ਲੋਕ ਸਭਾ ਜ਼ਿਮਨੀ ਚੋਣਾਂ 'ਚ ਭਾਜਪਾ ਦੀ ਹਾਰ ਕਿਤੇ 2019 ਦਾ ਟ੍ਰੇਲਰ ਤਾਂ ਨਹੀਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਲੋਕ ਸਭਾ ਜ਼ਿਮਨੀ ਚੋਣਾਂ 'ਚ ਭਾਜਪਾ ਦੀ ਹਾਰ ਕਿਤੇ 2019 ਦਾ ਟ੍ਰੇਲਰ ਤਾਂ ਨਹੀਂ?

BJP's defeat Lok Sabha by-election is not the 2019 trailer?

ਕੇਂਦਰ ਦੀ ਸੱਤਾ 'ਤੇ ਬਿਰਾਜਮਾਨ ਭਾਜਪਾ ਨੇ ਆਪਣੇ ਕਾਰਜਕਾਲ ਦੇ ਪਿਛਲੇ ਚਾਰ ਸਾਲਾਂ ਦੌਰਾਨ ਆਪਣੇ ਜੇਤੂ ਰਥ ਨੂੰ ਬ੍ਰੇਕਾਂ ਨਹੀਂ ਲੱਗਣ ਦਿਤੀਆਂ। ਭਾਜਪਾ ਵੀ ਇਸ ਤੋਂ ਉਤਸ਼ਾਹਿਤ ਹੋ ਕੇ ਲਗਾਤਾਰ ਕਾਂਗਰਸ ਮੁਕਤ ਦੇਸ਼ ਦਾ ਨਾਅਰਾ ਦਿੰਦੀ ਆ ਰਹੀ ਹੈ ਪਰ ਹੁਣ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ 5 ਲੋਕ ਸਭਾ ਸੀਟਾਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਭਾਜਪਾ ਦੇ ਜੇਤੂ ਰਥ ਨੂੰ ਅਜਿਹੀਆਂ ਬ੍ਰੇਕਾਂ ਲੱਗੀਆਂ ਹਨ, ਜਿਸ ਨੇ ਭਾਜਪਾ ਨੂੰ ਵੱਡੀ ਚਿੰਤਾ ਵਿਚ ਪਾ ਦਿਤਾ ਹੈ। 

ਇਸ ਤੋਂ ਪਹਿਲਾਂ ਜੇਕਰ ਪੂਰਾ ਵਿਸਲੇਸ਼ਣ ਕਰੀਏ ਤਾਂ ਆਮ ਚੋਣਾਂ ਤੋਂ ਬਾਅਦ ਹੁਣ ਤਕ ਦੇਸ਼ ਵਿਚ ਹੋਈਆਂ ਕੁਲ 20 ਲੋਕ ਸਭਾ ਜ਼ਿਮਨੀ ਚੋਣਾਂ ਵਿਚੋਂ ਭਾਜਪਾ ਨੂੰ ਮਹਿਜ਼ 3 ਸੀਟਾਂ ਹੀ ਹਾਸਲ ਹੋ ਸਕੀਆਂ। ਉੱਤਰ ਪ੍ਰਦੇਸ਼ ਦੀਆਂ ਦੋ ਸੀਟਾਂ ਦੇ ਨਤੀਜੇ ਭਾਜਪਾ ਲਈ ਗਲੇ ਦੀ ਹੱਡੀ ਬਣ ਗਏ ਕਿਉਂਕਿ ਇਨ੍ਹਾਂ ਸੀਟਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿੱਤਿਆ ਨਾਥ ਦੀ ਸ਼ਾਖ਼ ਦਾਅ 'ਤੇ ਲੱਗੀ ਹੋਈ ਸੀ। 

ਇਨ੍ਹਾਂ ਵਿਚੋਂ ਗੋਰਖ਼ਪੁਰ ਸੀਟ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਪਰੰਪਰਿਕ ਸੀਟ ਹੈ ਅਤੇ ਦੂਜੀ ਫੂਲਪੁਰ ਸੀਟ ਤੋਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਤਿੰਨ ਸਾਲ ਸੰਸਦ ਮੈਂਬਰ ਰਹੇ ਹਨ। ਇਨ੍ਹਾਂ ਦੋਵੇਂ ਸੀਟਾਂ 'ਤੇ ਹੋਈ ਭਾਜਪਾ ਉਮੀਦਵਾਰਾਂ ਦੀ ਹੋਈ ਹਾਰ ਨੇ ਭਾਜਪਾ ਨੂੰ ਆਤਮ ਚਿੰਤਨ ਲਈ ਮਜਬੂਰ ਕਰ ਦਿਤਾ ਹੈ। ਵੱਡੀ ਗੱਲ ਇਹ ਵੀ ਹੈ ਕਿ ਹਾਲੇ ਭਾਜਪਾ ਨੂੰ ਉੱਤਰ ਪ੍ਰਦੇਸ਼ ਵਿਚ ਆਪਣੀ ਸਰਕਾਰ ਬਣਾਏ ਇਕ ਸਾਲ ਹੀ ਹੋਇਆ ਹੈ, ਇੰਨੇ ਘੱਟ ਸਮੇਂ ਵਿਚ ਹੀ ਭਾਜਪਾ ਦੇ ਗੜ੍ਹ ਵਿਚੋਂ ਭਾਜਪਾ ਉਮੀਦਵਾਰਾਂ ਦੀ ਹਾਰ ਨੂੰ ਵਿਰੋਧੀ ਪਾਰਟੀਆਂ 2019 ਦਾ ਟ੍ਰੇਲਰ ਦੱਸ ਰਹੀਆਂ ਹਨ।

ਭਾਜਪਾ ਨੂੰ ਦੂਜਾ ਝਟਕਾ ਉਸ ਦੀਆਂ ਭਾਈਵਾਲ ਪਾਰਟੀਆਂ ਤੇਲਗੂ ਦੇਸ਼ਮ ਪਾਰਟੀ ਅਤੇ ਵਾਈ.ਐੱਸ.ਆਰ ਕਾਂਗਰਸ ਨੇ ਦਿੱਤਾ ਹੈ ਜੋ ਮੋਦੀ ਸਰਕਾਰ ਦੇ ਵਿਰੁਧ ਬੇਭਰੋਸਗੀ ਮਤਾ ਲਿਆਉਣ 'ਤੇ ਉਤਾਰੂ ਹੋ ਗਈਆਂ ਹਨ। ਸੰਸਦੀ ਸਕੱਤਰੇਤ ਨੂੰ ਮੋਦੀ ਸਰਕਾਰ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਲਈ ਤਿੰਨ ਨੋਟਿਸ ਮਿਲੇ ਹਨ, ਜਿਨ੍ਹਾਂ ਵਿਚੋਂ 2 ਤੇਲਗੂ ਦੇਸ਼ ਪਾਰਟੀ ਅਤੇ ਇੱਕ ਵਾਈ.ਐੱਸ.ਆਰ ਕਾਂਗਰਸ ਵੱਲੋਂ ਭੇਜਿਆ ਗਿਆ ਹੈ। ਦੋਵੇਂ ਪਾਰਟੀਆਂ ਨੇ ਸੰਸਦ ਵਿਚ ਮੋਦੀ ਸਰਕਾਰ ਵਿਰੁਧ ਆਪਣਾ ਬੇਭਰੋਸਗੀ ਮਤਾ ਲਿਆਉਣ ਦਾ ਪੂਰਾ ਜ਼ੋਰ ਦਿੱਤਾ ਪਰ ਸੰਸਦ ਦੀ ਕਾਰਵਾਈ 'ਚ ਅੜਿੱਕਾ ਆਉਣ ਕਾਰਨ ਇਹ ਫਿ਼ਲਹਾਲ ਟਲ ਗਿਆ ਹੈ।

ਹਾਲੇ ਕੁਝ ਦਿਨ ਪਹਿਲਾਂ ਹੀ ਭਾਜਪਾ ਤਿੰਨ ਰਾਜਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਸੀ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਇਸ ਜਿੱਤ ਦੀ ਖ਼ੁਸ਼ੀ ਮਨਾਉਂਦਿਆਂ ਆਪਣਾ ਕਾਂਗਰਸ ਮੁਕਤ ਦੇਸ਼ ਦਾ ਸੰਕਲਪ ਫਿਰ ਦੁਹਰਾਇਆ ਸੀ ਪਰ ਜਿਹੜੀ ਸਥਿਤੀ ਵਿਚੋਂ ਅੱਜ ਦੀ ਘੜੀ ਭਾਜਪਾ ਗੁਜ਼ਰ ਰਹੀ ਹੈ, ਉਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਭਾਜਪਾ ਦਾ ਗ੍ਰਾਫ਼ ਹੁਣ ਹੇਠਾਂ ਵੱਲ ਨੂੰ ਆਉਣਾ ਸ਼ੁਰੂ ਹੋ ਗਿਆ ਹੈ। 

ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਜਪਾ ਨੇ ਮਹਿਜ਼ ਚਾਰ ਸਾਲਾਂ ਵਿਚ ਹੀ ਪੂਰੇ ਦੇਸ਼ 'ਤੇ ਕਬਜ਼ਾ ਕਰ ਲਿਆ ਅਤੇ ਮਹਿਜ਼ ਕੁਝ ਸੂਬੇ ਹੀ ਅਜਿਹੇ ਬਚੇ ਹਨ, ਜਿਨ੍ਹਾਂ ਵਿਚ ਭਾਜਪਾ ਦੀ ਸਰਕਾਰ ਨਹੀਂ ਹੈ ਪਰ ਭਾਜਪਾ ਨੂੰ ਮਿਲੇ ਇਨ੍ਹਾਂ ਝਟਕਿਆਂ ਨੇ ਭਾਜਪਾ ਦੇ ਵਧ ਰਹੇ ਗ੍ਰਾਫ਼ ਨੂੰ ਢਾਅ ਲਗਾਈ ਹੈ। ਜੇਤੂ ਰਥ 'ਤੇ ਸਵਾਰ ਹੋਈ ਭਾਜਪਾ ਨੂੰ ਰੋਕਣ ਲਈ ਵਿਰੋਧੀਆਂ ਨੇ ਵੀ ਆਪਣੀ ਰਣਨੀਤੀ ਬਦਲ ਲਈ ਹੈ। ਭਾਵੇਂ ਕਿ ਯੂਪੀ ਵਿਚ ਮਾਇਆਵਤੀ ਅਤੇ ਅਖਿਲੇਸ਼ ਵਲੋਂ ਇਕ ਦੂਜੇ ਨੂੰ ਸਮਰਥਨ ਦੇਣ ਨੂੰ ਭਾਜਪਾ ਸਿਆਸੀ ਸੌਦੇਬਾਜ਼ੀ ਕਰਾਰ ਦੇ ਰਹੀ ਹੈ ਪਰ ਭਾਜਪਾ ਵੀ ਇਸ ਮਾਮਲੇ ਵਿਚ ਦੁੱਧ ਧੋਤੀ ਨਹੀਂ ਹੈ। 

ਭਾਜਪਾ ਨੂੰ ਮਿਲੇ ਤਾਜ਼ਾ ਕਰਾਰੇ ਝਟਕਿਆਂ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ, ਜਿਨ੍ਹਾਂ ਨੇ ਪਾਰਟੀ ਦੇ ਰਾਸ਼ਟਰੀ ਮਹਾਂ ਇਜਲਾਸ ਵਿਚ ਭਾਜਪਾ ਅਤੇ ਆਰਐਸਐਸ 'ਤੇ ਜੰਮ ਕੇ ਨਿਸ਼ਾਨੇ ਸਾਧੇ। ਭਾਵੇਂ ਕਿ ਭਾਜਪਾ ਵਲੋਂ 'ਮਿਸ਼ਨ 2019' ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ ਪਰ ਕਿਤੇ ਨਾ ਕਿਤੇ ਭਾਜਪਾ ਨੂੰ ਵੀ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਮੋਦੀ ਲਹਿਰ ਨੂੰ ਬਰਕਰਾਰ ਰੱਖਣ ਲਈ ਹੋਰ ਜ਼ੋਰ ਲਗਾਉਣ ਦੀ ਜ਼ਰੂਰਤ ਹੈ। 

- ਮੱਖਣ ਸ਼ਾਹ ਦਭਾਲੀ