾਰੇ ਵਿਚ ਗੁਰੂ ਗ੍ਰੰਥ ਸਾਹਿਬ ਕੁੱਝ ਨਹੀਂ ਦੇਂਦਾ ਤੇ ਸੜਕਾਂ 'ਤੇ ਆ ਕੇ ਸੱਭ ਕੁੱਝ ਦੇਣ ਲਗਦਾ ਹੈ? ਸਿੱਖ ਸਮਾਜ ਦਾ ਇਹ ਰਵਈਆ ਵੀ ਉਸ ਨੂੰ ਹਿੰਦੂ ਸਮਾਜ ਦਾ ਪਿਛਲੱਗ ਸਾਬਤ ਕਰ ਕੇ ਰਹੇਗਾ। ਹਾਲਤ ਇਥੇ ਹੀ ਨਹੀਂ ਰੁਕ ਜਾਂਦੀ, ਬਾਬੇ ਨਾਨਕ ਦਾ ਨਾਂ ਲੈ ਕੇ ਹੋਰ ਵੀ ਮਾੜੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜੋ ਬਾਬੇ ਨਾਨਕ ਨੂੰ ਸਿੱਖਾਂ ਤੋਂ ਹੋਰ ਵੀ ਦੂਰ ਕਰ ਦੇਣਗੀਆਂ ਤੇ ਬੇਗਾਨਾ ਬਣਾ ਦੇਣਗੀਆਂ। ਕਲ ਵਿਚਾਰ ਕਰਾਂਗੇ।     (ਚਲਦਾ)

- ਸ. ਜੋਗਿੰਦਰ ਸਿੰਘ