ਸਪੋਕਸਮੈਨ ਪ੍ਰੈਸ ਵਿਚ ਪੰਜਾਬੀਅਤ ਦੀ ਝਲਕ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਕਲਮ ਤਲਵਾਰ ਨਾਲੋਂ ਜ਼ਿਆਦਾ ਤਾਕਤਵਰ ਹੈ।, ਸੁਪਨੇ ਤਦ ਤਕ ਕੰਮ ਨਹੀਂ ਕਰਦੇ ਜਦੋਂ ਤਕ ਤੁਸੀ ਕੰਮ ਨਹੀਂ ਕਰਦੇ।

Rozana Spokesman

24 ਜਨਵਰੀ ਨੂੰ 'ਰੋਜ਼ਾਨਾ ਸਪੋਕਸਮੈਨ' ਦੇ ਜ਼ਿਲ੍ਹਾ ਇੰਚਾਰਜ ਸ. ਹਰਪਾਲ ਬਟਾਲਵੀ ਨਾਲ ਅਖ਼ਬਾਰ ਦੀ ਮੋਹਾਲੀ ਸਥਿਤ ਪ੍ਰਿਟਿੰਗ ਪ੍ਰੈਸ ਵਿਚ ਜਾਣ ਦਾ ਮੌਕਾ ਮਿਲਿਆ। ਜਿਵੇਂ ਇਸ ਦੀ ਛਪਣ ਸਮਗਰੀ (ਖ਼ਬਰਾਂ, ਲੇਖ ਆਦਿ) ਵਿਚ ਪੰਜਾਬੀਅਤ ਦੀ ਭਰਪੂਰ ਝਲਕ ਮਿਲਦੀ ਹੈ, ਉਂਜ ਹੀ ਪ੍ਰੈੱਸ ਵਿਚ ਦਾਖ਼ਲ ਹੁੰਦਿਆਂ ਹੀ ਇਹ ਵਿਸ਼ੇਸ਼ ਤੌਰ ਉਤੇ ਸਿਰਜਿਆ ਗਿਆ ਮਾਹੌਲ ਵੇਖਣ ਨੂੰ ਮਿਲਦਾ ਹੈ।

ਹੇਠਲੀ ਮੰਜ਼ਿਲ ਵਾਲੇ ਕਮਰੇ ਵਿਚ ਹੀ ਪੰਜਾਬੀਅਤ ਦਾ ਨਜ਼ਾਰਾ ਸਮੇਟੀ ਫ਼ੋਟੋਆਂ ਠੀਕ ਹੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਦਾਅਵਾ ਜਤਾਉਣ ਵਾਲੇ ਪੰਜਾਬ ਦੇ ਹਰਮਨ ਪਿਆਰੇ ਅਖ਼ਬਾਰ ਦੀ ਪ੍ਰਿੰਟਿੰਗ ਪ੍ਰੈੱਸ ਦੀ ਸ਼ਾਨ ਵਿਚ ਵਾਧਾ ਕਰਦੀਆਂ ਹਨ। ਹੇਠਲੀ ਮੰਜ਼ਿਲ ਤੋਂ ਉਪਰਲੀ ਮੰਜ਼ਿਲ ਵਲ ਜਾਂਦਿਆਂ ਵੀ ਪੌੜੀਆਂ ਦੇ ਨਾਲ ਕੰਧ ਤੇ ਲੱਗੀਆਂ ਇਹ ਫ਼ੋਟੋਆਂ ਇਕ ਮਿੰਟ ਵਿਚ ਹੀ ਪੰਜਾਬੀ ਜੀਵਨ-ਸ਼ੈਲੀ ਦੇ ਵੱਖੋ-ਵਖਰੇ ਨਜ਼ਾਰਿਆਂ ਦੀ ਝਲਕ ਵਿਖਾ ਦਿੰਦੀਆਂ ਹਨ।

ਪੰਜਾਬ ਦੇ ਇਕ ਛੋਟੇ ਜਹੇ ਸ਼ਹਿਰ ਦੇ ਇਕ ਛੋਟੇ ਜਹੇ ਹਿੱਸੇ ਵਿਚ ਪੂਰੇ ਪੰਜਾਬ ਤੇ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਸਹੀ ਸੇਧ ਦੇਣ ਵਾਲੀ ਅਖ਼ਬਾਰ ਨੇ ਅਪਣੀ ਪ੍ਰਿਟਿੰਗ ਪ੍ਰੈੱਸ ਵਿਚ ਵੀ ਠੀਕ ਉਹੀ ਮਾਹੌਲ ਸਿਰਜਿਆ ਹੋਇਆ ਹੈ। ਕਿਸੇ ਨੇ ਸੱਚ ਹੀ ਕਿਹਾ ਸੀ ਕਿ ਇਕ ਤਸਵੀਰ ਨੂੰ ਇਕ ਹਜ਼ਾਰ ਸ਼ਬਦਾਂ ਵਿਚ ਬਿਆਨ ਕੀਤਾ ਜਾ ਸਕਦਾ ਹੈ ਤੇ ਉਹ ਫ਼ੋਟੋ ਦੀ ਇਕ ਝਲਕ ਤੋਂ ਹੀ ਪਤਾ ਲੱਗ ਜਾਂਦਾ ਹੈ।

ਅਖ਼ਬਾਰ ਪੰਜਾਬ ਦੀ ਹਰ ਘਟਨਾ ਤੋਂ ਪਾਠਕਾਂ ਨੂੰ ਜਾਣੂ ਕਰਵਾਉਂਦਾ ਹੈ ਤੇ ਇਸ ਦੀ ਪ੍ਰੈੱਸ ਵਿਚ ਜਾਣ ਵਾਲਾ ਵੀ ਪੰਜਾਬੀ ਜੀਵਨ ਨਾਲ ਸਬੰਧਤ ਦ੍ਰਿਸ਼ਾਂ ਨੂੰ ਵੇਖਦਿਆਂ ਹੋਇਆਂ ਇਕ ਮਿੰਟ ਵਿਚ ਪੰਜਾਬ ਦੀ ਸੈਰ ਕਰ ਲੈਂਦਾ ਹੈ। ਉਥੇ ਉਪਰਲੀ ਮੰਜ਼ਿਲ ਵਿਚ ਜਿਥੇ ਕੰਪਿਊਟਰ 'ਤੇ ਪੇਜ ਤਿਆਰ ਕਰਨ ਦਾ ਕੰਮ ਚਲਦਾ ਹੈ, ਦੋ ਅਨਮੋਲ ਵਚਨ ਮੋਟੇ ਅੱਖਰਾਂ ਵਿਚ ਫ਼ਰੇਮ ਕੀਤੇ ਹੋਏ ਵੇਖੇ।

1. ਕਲਮ ਤਲਵਾਰ ਨਾਲੋਂ ਜ਼ਿਆਦਾ ਤਾਕਤਵਰ ਹੈ।
2. ਸੁਪਨੇ ਤਦ ਤਕ ਕੰਮ ਨਹੀਂ ਕਰਦੇ ਜਦੋਂ ਤਕ ਤੁਸੀ ਕੰਮ ਨਹੀਂ ਕਰਦੇ।

ਪਹਿਲਾ ਵਾਕ, 'ਵਿਚਾਰਾਂ ਨੂੰ ਕਲਮ ਦੁਆਰਾ ਪ੍ਰਗਟ ਕਰ ਕੇ ਬਾਹੂਬਲ ਵਾਲੀ ਜੰਗ ਨਾਲੋਂ ਵੱਧ ਮਹੱਤਵਪੂਰਨ ਦਰਸਾਉਂਦਾ ਹੋਇਆ ਅੱਜ ਦੇ ਯੁਗ ਵਿਚ ਪ੍ਰੈੱਸ ਦੀ ਕਲਮਕਾਰੀ ਦੀ ਤਾਕਤ ਬਾਰੇ ਦਸਦਾ ਹੈ। ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਆਜ਼ਾਦ ਨੇ ਕਿਹਾ ਸੀ ਕਿ ਮਨੁੱਖ ਨੂੰ ਸੌਂਦੇ ਹੋਏ ਨਹੀਂ, ਜਾਗਦੇ ਹੋਏ ਸੁਪਨੇ ਵੇਖਣੇ ਚਾਹੀਦੇ ਹਨ ਤੇ ਉਨ੍ਹਾਂ ਨੂੰ ਪੂਰਿਆਂ ਕਰਨ ਲਈ ਪੂਰੀ ਵਾਹ ਲਗਾ ਦੇਣੀ ਚਾਹੀਦੀ ਹੈ। ਜਿਹੜਾ ਮਨੁੱਖ ਕੋਈ ਸੁਪਨਾ ਨਹੀਂ ਵੇਖਦਾ, ਉਹ ਕੋਈ ਇਤਿਹਾਸ ਨਹੀਂ ਸਿਰਜ ਸਕਦਾ। ਇਸ ਵਿਚਾਰ ਨੂੰ ਦੂਜੇ ਫ਼ਰੇਮ ਵਿਚ ਹੋਰ ਵੀ ਸਪੱਸ਼ਟ ਰੂਪ ਵਿਚ ਪ੍ਰਗਟਾਇਆ ਗਿਆ ਸੀ।

ਇਥੇ ਸਪੋਕਸਮੈਨ ਦੇ ਵਿਦਵਾਨ ਲੇਖਕ ਸ. ਰਣਬੀਰ ਸਿੰਘ ਜੀ ਮੋਹਾਲੀ ਵਾਲੇ ਵੀ ਆ ਗਏ ਕਿਉਂਕਿ ਮੈਂ ਅਪਣੇ ਆਉਣ ਬਾਰੇ ਦਸ ਦਿਤਾ ਸੀ। ਮੁਲਾਕਾਤ ਭਾਵੇਂ ਕੁੱਝ ਮਿੰਟਾਂ ਦੀ ਹੀ ਸੀ ਪਰ ਭਰ ਸਰਦੀ ਦੇ ਮੌਸਮ ਵਿਚ ਮਨ ਨੂੰ ਨਿੱਘ ਪਹੁੰਚਾਉਣ ਵਾਲੀ ਸੀ। ਸੰਪਾਦਕ ਸ. ਸ਼ੰਗਾਰਾ ਸਿੰਘ ਭੁੱਲਰ ਵੀ ਮਿਲੇ। ਮੈਂ ਬੜੀ ਦੇਰ ਤੋਂ ਇਨ੍ਹਾਂ ਦੇ ਆਰਟੀਕਲ ਪੜ੍ਹਦਾ ਆ ਰਿਹਾ ਸਾਂ। ਅੱਜ ਮੁਲਾਕਾਤ ਵੀ ਹੋ ਗਈ ਤੇ ਉਨ੍ਹਾਂ ਦਾ ਵਧੀਆ ਸੁਭਾਅ ਵੀ ਵੇਖ ਲਿਆ।

ਬੀਬੀ ਜਗਜੀਤ ਕੌਰ ਜੀ ਦੀ ਮਿੱਠੀ ਦੇ ਪਿਆਰ ਭਰੀ ਆਵਾਜ਼ ਤਾਂ ਅੱਗੇ ਵੀ ਕਈ ਵਾਰ ਸੁਣੀ ਹੋਈ ਸੀ ਤੇ ਫ਼ੋਟੋ ਵੀ ਅਖ਼ਬਾਰ ਵਿਚ ਵੇਖੀ ਹੋਈ ਸੀ ਪਰ ਕਦੇ ਜਾਤੀ ਤੌਰ ਉਤੇ ਮਿਲਣ ਦਾ ਮੌਕਾ ਨਹੀਂ ਮਿਲਿਆ। ਅੱਜ ਇਹ ਮੌਕਾ ਵੀ ਮਿਲਿ ਗਿਆ ਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਨੇੜਿਉਂ ਆਨੰਦ ਮਾਣਿਆ। ਕਹਾਵਤ ਹੈ ਕਿ 'ਹਰ ਸਫ਼ਲ ਆਦਮੀ ਦੀ ਸਫ਼ਲਤਾ ਪਿਛੇ ਕਿਸੇ ਔਰਤ ਦਾ ਹੱਥ ਹੁੰਦਾ ਹੈ।' ਸ. ਜੋਗਿੰਦਰ ਸਿੰਘ ਜੋ ਧਾਰਮਕ ਸੇਧ ਦੇ ਰਹੇ ਹਨ, (ਸੋ ਦਰੁ ਤੇਰਾ ਕੇਹਾ ਦੀ ਵਿਆਖਿਆ ਤੇ 'ਉੱਚਾ ਦਰ ਬਾਬੇ ਨਾਨਕ ਦਾ' ਦੀ ਇਮਾਰਤ ਦੇ ਸੁਪਨੇ ਤੋਂ ਲੈ ਕੇ, ਉਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਤੋਂ ਪ੍ਰਗਟ ਹੈ।) 

ਸਮਾਜਕ ਕੁਰੀਤੀਆਂ ਤੇ ਕੌਮਾਂਤਰੀ ਪੱਧਰ ਦੇ ਮਸਲਿਆਂ ਤੇ ਆਰਟੀਕਲ ਲਿਖ ਰਹੇ ਹਨ। ਇਨ੍ਹਾਂ ਪਿਛੇ ਵੀ (ਨਨਕਾਣਾ ਸਾਹਿਬ ਦੀ ਜੰਮਪਲ ਤੇ ਵੰਡ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਪ੍ਰਮੁੱਖ ਸ਼ਹਿਰ, ਸਾਡੀ ਤਹਿਸੀਲ ਬਟਾਲਾ ਵਿਚ ਪ੍ਰਵਾਨ ਚੜ੍ਹ ਕੇ ਉਨ੍ਹਾਂ ਦੀ ਜੀਵਨ-ਸਾਥਣ ਬਣੀ) ਇਕ ਔਰਤ ਦੇ ਭਰਪੂਰ ਸਹਿਯੋਗ ਦਾ ਹੱਥ ਹੈ। ਇਥੇ ਜੇ.ਪੀ.ਸੀ.ਐੱਲ (ਜਗਜੀਤ ਪਬਲਿਸ਼ਿੰਗ ਕੰਪਨੀ ਲਿਮਿਟਿਡ) ਵਿਚ ਉਸ ਵੇਲੇ ਪ੍ਰਿੰਟਿੰਗ ਦਾ ਕੰਮ ਚਲ ਰਿਹਾ ਸੀ ਤੇ ਇਕ ਅੰਗਰੇਜ਼ੀ ਦੀ ਅਖ਼ਬਾਰ ਛਪ ਰਹੀ ਸੀ, ਕਾਗ਼ਜ਼ ਛੱਪ ਕੇ, ਵੱਖੋ-ਵਖਰੇ ਪੇਜ ਕੱਟ ਕੇ, ਤਹਿ ਹੋ ਕੇ ਇਕ ਅਖ਼ਬਾਰ ਦੇ ਰੂਪ ਵਿਚ ਸਾਹਮਣੇ ਆਉਂਦੀ ਵੇਖੀ। ਰਾਤ ਭਰ ਦੇ ਉਨੀਂਦਰੇ ਕਰ ਕੇ ਭਾਵੇਂ ਉਸ ਦਿਨ ਤਬੀਅਤ ਨਾਸਾਜ਼ ਸੀ ਪਰ ਫਿਰ ਵੀ ਸਪੋਕਸਮੈਨ ਪ੍ਰੈੱਸ ਦੀ ਇਹ ਫੇਰੀ ਯਾਦਗਾਰੀ ਰਹੀ।

ਇੰਦਰਜੀਤ ਸਿੰਘ