ਸ਼ਮਸ਼ਾਨ ਘਾਟ ਵਿਚ ਚੱਲਦਾ ਹੈ ਵਿਲੱਖਣ ਲੰਗਰ
ਸ਼ਮਸ਼ਾਨ ਘਾਟ ਦਾ ਨਾਂ ਲਿਆਂ ਹੀ ਮੌਤ ਯਾਦ ਆ ਜਾਂਦੀ ਹੈ। ਮੌਤ ਤੋਂ ਡਰਦਾ ਮਨੁੱਖ ਸ਼ਮਸ਼ਾਨ ਘਾਟ ਤੋਂ ਦੂਰ ਹੀ ਭਜਦਾ ਹੈ। ਪਰ ਸਾਡੇ ਪਿੰਡ ਘੋਲੀਆਂ ਖ਼ੁਰਦ (ਮੋਗਾ) ਵਿਚ ਲੋਕ
ਸ਼ਮਸ਼ਾਨ ਘਾਟ ਦਾ ਨਾਂ ਲਿਆਂ ਹੀ ਮੌਤ ਯਾਦ ਆ ਜਾਂਦੀ ਹੈ। ਮੌਤ ਤੋਂ ਡਰਦਾ ਮਨੁੱਖ ਸ਼ਮਸ਼ਾਨ ਘਾਟ ਤੋਂ ਦੂਰ ਹੀ ਭਜਦਾ ਹੈ। ਪਰ ਸਾਡੇ ਪਿੰਡ ਘੋਲੀਆਂ ਖ਼ੁਰਦ (ਮੋਗਾ) ਵਿਚ ਲੋਕ ਸ਼ਮਸ਼ਾਨ ਘਾਟ ਵਿਚ ਮੌਤ ਦਾ ਡਰ ਦੂਰ ਕਰਨ ਲਈ ਜਾਂਦੇ ਹਨ। ਸਵੇਰੇ ਸਾਢੇ 5 ਵਜੇ ਤੋਂ ਸਾਢੇ 7 ਵਜੇ ਤਕ ਸ਼ਮਸ਼ਾਨ ਘਾਟ ਵਿਚ ਧਾਰਮਕ ਸਥਾਨਾਂ ਤੋਂ ਵੱਧ ਭੀੜ ਜੁੜਦੀ ਹੈ। ਹੋਇਆ ਇਸ ਤਰ੍ਹਾਂ ਕਿ ਇਸ ਵਾਰ ਬਾਬੇ ਨਾਨਕ ਜੀ ਦੇ 550 ਸਾਲਾ ਆਗਮਨ ਪੁਰਬ ਸਮੇਂ ਨੌਜੁਆਨਾਂ ਵਲੋਂ ਪਕੌੜਿਆਂ ਤੇ ਬਰੈਡਾਂ ਦੇ ਲੰਗਰ ਦੀ ਥਾਂ ਬਿਮਾਰੀਆਂ ਨੂੰ ਭਜਾਉਣ ਵਾਲਾ ਵ੍ਹੀਟ ਗ੍ਰਾਸ (ਕਣਕ ਦੀਆਂ ਲਗਰਾਂ) ਦਾ ਲੰਗਰ ਲਗਾਉਣ ਦਾ ਫ਼ੈਸਲਾ ਕੀਤਾ ਗਿਆ
ਜੋ ਨੌਜੁਆਨ ਡਾ. ਨਿਰਮਲ ਸਿੰਘ ਤੇ ਕੁਲਦੀਪ ਸਿੰਘ ਪੱਤਰਕਾਰ ਤੇ ਹੋਰ 10-15 ਨੌਜੁਆਨਾਂ ਨੇ ਸ਼ਮਸ਼ਾਨਘਾਟ ਦੀ ਵਿਹਲੀ ਪਈ ਜ਼ਹਿਰ ਰਹਿਤ ਜ਼ਮੀਨ ਉਤੇ ਕਣਕ ਬੀਜ ਕੇ ਤਿਆਰ ਕਰ ਲਈ। 10-15 ਕੂੰਡਿਆਂ ਵਿਚ 7-8 ਇੰਚ ਦੀ ਕਣਕ, ਆਮਲੇ, ਅਮਰੂਦ ਦੇ ਪੱਤੇ, ਗਲੋਅ ਆਦਿ ਨੂੰ ਕੁੱਟ ਕੇ ਜੂਸ ਤਿਆਰ ਕਰ ਲਿਆ ਗਿਆ। ਪਹਿਲੇ ਦਿਨ 250 ਦੇ ਕਰੀਬ ਲੋਕਾਂ ਨੇ ਜੂਸ ਪੀਤਾ। ਡਰ ਸੀ ਕਿ ਸ਼ਾਇਦ ਲੋਕ ਸ਼ਮਸ਼ਾਨ ਘਾਟ ਵਿਚ ਲੰਗਰ ਲੱਗਾ ਹੋਣ ਕਾਰਨ ਘੱਟ ਆਉਣ। ਪਰ ਗਿਣਤੀ ਦਿਨ-ਬ-ਦਿਨ ਵਧਦੀ ਗਈ। ਲੋਕ ਕਾਰਾਂ, ਮੋਟਰਸਾਈਕਲਾਂ, ਸਾਈਕਲਾਂ ਰਾਹੀਂ ਤੇ ਪੈਦਲ ਆਸੇ ਪਾਸੇ ਦੇ ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਆਉਣੇ ਸ਼ੁਰੂ ਹੋ ਗਏ।
400 ਐਮ.ਐਲ ਜੂਸ ਦਾ ਗਲਾਸ ਪੀਣ ਵਾਲਿਆਂ ਦੀ ਗਿਣਤੀ ਵੱਧ ਕੇ 7 ਹਜ਼ਾਰ ਤਕ ਚਲੀ ਗਈ। ਇਹ ਲੰਗਰ ਇਕ ਮਹੀਨੇ ਦੀ ਥਾਂ ਤੇ 70-75 ਦਿਨ ਤੋਂ ਲਗਾਤਾਰ ਜਾਰੀ ਹੈ। ਲੋਕਾਂ ਦਾ ਡਰ ਦੂਰ ਕਰਨ ਵਾਸਤੇ ਜਗਮਗਾਉਂਦੀਆਂ ਲੜੀਆਂ ਤੇ ਲਾਈਟਾਂ ਲਗਾ ਦਿਤੀਆਂ ਗਈਆਂ। ਲੋਕਾਂ ਨੂੰ ਇਸ ਜੂਸ ਨਾਲ ਕੈਂਸਰ, ਸ਼ੂਗਰ, ਮੋਟਾਪਾ ਤੇ ਹੋਰ ਕਈ ਬਿਮਾਰੀਆਂ ਤੋਂ ਵੱਡੀ ਰਾਹਤ ਮਿਲ ਰਹੀ ਹੈ। ਲੋਕ ਖ਼ੁਦ ਆ ਕੇ ਇਹ ਦੱਸ ਰਹੇ ਹਨ।
ਇਸ ਲੰਗਰ ਦਾ ਨਾਮ ਵੀ ਗੁਰੂ ਨਾਨਕ ਮਿਸ਼ਨ ਘੋਲੀਆਂ ਖ਼ੁਰਦ ਰਖਿਆ ਗਿਆ। ਮੈਂ ਸੋਚ ਰਿਹਾ ਸੀ ਕਿ ਧਰਮ ਦੇ ਠੇਕੇਦਾਰਾਂ ਤੇ ਬਾਬਾਵਾਦ ਵਲੋਂ ਪਕੌੜਿਆਂ, ਜਲੇਬੀਆਂ, ਬਰਗਰਾਂ, ਪੀਜ਼ਿਆਂ ਦੇ ਲੰਗਰ ਲਗਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਡੇਰੇਦਾਰ ਖ਼ੁਦ ਵੀ ਬਿਮਾਰ ਹਨ ਤੇ ਲੋਕਾਂ ਨੂੰ ਵੀ ਬਿਮਾਰੀਆਂ ਵਲ ਧੱਕ ਰਹੇ ਹਨ।
ਸ਼ਹਿਰਾਂ ਦੇ ਗੁਰਦਵਾਰਿਆਂ ਵਿਚ ਆਮ ਤੌਰ ਉਤੇ ਸਵੇਰੇ-ਸਵੇਰੇ ਸਮੋਸਿਆਂ ਦੇ ਲੰਗਰ ਵਰਤਾਏ ਜਾਂਦੇ ਹਨ ਜਦੋਂ ਕਿ ਗੁਰਬਾਣੀ ਅਜਿਹੇ ਖਾਣਿਆਂ ਤੋਂ ਵਰਜਦੀ ਹੈ। ਬਾਬਾ ਹੋਰੁ ਖਾਣਾ ਖੁਸੀ ਖੁਆਰ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ£ ਅਜਿਹੇ ਬਹੁਤ ਸਾਰੇ ਗੁਰਬਾਣੀ ਦੇ ਫ਼ੁਰਮਾਨ ਹਨ। ਪਰ ਧਰਮ ਦਾ ਪੁਜਾਰੀਵਾਦ ਗੁਰਬਾਣੀ ਦੇ ਫ਼ੁਰਮਾਨ ਨੂੰ ਟਿੱਚ ਜਾਣਦਾ ਹੈ।
ਇਨ੍ਹਾਂ ਸਾਧ ਬਾਬਿਆਂ ਨੇ ਗੁਰਦਵਾਰਿਆਂ ਦੀ ਲੰਗਰ ਦੀ ਮਰਿਆਦਾ ਨੂੰ ਵੱਡਾ ਖੋਰਾ ਲਗਾਇਆ ਹੈ। ਰੋਜ਼ਾਨਾ ਸਪੋਕਸਮੈਨ ਨੇ 550 ਸਾਲਾ ਪੁਰਬ ਤੇ ਸਿੱਖ ਪੰਥ ਨੂੰ ਸੰਦੇਸ਼ ਦਿਤਾ ਸੀ ਕਿ ਮਲਕ ਭਾਗੋ ਦੇ ਪੂੜਿਆਂ ਦੀ ਥਾਂ ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਦੇ ਲੰਗਰ ਲਗਾਏ ਜਾਣ। ਸਿੱਖ ਧਰਮ ਵਿਚ ਪੈਦਾ ਹੋਇਆ ਪੁਜਾਰੀਵਾਦ, ਮਨੁੱਖਤਾ ਲਈ ਬਹੁਤ ਖ਼ਤਰਨਾਕ ਹੈ।
ਸ਼ਤਾਬਦੀਆਂ ਤੇ ਲੱਖਾਂ, ਕਰੋੜਾਂ ਵਿਚ ਰੁਪਿਆ ਬਰਬਾਦ ਹੋ ਜਾਂਦਾ ਹੈ। ਡੇਰੇਦਾਰ ਬਾਬੇ ਨਾਨਕ ਨੂੰ ਅਪਣੇ ਵਾਂਗ ਵਿਹਲੜ ਵਜੋਂ ਹੀ ਪੇਸ਼ ਕਰ ਰਹੇ ਹਨ। ਪਰ ਬਾਬਾ ਨਾਨਕ ਸਾਹਿਬ ਨੇ ਤਾਂ ਮਨੁੱਖਤਾ ਨੂੰ ਕਿਰਤੀ ਬਣਨ, ਵੰਡ ਛਕਣ ਤੇ ਗਿਆਨਵਾਨ ਬਣਨ ਦਾ ਉਪਦੇਸ਼ ਦਿਤਾ ਸੀ। ਇਨ੍ਹਾਂ ਨੌਜੁਆਨ ਵੀਰਾਂ ਨੇ ਮਨੁੱਖਤਾ ਦੀ ਭਲਾਈ ਦਾ ਲੰਗਰ ਲਗਾ ਕੇ ਸਾਧ ਬਾਬਿਆਂ ਨੂੰ ਮਾਤ ਦੇ ਦਿਤੀ। ਇਸ ਲੰਗਰ ਵਿਚ ਲੋਕਾਂ ਵਲੋਂ ਵਿਸ਼ੇਸ਼ ਸਹਿਯੋਗ ਦਿਤਾ ਗਿਆ। ਸਪੋਕਸਮੈਨ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਰਾਹੀਂ ਮਨੁੱਖਤਾ ਨੂੰ ਬਾਬੇ ਨਾਨਕ ਦਾ ਵੱਡਾ ਸੰਦੇਸ਼ ਦਿਤਾ ਜਾ ਰਿਹਾ ਹੈ। ਲੋਕ ਸਚਾਈ ਦੇ ਨੇੜੇ ਪਹੁੰਚ ਰਹੇ ਹਨ।
ਮਨਮੋਹਨ ਸਿੰਘ ਘੋਲੀਆਂ, ,ਸੰਪਰਕ ਨੰਬਰ- 9814026892