ਵੇਖਿਉ ਉੱਚਾ ਦਰ ਗ਼ਲਤ ਹੱਥਾਂ ਵਿਚ ਕਦੇ ਨਾ ਜਾਵੇ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਫ਼ਤਹਿਵੀਰ ਦੀ ਮੌਤ ਦਾ ਬਹੁਤ ਅਫ਼ਸੋਸ ਹੈ।  ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਹਿਲੀ ਗ਼ਲਤੀ ਤਾਂ ਘਰ ਵਾਲਿਆਂ ਦੀ ਹੈ, ਉਨ੍ਹਾਂ ਕਿਵੇਂ ਦੋ ਸਾਲ ਦੇ ਬੱਚੇ ਨੂੰ ਅੱਖੋਂ ਓਹਲੇ...

Ucha Dar Babe Nanak

ਫ਼ਤਹਿਵੀਰ ਦੀ ਮੌਤ ਦਾ ਬਹੁਤ ਅਫ਼ਸੋਸ ਹੈ।  ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਕਿ ਪਹਿਲੀ ਗ਼ਲਤੀ ਤਾਂ ਘਰ ਵਾਲਿਆਂ ਦੀ ਹੈ, ਉਨ੍ਹਾਂ ਕਿਵੇਂ ਦੋ ਸਾਲ ਦੇ ਬੱਚੇ ਨੂੰ ਅੱਖੋਂ ਓਹਲੇ ਕਰ ਦਿਤਾ ਕਿ ਬਾਹਰ ਜਾ ਕੇ ਕਿਸੇ ਖੱਡੇ ਵਿਚ ਡਿੱਗ ਜਾਵੇ ਤੇ ਮਰ ਜਾਵੇ। ਇਹ ਉਹੀ ਗੱਲ ਹੋਈ ''ਵਸਤ ਨਾ ਰਖੇ ਆਪਣੀ, ਚੋਰਾਂ ਗਾਲੀ ਦੇ।'' ਬਾਅਦ ਵਿਚ ਕਿਸੇ ਨੂੰ ਉਸ ਦੀ ਮੌਤ ਦਾ ਜ਼ਿੰਮੇਵਾਰ ਕਹਿਣਾ, ਉਸ ਲਈ ਨਾਹਰੇ ਲਗਾਉਣੇ, ਸਰਕਾਰ ਨੂੰ ਬੁਰਾ ਭਲਾ ਕਹਿਣਾ, ਫ਼ੋਟੋਆਂ ਉਤੇ ਜੁਤੀਆਂ ਮਾਰਨੀਆਂ, ਧਰਨੇ ਲਗਾਉਣੇ, ਇਹ ਤਾਂ ਠੀਕ ਨਹੀਂ ਲਗਦਾ। ਦੂਜੀ ਗ਼ਲਤੀ ਪਿੰਡ ਵਾਲਿਆਂ ਦੀ ਹੈ ਜੋ ਉਥੋਂ ਦੇ ਪੰਚਾਂ-ਸਰਪੰਚਾਂ ਨੂੰ ਕਹਿ ਕੇ ਇਨ੍ਹਾਂ ਖੁੱਲ੍ਹੇ ਬੋਰਵੈੱਲਾਂ ਦਾ ਇਤਜ਼ਾਮ ਕਰਦੇ ਜੋ ਕਿ ਕਿਸੇ ਦੀ ਵੀ ਜਾਨ ਲੈ ਸਕਦੇ ਹਨ। 

ਇਕ ਹੋਰ ਗੱਲ ਮੈਂ ਸਤਕਾਰਯੋਗ ਸਰਦਾਰ ਜੋਗਿੰਦਰ ਸਿੰਘ ਤੇ ਸਾਰੇ ਪ੍ਰਵਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਹਾਡਾ ਬਹੁਤ-ਬਹੁਤ ਧਨਵਾਦ ਕਿ ਤੁਸੀ 'ਉੱਚਾ ਦਰ ਬਾਬੇ ਨਾਨਕ ਦਾ' ਬਹੁਤ ਮਿਹਨਤ ਤੇ ਘਾਲਣਾ ਨਾਲ ਤਿਆਰ ਕੀਤਾ ਹੈ। ਤੁਸੀ ਗ਼ਰੀਬਾਂ ਬਾਰੇ ਸੋਚਿਆ ਹੈ ਜਦੋਂ ਕਿ ਅੱਜ ਦੇ ਜ਼ਮਾਨੇ ਵਿਚ ਚਾਰੇ ਪਾਸੇ ਲਾਲਚ ਤੇ ਖੁਦਗ਼ਰਜ਼ੀ ਫੈਲ ਰਹੀ ਹੈ। ਇਸ ਲਈ ਮੈਨੂੰ ਇਹ ਫ਼ਿਕਰ ਰਹਿੰਦਾ ਹੈ ਕਿ ਕੋਈ ਤੁਹਾਡੇ ਵਰਗਾ ਹੀ ਮਹਾਨ ਤੇ ਇਮਾਨਦਾਰ ਹੋਵੇ ਜਿਸ ਦੇ ਹਵਾਲੇ ਤੁਸੀ ਇਸ ਨੂੰ ਕਰੋ ਜਾਂ ਤੁਸੀ ਆਪ ਹੀ ਇਸ ਦੀ ਵਾਗਡੋਰ ਸੰਭਾਲ ਕੇ ਰੱਖੋ ਕਿਉਂਕਿ ਇਕ ਵਾਰ ਅਖ਼ਬਾਰ ਵਿਚ ਪੜ੍ਹਿਆ ਸੀ ਕਿ ਕਿਸੇ ਨੇ ਇਸ ਨੂੰ ਖ਼ਰੀਦਣ ਦੀ ਗੱਲ ਵੀ ਕੀਤੀ ਸੀ ਤੇ ਕਿਹਾ ਸੀ ਕਿ ਇਕ ਕਮਰੇ ਵਿਚ ਬਾਬਾ ਜੀ ਦਾ ਪ੍ਰਕਾਸ਼ ਕਰ ਕੇ ਬਾਕੀ ਹੋਰ ਮਤਲਬ ਲਈ ਵਰਤਿਆ ਜਾਵੇਗਾ।

ਤੁਸੀ ਇਹ ਪੇਸ਼ਕਸ਼ ਠੁਕਰਾ ਦਿਤੀ ਸੀ, ਪਰ ਤੁਹਾਡੇ ਬਾਦ ਕੋਈ ਲਾਲਚੀ ਬੰਦੇ ਆ ਜਾਣ ਜੋ ਇਸ ਤਰ੍ਹਾਂ ਦਾ ਸੋਦਾ ਕਰ ਦੇਣ ਤਾਂ ਤੁਹਾਡੀ ਘਾਲਣਾ ਬੇਕਾਰ ਹੋ ਜਾਵੇਗੀ। ਇਸ ਗੱਲ ਦਾ ਸ਼ਰਧਾਲੂਆਂ ਨੂੰ ਬਹੁਤ ਅਫ਼ਸੋਸ ਹੋਵੇਗਾ ਤੇ ਗ਼ਰੀਬਮਾਰੀ ਹੋਵੇਗੀ। ਬਾਕੀ ਤੁਸੀ ਜੋ ਵੀ ਕਰੋਗੇ ਠੀਕ ਹੀ ਕਰੋਗੇ। ਮੈਂ ਪਹਿਲੀ ਵਾਰ ਲਿਖ ਰਹੀ ਹਾਂ ਇਸ ਲਈ ਮੈਨੂੰ ਇਹ ਜਾਣਕਾਰੀ ਨਹੀਂ ਕਿ ਜੇਕਰ ਸਰਦਾਰ ਜੋਗਿੰਦਰ ਸਿੰਘ ਜੀ ਨੂੰ ਇਹ ਕਹਿਣਾ ਹੋਵੇ ਤਾਂ ਕਿਥੇ ਲਿਖਣਾ ਹੁੰਦਾ ਹੈ ਜਾਂ ਹੋਰ ਕੋਈ ਢੰਗ ਹੈ?
- ਡਾ. ਰਾਜਿੰਦਰ ਕੌਰ ਢੀਂਡਸਾ, ਜਲੰਧਰ, ਸੰਪਰਕ : 98556-36353