7 ਜੂਨ ਦੀ ਸਵੇਰ ਤਕ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸੀ ਬਿਲਕੁਲ ਸੁਰੱਖਿਅਤ ਪਰ ਸ਼ਾਮ ਨੂੰ...
ਇਤਿਹਾਸਕ ਸਰੋਤਾਂ, ਪੁਸਤਕਾਂ ਅਤੇ ਬਿਰਧ ਬੀੜਾਂ ਲੁੱਟਣ ਦੀ ਕੀ ਹੈ ਸੱਚਾਈ?
ਕੋਟਕਪੂਰਾ (ਗੁਰਿੰਦਰ ਸਿੰਘ) : ਜੂਨ 84 (June 1984) ਵਿਚ ਹੋਏ ਘੱਲੂਘਾਰੇ ਦੇ ਸਬੰਧ ’ਚ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਦੇਸ਼-ਵਿਦੇਸ਼ ਵਿਚ ਸੋਗਮਈ ਸਮਾਗਮ ਕਰ ਕੇ ਆਪੋ ਅਪਣੇ ਢੰਗ ਤਰੀਕਿਆਂ ਨਾਲ ਉਸ ਸਮੇਂ ਦੀ ਹਕੂਮਤ ਦੀਆਂ ਹਦਾਇਤਾਂ ’ਤੇ ਫ਼ੌਜ ਵਲੋਂ ਗੁਰਦਵਾਰਿਆਂ ’ਤੇ ਹਮਲਾ ਕਰ ਕੇ ਨਿਹੱਥੀਆਂ ਅਤੇ ਨਿਰਦੋਸ਼ ਸੰਗਤਾਂ ਉਪਰ ਢਾਹੇ ਗਏ ਅਤਿਆਚਾਰ ਨੂੰ ਬਿਆਨ ਕੀਤਾ ਜਾਂਦਾ ਹੈ, ਪਰ ਜੂਨ ਦਾ ਹਫ਼ਤਾ ਬੀਤਣ ਤੋਂ ਬਾਅਦ ਫਿਰ ਸੱਭ ਕੱੁਝ ਭੁਲਾ ਦਿਤਾ ਜਾਂਦਾ ਹੈ। ਇਹ ਸਿਲਸਿਲਾ ਪਿਛਲੇ 37 ਸਾਲਾਂ ਤੋਂ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਹੋਣਹਾਰ ਧੀ ਨੇ ਆਸਟ੍ਰੇਲੀਆ ਵਿਚ ਵਧਾਇਆ ਮਾਣ, ਹਾਸਲ ਕੀਤੀ ਲਾਅ ਪ੍ਰੈਕਟਿਸ ਦੀ ਡਿਗਰੀ
ਪੰਥਕ ਹਲਕਿਆਂ ਨੂੰ ਇਸ ਗੱਲ ਦਾ ਹਮੇਸ਼ਾ ਮਲਾਲ ਰਿਹਾ ਹੈ ਅਤੇ ਰਹੇਗਾ ਕਿ 6 ਜੂਨ ਸ਼ਾਮ ਨੂੰ ਫ਼ੌਜ ਦੀ ਗੋਲੀਬਾਰੀ ਬੰਦ ਹੋ ਜਾਣ ਤੋਂ ਬਾਅਦ 7 ਜੂਨ ਦੀ ਸਵੇਰ ਤਕ ਸਿੱਖ ਰੈਫ਼ਰੈਂਸ ਲਾਇਬ੍ਰੇਰੀ ( Sikh Reference Library) ਬਿਲਕੁੱਲ ਸੁਰੱਖਿਅਤ ਪਰ ਸ਼ਾਮ ਨੂੰ ਅੱਗ ਦੀਆਂ ਲਪਟਾਂ ਵਿਚ ਲਾਇਬ੍ਰੇਰੀ ਦੇ ਸੜ ਕੇ ਸੁਆਹ ਹੋ ਜਾਣ ਦੀਆਂ ਖ਼ਬਰਾਂ ਵਿਚ ਕਿੰਨੀ ਕੁ ਸੱਚਾਈ ਸੀ? ਉਸ ਤੋਂ ਬਾਅਦ ਚਾਰ ਵਾਰ ਪੰਥ ਦੇ ਨਾਂਅ ’ਤੇ ਵੋਟਾਂ ਲੈ ਕੇ ਬਣੀਆਂ ਬਾਦਲ ਅਤੇ ਬਰਨਾਲਾ ਦੀ ਅਗਵਾਈ ਵਾਲੀਆਂ ਪੰਥਕ ਸਰਕਾਰਾਂ ਦੀ ਕਾਰਗੁਜ਼ਾਰੀ ਕੀ ਰਹੀ? ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਲੁੱਟਿਆ ਗਿਆ ਕੀਮਤੀ ਖ਼ਜ਼ਾਨਾ ਕਿਥੇ ਗਿਆ?
ਅਦਾਲਤੀ ਫ਼ੈਸਲੇ ਦੇ ਬਾਵਜੂਦ ਵੀ ਗੁਰੂ ਸਾਹਿਬਾਨ ਦੇ ਹੱਥ ਲਿਖਤ ਹੁਕਮਨਾਮੇ, ਇਤਿਹਾਸਕ ਸਰੋਤ, ਖਰੜੇ, ਪੁਸਤਕਾਂ, ਬਿਰਧ ਬੀੜਾਂ, 100 ਸਾਲ ਪੁਰਾਣੀਆਂ ਅਖ਼ਬਾਰਾਂ ਦਾ ਰਿਕਾਰਡ ਆਦਿਕ ਬਹਮੁੱਲਾ ਖ਼ਜ਼ਾਨਾ ਪੰਥ ਨੂੰ ਵਾਪਸ ਕਿਉਂ ਨਹੀਂ ਮਿਲਿਆ? ਸ਼੍ਰੋਮਣੀ ਕਮੇਟੀ (SGPC) ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਅਤੇ ਵਰਤਮਾਨ ਸਮੇਂ ਵਿਚ ਜ਼ਖ਼ਮੀ ਸਰੂਪਾਂ ਨੂੰ ਸੰਗਤਾਂ ਸਾਹਮਣੇ ਕਰਨ ਦੀ ਕੀ ਹੈ ਮਜਬੂਰੀ? ਵਰਗੇ ਅਨੇਕਾਂ ਸੁਆਲ ਹਨ ਜੋ ਅੱਜ 37 ਵਰਿ੍ਹਆਂ ਬਾਅਦ ਵੀ ਬਰਕਰਾਰ ਹਨ ਤੇ ਸਿੱਖ ਸੰਗਤਾਂ ਨੂੰ ਉਨ੍ਹਾਂ ਦੇ ਜਵਾਬ ਦੀ ਬੇਸਬਰੀ ਨਾਲ ਉਡੀਕ ਹੈ।
ਇਹ ਵੀ ਪੜ੍ਹੋ: ਦਿੱਲੀ ਸਰਕਾਰ ਨੇ ਲਾਕਡਾਊਨ ਵਿਚ ਦਿੱਤੀ ਰਾਹਤ, ਹੁਣ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਉਸ ਸਮੇਂ ਦੇ ਇੰਚਾਰਜ ਡਾ. ਦਵਿੰਦਰ ਸਿੰਘ ਦੁੱਗਲ, ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਦੁੱਗਲ ਅਤੇ ਲਾਇਬ੍ਰੇਰੀ ਦੇ ਸਹਾਇਕ ਇੰਚਾਰਜ ਹਰਦੀਪ ਸਿੰਘ ਵਲੋਂ ਇਕ ਤੋਂ ਵੱਧ ਵਾਰ ਇਲੈਕਟੋ੍ਰਨਿਕ ਅਤੇ ਪਿ੍ਰੰਟ ਮੀਡੀਏ ਰਾਹੀਂ ਦਾਅਵਾ ਕੀਤਾ ਜਾ ਚੁੱਕਾ ਹੈ ਕਿ 6 ਜੂਨ ਸ਼ਾਮ ਨੂੰ ਫ਼ੌਜੀ ਕਾਰਵਾਈ ਖ਼ਤਮ ਹੋਣ ਤੋਂ ਅਗਲੇ ਦਿਨ 7 ਜੂਨ ਤਕ ਲਾਇਬ੍ਰੇਰੀ ਸੁਰੱਖਿਅਤ ਸੀ ਪਰ ਜਦੋਂ ਗੋਲੀਬਾਰੀ ਦਾ ਕੰਮ ਖ਼ਤਮ ਹੋ ਗਿਆ ਤਾਂ ਫਿਰ ਲਾਇਬ੍ਰੇਰੀ ਨੂੰ ਅੱਗ ਹਵਾਲੇ ਕਰਨ ਦੀ ਕੀ ਸਾਜ਼ਸ਼ ਸੀ? ਇਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਗੁਰੂ ਸਾਹਿਬਾਨ ਦੇ ਹੱਥ ਲਿਖਤ ਹੁਕਮਨਾਮੇ, ਇਤਿਹਾਸਿਕ ਸਰੋਤ, ਖਰੜੇ, ਪੁਸਤਕਾਂ, ਬਿਰਧ ਬੀੜਾਂ ਆਦਿਕ ਖ਼ਜ਼ਾਨੇ ਦੇ ਫ਼ੌਜ ਨੇ 12 ਟਰੱਕ ਭਰੇ ਅਤੇ ਉਕਤ ਖ਼ਜ਼ਾਨੇ ਨੂੰ ਦਿੱਲੀ ਪਹੁੰਚਾਉਣ ਲਈ ਪੁਲਿਸ ਦੇ ਦੋ ਅਫ਼ਸਰਾਂ ਰਣਜੀਤ ਸਿੰਘ ਨੰਦਾ ਅਤੇ ਸ਼ਬਦਲ ਸਿੰਘ ਵਲੋਂ ਬਕਾਇਦਾ ਸੇਵਾਮੁਕਤੀ ਤੋਂ ਬਾਅਦ ਪ੍ਰਗਟਾਵਾ ਵੀ ਕੀਤਾ ਗਿਆ ਕਿ ਲਾਇਬੇ੍ਰਰੀ ਨੂੰ ਅੱਗ ਲਾਉਣ ਤੋਂ ਪਹਿਲਾਂ ਕੀਮਤੀ ਖ਼ਜ਼ਾਨਾ ਲੁੱਟ ਲਿਆ ਗਿਆ ਸੀ।
ਇਹ ਵੀ ਪੜ੍ਹੋ: 'ਅੱਲ੍ਹਾ ਮੁਆਫ਼ ਕਰ ਦੇਵੇ ਤਾਂ ਖ਼ਤਮ ਹੋ ਜਾਵੇਗਾ ਕੋਰੋਨਾ'
ਹਰਦੀਪ ਸਿੰਘ ਮੁਤਾਬਕ ਉਸ ਸਮੇਂ ਦੇ ਐਸਜੀਪੀਸੀ ਦੇ ਜਨਰਲ ਸਕੱਤਰ ਮਨਜੀਤ ਸਿੰਘ ਕਲਕੱਤਾ ਨੇ ਰਣਜੀਤ ਸਿੰਘ ਨੰਦਾ ਤੋਂ ਮਿਲੇ ਕੱੁਝ ਦਸਤਾਵੇਜ਼ ਮੈਨੂੰ ਉਕਤ ਅਫ਼ਸਰ ਕੋਲੋਂ ਲਿਆਉਣ ਦਾ ਹੁਕਮ ਕਰਦਿਆਂ ਹਦਾਇਤ ਕੀਤੀ ਸੀ ਕਿ ਇਨ੍ਹਾਂ ਦਸਤਾਵੇਜ਼ਾਂ ਬਾਰੇ ਜਿਥੋਂ ਤਕ ਹੋ ਸਕੇ ਕਿਸੇ ਨੂੰ ਗੱਲ ਨਾ ਕੀਤੀ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਲਾਇਬੇ੍ਰਰੀ ’ਚੋਂ ਅਖ਼ਬਾਰਾਂ ਦੀ ਸਵਾਹ ਤਾਂ ਜ਼ਰੂਰ ਮਿਲੀ ਪਰ ਕਿਸੇ ਵੀ ਪੁਸਤਕ ਦੀ ਜਿਲਦ ਜਾਂ ਹੋਰ ਸਮਾਨ ਉੱਥੇ ਨਹੀਂ ਸੀ। ਜਦੋਂ ਡਾ. ਦਵਿੰਦਰ ਸਿੰਘ ਦੁੱਗਲ ਨੂੰ ਸਰਕਾਰ ਨੇ ਲਾਇਬ੍ਰੇਰੀ ਦਾ ਚਾਰਜ ਲੈਣ ਦਾ ਹੁਕਮ ਸੁਣਾਇਆ ਤਾਂ ਡਾਕਟਰ ਦੁੱਗਲ ਨੇ ਰਜਿਸਟਰ ’ਤੇ ਦਸਤਖ਼ਤ ਕਰਨ ਤੋਂ ਪਹਿਲਾਂ ਇਕ ਨੋਟ ਲਿਖਿਆ ਕਿ ਲਾਇਬ੍ਰੇਰੀ ਸੜ ਕੇ ਸੁਆਹ ਹੋ ਗਈ ਹੈ ਤੇ ਮੈਂ ਉਸ ਸੁਆਹ ਦਾ ਚਾਰਜ ਲੈ ਰਿਹਾ ਹਾਂ।
ਅਕਾਲ ਤਖ਼ਤ ਸਾਹਿਬ ( Akal Takht Sahib) ਦੇ ਪੰਜ ਪਿਆਰਿਆਂ ਦੇ ਪ੍ਰਮੁੱਖ ਰਹੇ ਭਾਈ ਸਤਨਾਮ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਾਲ 2002 ਵਿਚ ਪਟੀਸ਼ਨ ਦਾਇਰ ਕੀਤੀ ਕਿ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦਾ ਲੁੱਟਿਆ ਖ਼ਜ਼ਾਨਾ ਵਾਪਸ ਕੀਤਾ ਜਾਵੇ, ਕਰੀਬ 2 ਸਾਲ ਬਾਅਦ ਚੀਫ਼ ਜਸਟਿਸ ਬੀ.ਕੇ. ਰਾਏ ਅਤੇ ਜਸਟਿਸ ਸੂਰੀਆ ਕਾਂਤ ਨੇ ਫ਼ੈਸਲਾ ਸੁਣਾਉਂਦਿਆਂ ਸਰਕਾਰ ਨੂੰ ਹਦਾਇਤ ਕੀਤੀ ਕਿ ਉਹ ਖ਼ਜ਼ਾਨਾ ਵਾਪਸ ਕਰ ਕੇ ਬਕਾਇਦਾ ਲਾਇਬ੍ਰੇਰੀ ਵਿਚ ਪਹੁੰਚਾਇਆ ਜਾਵੇ ਪਰ ਅੱਜ ਵੀ ਸਿੱਖ ਕੌਮ ਨੂੰ ਉਸ ਕੀਮਤੀ ਖ਼ਜ਼ਾਨੇ ਬਾਰੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਕੁੱਝ ਵੀ ਦਸਣ ਲਈ ਤਿਆਰ ਨਹੀਂ।
ਇਹ ਵੀ ਪੜ੍ਹੋ: Twitter ਦੀ ਕਾਰਵਾਈ: ਹੁਣ RSS ਮੁਖੀ ਮੋਹਨ ਭਾਗਵਤ ਦੇ ਅਕਾਊਂਟ ਤੋਂ ਹਟਾਇਆ Blue Tick
ਭਾਈ ਸਤਨਾਮ ਸਿੰਘ ਮੁਤਾਬਕ ਇਸ ਘਟਨਾਕ੍ਰਮ ਦੇ ਮੁੱਖ ਗਵਾਹਾਂ ਰਣਜੀਤ ਸਿੰਘ ਨੰਦਾ ਅਤੇ ਸ਼ਬਦਲ ਸਿੰਘ ਵਲੋਂ ਬਕਾਇਦਾ ਪ੍ਰੈਸ ਕਾਨਫ਼ਰੰਸ ਕਰ ਕੇ ਇੰਕਸ਼ਾਫ਼ ਕੀਤਾ ਗਿਆ ਸੀ ਕਿ ਉਨ੍ਹਾਂ ਉਕਤ ਟਰੱਕ ਖ਼ੁਦ ਦਿੱਲੀ ਤਕ ਪਹੁੰਚਾਏ ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਉਕਤ ਖ਼ਜ਼ਾਨੇ ਬਾਰੇ ਕੋਈ ਜਾਣਕਾਰੀ ਨਹੀਂ। ਅਦਾਲਤ ਦੇ 2004 ਵਿਚ ਆਏ ਫ਼ੈਸਲੇ ਦੇ ਉਕਤ ਘਟਨਾਕ੍ਰਮ ਤੋਂ ਅੱਜ 17 ਸਾਲਾਂ ਬਾਅਦ ਵੀ ਸੰਗਤਾਂ ਦੀ ਉਕਤ ਖ਼ਜ਼ਾਨੇ ਸਬੰਧੀ ਉਤਸੁਕਤਾ ਬਰਕਰਾਰ ਹੈ।
ਭਾਵੇਂ ਐਸਜੀਪੀਸੀ ਦੇ ਸਕੱਤਰ ਦਲਮੇਘ ਸਿੰਘ ਦਾ ਦਾਅਵਾ ਹੈ ਕਿ ਉਹ ਇਸ ਬਾਰੇ 24 ਚਿੱਠੀਆਂ ਕੇਂਦਰ ਸਰਕਾਰ ਨੂੰ ਲਿਖ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ, ਇਸ ਦੇ ਉਲਟ ਭਾਈ ਸਤਨਾਮ ਸਿੰਘ ਨੇ ਇੰਕਸ਼ਾਫ਼ ਕੀਤਾ ਕਿ ਜਦੋਂ ਅਦਾਲਤੀ ਹੁਕਮ ਤੋਂ ਬਾਅਦ ਸਰਕਾਰ ਦੀ ਉਕਤ ਖ਼ਜ਼ਾਨਾ ਵਾਪਸ ਕਰਨ ਦੀ ਮਜਬੂਰੀ ਬਣ ਗਈ ਤਾਂ ਸ਼੍ਰੋਮਣੀ ਕਮੇਟੀ ਵਲੋਂ ਅਦਾਲਤ ਵਿਚ ਗਏ ਸਕੱਤਰ ਦਲਮੇਘ ਸਿੰਘ ਨੇ ਅਨੌਖੀ ਮੰਗ ਰੱਖਦਿਆਂ ਆਖਿਆ ਕਿ ਉਕਤ ਕੇਸ ਸੀਬੀਆਈ ਦੇ ਹਵਾਲੇ ਕਰ ਦਿਤਾ ਜਾਵੇ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਉਹ ਲਗਾਤਾਰ ਦੋ ਸਾਲ ਸੀਬੀਆਈ ਅਤੇ ਭਾਰਤੀ ਫ਼ੌਜ ਤੋਂ ਲੁੱਟਿਆ ਖ਼ਜ਼ਾਨਾ ਵਾਪਸ ਮੰਗਵਾਉਣ ਲਈ ਅਦਾਲਤ ਰਾਹੀਂ ਲੜਾਈ ਲੜਦਾ ਰਿਹਾ ਪਰ ਦਲਮੇਘ ਸਿੰਘ ਨੇ ਸਾਰੀ ਕੀਤੀ ਕਤਾਈ ’ਤੇ ਪਾਣੀ ਫੇਰ ਦਿਤਾ।
ਇਹ ਵੀ ਪੜ੍ਹੋ: ਦੇਸ਼ ’ਚ ਹੋਰ ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਇਕ ਦਿਨ ’ਚ 1.20 ਲੱਖ ਨਵੇਂ ਮਾਮਲੇ
ਉੱਘੇ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਪ੍ਰੋਫ਼ੈਸਰ ਇੰਦਰ ਸਿੰਘ ਘੱਗਾ ਨੇ ਅਹਿਮ ਪ੍ਰਗਟਾਵਾ ਕਰਦਿਆਂ ਦਸਿਆ ਕਿ ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਰਾਹੀਂ ਇਕ ਤੋਂ ਵੱਧ ਵਾਰ ਇੰਕਸ਼ਾਫ਼ ਹੋ ਚੁੱਕਾ ਹੈ ਕਿ ਲੁੱਟਿਆ ਖ਼ਜ਼ਾਨਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਿਲ ਗਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰਾਨ ਅਪਣੇ ਸਿਆਸੀ ਆਕਾਵਾਂ ਦੀਆਂ ਹਦਾਇਤਾਂ ਮੁਤਾਬਕ ਬਲਿਊ ਸਟਾਰ ਅਪ੍ਰੇਸ਼ਨ ਅਰਥਾਤ ਨਿੰਦਣਯੋਗ ਸਾਕੇ ਦੇ ਮਾਮਲੇ ਵਿਚ ਭਾਵਨਾਤਮਕ ਤੌਰ ’ਤੇ ਸੰਗਤਾਂ ਨੂੰ ਗੁਮਰਾਹ ਕਰ ਕੇ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦਸਿਆ ਕਿ ਇਸ ਸਬੰਧੀ ਸੌਦਾ ਸਾਧ ਨੂੰ ਤਖ਼ਤਾਂ ਦੇ ਜਥੇਦਾਰਾਂ ਵਲੋਂ ਬਿਨ ਮੰਗੀ ਮਾਫ਼ੀ ਦੇਣ ਵਾਲੇ ਵਿਵਾਦ ਮੌਕੇ ਸਤੰਬਰ 2015 ਦੇ ਰੋਜ਼ਾਨਾ ਸਪੋਕਸਮੈਨ ਦੇ ਇਨ੍ਹਾਂ ਕਾਲਮਾਂ ਵਿਚ ਬਕਾਇਦਾ ਉਹ ਰਸੀਦਾਂ ਵੀ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜੋ ਰਸੀਦਾਂ ਸ਼੍ਰੋਮਣੀ ਕਮੇਟੀ ਨੇ ਖ਼ਜ਼ਾਨਾ ਵਾਪਸ ਲੈਣ ਮੌਕੇ ਭਾਰਤੀ ਫ਼ੌਜ ਦੇ ਨੁਮਾਇੰਦੇ ਜਾਂ ਸਰਕਾਰ ਨੂੰ ਦਿਤੀਆਂ ਪਰ ਹੁਣ ਕਦੇ ਜ਼ਖ਼ਮੀ ਬੀੜਾਂ ਅਤੇ ਕਦੇ ਅਜਿਹੀਆਂ ਭਾਵਨਾਤਮਕ ਕਾਰਵਾਈਆਂ ਰਾਹੀਂ ਸੰਗਤਾਂ ਨੂੰ ਹਨੇਰੇ ਵਿਚ ਰੱਖਣ ਅਤੇ ਗੁਮਰਾਹ ਕਰਨ ਵਾਲੀਆਂ ਸਾਜ਼ਸ਼ਾਂ ਤੇ ਚਾਲਾਂ ਨਿੰਦਣਯੋਗ ਹਨ।