ਬਾਬੇ ਨਾਨਕ ਦੇ ਸਿੱਖੋ! ਜਾਗੋ ਤੇ ਅਪਣਾ ਪੈਸਾ ਇੰਜ ਬਰਬਾਦ ਨਾ ਹੋਣ ਦਿਉ!

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਅੱਜ ਫ਼ੈਸਲਾ ਕਰੋ, 12 ਕਰੋੜ ਦੇ ਪੰਡਾਲ ਹੇਠਾਂ ਨਹੀਂ ਬੈਠੋਗੇ। ਇਕ ਵਾਰ ਅਜਿਹਾ ਕਰੋਗੇ ਤਾਂ ਹਮੇਸ਼ਾ ਲਈ ਇਨ੍ਹਾਂ ਨੂੰ ਰੋਕ ਲਉਗੇ। ਪਰ ਤੁਸੀਂ ਏਨੀ ਹਿੰਮਤ ਤਾਂ ਹੀ ਕਰ ਸਕੋਗੇ

Don't waste your money like this!

ਬਾਬੇ ਨਾਨਕ ਨੇ ਦੁਨੀਆਂ ਨੂੰ ਧਰਮ ਦੇ ਨਾਂ 'ਤੇ ਕੀਤੇ ਜਾ ਰਹੇ ਪਖੰਡ, ਝੂਠ, ਅੰਧ ਵਿਸ਼ਵਾਸ ਤੋਂ ਬਚਾਉਣ ਲਈ ਅਪਣੇ ਆਪ ਨੂੰ ਕੇਵਲ ਭਾਸ਼ਣਾਂ (ਉਪਦੇਸ਼ਾਂ) ਤਕ ਹੀ ਸੀਮਤ ਨਾ ਰਖਿਆ ਸਗੋਂ ਘਰ-ਘਰ, ਪਿੰਡ-ਪਿੰਡ ਗਏ ਤੇ ਉਹ ਸੱਚ ਬੋਲਿਆ ਜਿਸ ਨੂੰ ਸੁਣ ਕੇ ਹਜ਼ਮ ਕਰਨਾ ਉਸ ਵੇਲੇ ਦੇ ਲੋਕਾਂ ਲਈ ਸੌਖਾ ਨਹੀਂ ਸੀ। ਫਿਰ ਜਿੰਨਾ ਵੱਡਾ ਇਨਕਲਾਬ ਉਹ ਲਿਆਉਣਾ ਚਾਹੁੰਦੇ ਸੀ, ਉਸ ਲਈ ਆਪ ਦੁਨੀਆਂ ਵਿਚ, ਜਿਥੇ ਵੀ ਪੈਦਲ ਜਾ ਸਕਦੇ ਸੀ, ਗਏ ਤੇ ਧਾਰਮਕ ਆਗੂਆਂ ਨੂੰ ਸਮਝਾਇਆ ਕਿ ਧਾਰਮਕ ਰਸਮਾਂ, ਕਰਮ-ਕਾਂਡਾਂ ਤੇ ਅੰਧ-ਵਿਸ਼ਵਾਸਾਂ ਦੇ ਸਹਾਰੇ, ਲੋਕਾਂ ਦੀ ਆਜ਼ਾਦੀ ਨਾ ਖੋਹਵੋ ਤੇ ਅਕਲ ਵਾਲਿਆਂ ਨੂੰ ਬੇਅਕਲ ਨਾ ਬਣਾਉ।

ਅੱਜ ਵੀ ਉਹੀ ਸਮਾਂ ਹੈ। ਧਰਮ ਦਾ ਮਤਲਬ, ਬਾਬੇ ਨਾਨਕ ਦਾ ਨਾਂ ਵਰਤ ਕੇ, ਅਪਣੇ ਲਈ ਵੱਧ ਤੋਂ ਵੱਧ ਮਾਇਆ ਬਟੋਰਨੀ (ਭਾਵੇਂ ਗੁਰੂ ਨੂੰ ਗਲੀਆਂ ਸੜਕਾਂ ਤੇ ਘੁਮਾਉਣਾ ਪਵੇ ਅਤੇ ਭਾਵੇਂ 12 ਕਰੋੜ ਦੇ ਪੰਡਾਲ ਖੜੇ ਕਰਨ ਦਾ ਪ੍ਰਪੰਚ ਰਚਣਾ ਪਵੇ) ਅਤੇ ਹਾਕਮਾਂ ਦੀ ਨਜ਼ਰੇ-ਕਰਮ (ਮਿਹਰ ਦੀ ਨਜ਼ਰ) ਪ੍ਰਾਪਤ ਕਰਨਾ ਹੀ ਰਹਿ ਗਿਆ ਹੈ। ਬਾਬੇ ਨਾਨਕ ਦੀ ਅਰਧ-ਸ਼ਤਾਬਦੀ ਵਿਚੋਂ ਬਾਬੇ ਨਾਨਕ ਦਾ ਸਿਧਾਂਤ (ਉਪਦੇਸ਼) ਪੂਰੀ ਤਰ੍ਹਾਂ ਗ਼ਾਇਬ ਹੈ। 12 ਕਰੋੜ ਦੇ ਪੰਡਾਲ ਚਾਰ ਦਿਨ ਲਈ ਖੜੇ ਕਰ ਕੇ ਢਾਹ ਦਿਤੇ ਜਾਣਗੇ। ਖੇਲ ਖ਼ਤਮ ਪੈਸਾ ਹਜ਼ਮ ਤੁਹਾਡੇ ਪੈਸੇ ਨੂੰ ਲੁਟਿਆ ਤੇ ਲੁਟਾਇਆ ਜਾ ਰਿਹਾ ਹੈ।

ਜਾਗੋ, ਸਮਝੋ ਤੇ ਰੋਕੋ ਇਨ੍ਹਾਂ ਨੂੰ ਇਹੀ ਪੈਸਾ ਗ਼ਰੀਬ ਕਿਸਾਨਾਂ ਨੂੰ ਦਿਉ, ਬੇਰੁਜ਼ਗਾਰ ਨੌਜਵਾਨਾਂ ਨੂੰ ਦਿਉ ਤੇ ਲਾਚਾਰ, ਦੁਖੀ ਬੀਬੀਆਂ, ਬੱਚੀਆਂ ਨੂੰ ਦਿਉ, ਬਾਬਾ ਨਾਨਕ ਦਾ ਜਨਮ ਪੁਰਬ, ਬਾਬੇ ਨਾਨਕ ਵਾਂਗ ਸਾਦਗੀ ਵਾਲਾ ਤੇ ਗ਼ਰੀਬਾਂ ਦੀ ਮਦਦ ਕਰਨ ਵਾਲਾ ਹੀ ਕਿਉਂ ਨਾ ਹੋਵੇ, ਮਲਿਕ ਭਾਗੋ ਦੇ ਜਸ਼ਨਾਂ ਵਰਗਾ ਕਿਉਂ ਹੋਵੇ? ਤੁਸੀਂ ਗੁਰੂ ਨੂੰ ਪੈਸਾ ਭੇਂਟ ਕਰਦੇ ਹੋ, ਲੀਡਰਾਂ ਨੂੰ ਨਹੀਂ। ਗੁਰੂ ਨਮਿਤ ਦਿਤੇ ਪੈਸੇ ਨੂੰ ਸ਼ਾਹੀ ਸ਼ਾਨੋ ਸ਼ੌਕਤ ਲਈ ਤੇ ਹਾਕਮਾਂ ਨੂੰ ਖ਼ੁਸ਼ ਕਰਨ ਲਈ ਖ਼ਰਚਣ ਵਾਲੇ ਜ਼ਰਾ ਨਹੀਂ ਡਰਦੇ ਕਿ ਸਿੱਖ ਕੀ ਆਖਣਗੇ ਤੇ ਗੁਰੂ ਕੀ ਆਖੇਗਾ।

ਕਿਉਂ? ਕਿਉਂਕਿ ਤੁਸੀਂ ਸੁੱਤੇ ਹੋਏ ਹੋ, ਤੁਸੀਂ ਇਨ੍ਹਾਂ ਦੀ ਹਰ ਧਰਮ-ਵਿਰੋਧੀ, ਗੁਰੂ ਵਿਰੋਧੀ ਤੇ ਗ਼ਰੀਬ ਵਿਰੋਧੀ ਕਾਰਵਾਈ ਅੱਗੇ ਸਿਰ ਝੁਕਾਅ ਦੇਂਦੇ ਹੋ ਤੇ ਗ਼ਲਤ ਕੰਮ ਕਰਨ ਵਾਲਿਆਂ ਨੂੰ ਹੋਰ ਹੋਰ ਮਾਇਆ ਦੇਂਦੇ ਰਹਿੰਦੇ ਹੋ। ਇਸ ਤਰ੍ਹਾਂ ਕਰ ਕੇ ਤੁਸੀਂ ਗੁਰੂ ਨਾਲ ਵੀ ਧ੍ਰੋਹ ਕਮਾਉਂਦੇ ਹੋ। ਅੱਜ ਫ਼ੈਸਲਾ ਕਰੋ, 12 ਕਰੋੜ ਦੇ ਪੰਡਾਲ ਹੇਠਾਂ ਨਹੀਂ ਬੈਠੋਗੇ। ਇਕ ਵਾਰ ਅਜਿਹਾ ਕਰੋਗੇ ਤਾਂ ਹਮੇਸ਼ਾ ਲਈ ਇਨ੍ਹਾਂ ਨੂੰ ਰੋਕ ਲਉਗੇ। ਪਰ ਤੁਸੀਂ ਏਨੀ ਹਿੰਮਤ ਤਾਂ ਹੀ ਕਰ ਸਕੋਗੇ ਜੇ ਤੁਸੀਂ ਜਾਗਦੇ ਹੋਵੋਗੇ ਤੇ ਕੇਵਲ ਅਪਣੇ ਗੁਰੂ ਦਾ ਕਹਿਣਾ ਮੰਨਣ ਲਈ ਤਿਆਰ ਹੋਵੋਗੇ, ਹੋਰ ਕਿਸੇ ਦਾ ਨਹੀਂ।                     (ਚਲਦਾ)

ਸ. ਜੋਗਿੰਦਰ ਸਿੰਘ