ਸਿੱਖ ਰਾਜ ਦਾ ਸੰਕਲਪ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਅੱਜ ਜਿਸ ਰਾਜ ਲਈ ਸਿੱਖ ਕੌਮ ਦਾ ਕੁੱਝ ਹਿੱਸਾ ਖਾਸ ਕਰ...

The concept of Sikh

ਜਿਸ ਤਰ੍ਹਾਂ ਡਾ. ਮਨਮੋਹਨ ਸਿੰਘ ਦੇ ਰਾਜ ਨੂੰ ਸਿੱਖ ਰਾਜ ਨਹੀਂ ਆਖਿਆ ਜਾ ਸਕਦਾ, ਇਸੇ ਤਰ੍ਹਾਂ ਰਣਜੀਤ ਸਿੰਘ ਦੇ ਰਾਜ ਨੂੰ ਵੀ ਸਰਬ ਸਾਂਝੀਵਾਲਤਾ ਵਾਲਾ ਪੰਜਾਬੀਅਤ ਦਾ ਰਾਜ ਨਹੀਂ ਆਖਿਆ ਜਾ ਸਕਦਾ। ਉਹ ਸ਼ੁਧ ਸਿੱਖਾਂ ਦੀ ਇਕੱਲੀ ਤਾਕਤ ਦਾ ਰਾਜ ਨਹੀਂ ਸੀ। ਉਸ ਰਾਜ ਦਾ ਆਧਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਸੀ। ਜਿਥੇ ਸਰਬ-ਸਾਂਝੀ ਰਚੀ ਗਈ ਬਾਣੀ ਅੰਦਰ ਛੇ ਸਿੱਖ ਗੁਰੂ ਹਨ, ਬਾਕੀ 29 ਭਾਰਤੀ ਭਗਤ, ਸੰਤ, ਫ਼ਕੀਰ ਵੀ ਹਨ।

ਜਦੋਂ ਵੀ ਕਿਸੇ ਸਿੱਖ ਨੇ ਬੁਲੰਦੀ ਨੂੰ ਛੂਹਿਆ ਤੇ ਰਾਜ ਕੀਤਾ ਹੈ ਤਾਂ ਉਸ ਨੇ ਗੁਰੂ ਸੋਚ ਨੂੰ ਨਾਲ ਲੈ ਕੇ ਹੀ ਕੀਤਾ ਹੈ। ਅੱਗੇ ਤੋਂ ਵੀ ਇਸੇ ਦ੍ਰਿਸ਼ਟੀ ਨਾਲ ਸਿੱਖ ਰਾਜ ਬਣ ਸਕਦਾ ਹੈ। ਅੱਜ ਦੇ ਜੁਗ ਵਿਚ ਇਸ ਨੂੰ ਡੈਮੋਕਰੇਸੀ ਆਖਦੇ ਹਨ। ਜਿਥੇ ਉੱਚੇ ਹੋਣ ਦਾ ਮਾਣ ਨਹੀਂ, ਗੁਰੂ ਆਪੇ ਚੇਲਾ ਹੈ। ਇਸ ਨਿਮਰਤਾ ਵਿਚ ਸਿੱਖੀ ਦਾ ਅਧਾਰ ਸਰਬੱਤ ਦਾ ਭਲਾ ਤੇ ਸਰਬੱਤ ਦੀ ਤਰੱਕੀ ਦਾ ਸੰਕਲਪ ਬਣ ਜਾਂਦਾ ਹੈ।

ਅੱਜ ਜਿਸ ਰਾਜ ਲਈ ਸਿੱਖ ਕੌਮ ਦਾ ਕੁੱਝ ਹਿੱਸਾ ਖਾਸ ਕਰ ਵਿਦੇਸ਼ਾਂ ਵਿਚ ਜੂਝ ਰਿਹਾ ਹੈ, ਉਸ ਦੀ ਨਾਕਾਮਯਾਬੀ ਦਾ ਕਾਰਨ ਗੁਰੂ ਸੋਚ ਵਾਲੀ ਸਰਬਸਾਂਝੀਵਾਲਤਾ ਨੂੰ ਤਿਆਗ ਕੇ ਅਪਣੀ ਕੌਮੀ ਹਉਮੈ ਨੂੰ ਪਕੜੀ ਰਖਣਾ ਹੈ। ਸੰਨ 1984 ਵਿਚ ਵੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੋਰਚਾ ਸਾਡੀ ਇਕੱਲੀ ਹਉਮੈ ਨੇ ਲਾਇਆ ਸੀ, ਕਿਸੇ ਹੋਰ ਨੂੰ ਹਿੰਦੋਸਤਾਨ ਵਿਚੋਂ ਨਾਲ ਨਹੀਂ ਸੀ ਲਿਆ। ਇਸ ਤੋਂ ਵੀ ਮਾੜੀ ਗੱਲ ਸਾਡੀ ਲੀਡਰਸ਼ਿਪ ਨੇ ਨਿਜ ਲਈ ਸੱਤਾ ਹਥਿਆਉਣ ਵਾਸਤੇ ਸਿੱਖ ਕੌਮ ਦੇ ਸੱਚੇ ਸੁੱਚੇ ਧਰਮੀ ਲੋਕਾਂ ਦਾ ਸ਼ੋਸ਼ਣ ਕੀਤਾ ਸੀ।

ਅਸੀ ਅਪਣੀ ਹਉਮੇ ਤੇ ਖੁਦਗਰਜ਼ੀ ਕਾਰਨ ਮਾਨਵਵਾਦੀ ਦੁਨੀਆਂ ਲਈ ਕਲਿਆਣਕਾਰੀ ਧਰਮ ਦਾ ਗਲਾ ਘੁਟ-ਘੁਟ ਕੇ ਉਸ ਨੂੰ ਮਰਨ ਕਿਨਾਰੇ ਕਰ ਦਿਤਾ ਹੈ। ਗੁਰੂ ਸੋਚ 'ਤੇ ਖਲੋਤੇ ਰਣਜੀਤ ਸਿੰਘ ਦੇ ਸਫ਼ਲ ਰਾਜ ਤੋਂ ਤਿੰਨੇ ਹਿੱਸੇਦਾਰਾਂ, ਹਿੰਦੂ, ਮੁਸਲਿਮ ਅਤੇ ਸਿੱਖਾਂ ਨੇ ਗ਼ਲਤ ਪ੍ਰਭਾਵ ਲਿਆ ਜਾਪਦਾ ਹੈ ਕਿ ਸ਼ਾਇਦ ਅਸੀ ਇਕੱਲੇ ਇਕੱਲੇ ਵੀ ਰਾਜ ਕਰ ਸਕਦੇ ਹਾਂ। ਪਰ ਖ਼ਿਤੇ ਦੇ ਹਾਲਾਤ ਦਸਦੇ ਹਨ ਕਿ ਇਹ ਵਿਗੜੀ ਹੋਈ ਸੋਚ ਹੈ।

ਇਹ ਵਿਗੜੀ ਹੋਈ ਤੇ ਹੰਕਾਰੀ ਹੋਈ ਸੋਚ ਕਦੇ ਵੀ ਇਸ ਖ਼ਿੱਤੇ ਅੰਦਰ ਐਟਮੀ ਧਮਾਕੇ ਕਰ ਸਕਦੀ ਹੈ। ਗੁਰੂ ਸੋਚ ਦੀ ਅਜ਼ਮਾਈ ਹੋਈ ਸਰਬਸਾਂਝੀਵਾਲਤਾ ਨੂੰ ਛੱਡ ਕੇ ਅਸੀ ਖ਼ਿੱਤੇ ਅੰਦਰ ਪਸਰ ਰਹੀ ਗ਼ਰੀਬੀ ਨੂੰ ਵੇਖ ਕੇ ਇਹ ਆਖ ਸਕਦੇ ਹਾਂ ਕਿ ਅਸੀ ਸਰਬਨਾਸ ਵਲ ਗਤੀਮਾਨ ਹੁੰਦੇ ਜਾ ਰਹੇ ਹਾਂ। ਕੌਮੀ ਰਾਜ ਦੀ ਹਉਮੈ ਅੰਦਰ ਸਿੱਖਾਂ ਦਾ ਕੁੱਝ ਹਿੱਸਾ ਅਪਣੇ ਆਪ ਨੂੰ ਠਗਿਆ ਗਿਆ ਸਮਝਦਾ ਹੈ ਕਿ ਜਦੋਂ ਦੋ ਕੌਮਾਂ ਮੁਸਲਿਮ ਅਤੇ ਹਿੰਦੂਆਂ ਦੇ ਰਾਜ ਆਪਸ ਵਿਚ ਲੜਨ-ਭਿੜਨ ਲੱਗੇ ਹੋਏ ਹਨ ਤਾਂ ਅਸੀ ਕਿਸੇ ਨਾਲ ਕਿਉਂ ਨਹੀਂ ਲੜਦੇ?

ਸਾਡੇ ਤੋਂ ਇਹ ਸਾਡਾ ਮਨਭਾਉਂਦਾ ਕਿੱਤਾ ਕਿਉਂ ਖੋਹ ਲਿਆ ਗਿਆ ਹੈ? ਸੋਚਣ ਵਾਲੀ ਗੱਲ ਹੈ, ਹੁਣ ਸੰਸਾਰ ਗਲੋਬਲ ਵਿਲੇਜ ਬਣ ਚੁੱਕਾ ਹੈ। ਹੁਣ ਹਰ ਥਾਂ ਯੋਗਤਾ ਰਾਜ ਕਰਨ ਲੱਗੀ ਹੈ ਜਿਸ ਵਿਚ ਨਸਲੀ ਤੇ ਕੌਮੀ ਹੰਕਾਰ ਵਿਚ ਭਰੇ ਅੰਗਰੇਜ਼ ਨੇ ਵੀ ਅਪਣੀ ਹਉਮੈ ਨੂੰ ਤਿਆਗ ਕੇ ਸਰਬਸਾਂਝੀਵਾਲਤਾ ਨੂੰ ਅਪਣਾ ਲਿਆ ਹੈ। ਹੁਣ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿਚ ਸਾਂਝੀਆਂ ਸਰਕਾਰਾਂ ਹਨ।

ਹੈਰਾਨੀ ਹੁੰਦੀ ਹੈ ਇਹ ਵੇਖ ਕੇ ਕਿ ਜਿਸ ਧਰਮ ਦੀਆਂ ਨੀਹਾਂ ਸਰਬਸਾਂਝੀਵਾਲਤਾ 'ਤੇ ਉਸਰੀਆਂ ਸਨ, ਉਸ ਕੌਮ ਦੇ ਕੁੱਝ ਲੋਕਾਂ ਨੇ ਅਪਣੀ ਹਉਮੈ ਦੀ ਗ਼ੁਲਾਮੀ ਥੱਲੇ ਵੱਖਵਾਦ ਦਾ ਝੰਡਾ ਬੁਲੰਦ ਕਰ ਰਖਿਆ ਹੈ। ਧਰਤੀ ਦੇ ਹਰ ਖ਼ਿੱਤੇ ਵਿਚ ਯੋਗਤਾ ਤੇ ਸਿਆਣਪ ਪ੍ਰਧਾਨ ਹੋਣੀ ਚਾਹੀਦੀ ਹੈ। ਰੰਗ ਨਸਲ ਤੇ ਕੌਮੀ ਹਉਮੈ ਸਮਾਂ ਵਿਹਾ ਚੁਕੀਆਂ ਹਕੀਕਤਾਂ ਹਨ। ਇਨਸਾਨੀਅਤ ਭਰੇ ਹੱਕ ਇਨਸਾਫ਼ ਦੇ ਰਾਜ ਲਈ ਕੋਸ਼ਿਸਾਂ ਕਰਨ ਦੀ ਲੋੜ ਹੈ।

ਧਰਮ ਜਦੋਂ ਵੀ ਕਿਸੇ ਦੇਸ਼ ਦੀ ਰਾਜ ਸੱਤਾ ਦਾ ਅਧਾਰ ਬਣਦਾ ਹੈ ਤਾਂ ਉਹ ਰਾਜ ਦੂਸਰੇ ਧਰਮਾਂ ਵਾਲੇ ਲੋਕਾਂ ਨਾਲ ਟਕਰਾਅ ਪੈਦਾ ਕਰ ਦਿੰਦਾ ਹੈ। ਐਸੇ ਹਾਲਾਤ ਸਰਬੱਤ ਦੀ ਤਬਾਹੀ ਵਾਲਾ ਮੈਦਾਨ ਤਿਆਰ ਕਰ ਦਿੰਦੇ ਹਨ। ਹਿੰਦੋਸਤਾਨ ਨੂੰ ਇਸ ਗਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿਉਂਕਿ ਦਿੱਲੀ ਦੇ ਤਖ਼ਤ ਨਾਲ ਐਸਾ ਬਹੁਤ ਵਾਰੀ ਵਾਪਰ ਚੁੱਕਾ ਹੈ। ਇਸ ਧਰਤੀ ਉਤੇ ਸਰਬਸਾਂਝੀਵਾਲਤਾ ਬਗ਼ੈਰ ਕਿਧਰੇ ਵੀ ਗਤੀ ਨਹੀਂ।

ਸਾਡੇ ਸੱਭ ਅੱਗੇ ਇਕ ਵੱਡਾ ਸਵਾਲ ਹੈ ਕਿ ਸਿੱਖ ਅੱਜ ਦੇ ਹਾਲਾਤ ਅੰਦਰ ਕੀ ਕਰੇ? ਸਿੱਖਾਂ ਨੂੰ ਇਕ ਗੱਲ ਖਾਸ ਕਰ ਕੇ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਸੋਚ ਬਿਨਾਂ ਸਾਨੂੰ ਕਿਧਰੇ ਢੋਈ ਨਹੀਂ ਮਿਲਣੀ। ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਹੁਣ ਤਕ ਅਸੀ ਕਿਉਂ ਹਾਰਦੇ ਚਲੇ ਆ ਰਹੇ ਹਾਂ? ਕਿਉਂਕਿ ਅਸੀ ਗੁਰੂ ਤਾਂ ਸਰਬਸਾਂਝੀ ਬਾਣੀ ਤੇ ਸਰਬੱਤ ਦੇ ਭਲੇ ਨੂੰ ਮੰਨਿਆ ਹੈ ਪਰ ਕਦੇ ਵੀ ਅਪਣੇ ਮੋਰਚਿਆਂ ਵਿਚ ਸਰਬੱਤ ਨੂੰ ਨਾਲ ਲੈਣਾ ਜ਼ਰੂਰੀ ਨਹੀਂ ਸਮਝਿਆ।

ਸਾਡੀ ਹਉਮੈ ਸਾਨੂੰ ਸੱਭ ਤੋਂ ਅਲੱਗ ਕਰ ਦਿੰਦੀ ਹੈ। ਸਾਡੀ ਗਿਣਤੀ ਦਿਨ ਪ੍ਰਤੀ ਦਿਨ ਘਟ ਰਹੀ ਹੈ। ਤਪ ਤੇਜ ਮੱਧਮ ਪੈਂਦਾ ਜਾ ਰਿਹਾ ਹੈ ਕਿਉਂਕਿ ਅਸੀ ਗੁਰੂ ਸੋਚ ਨੂੰ ਬੇਦਾਵਾ ਦੇ ਚੁੱਕੇ ਹਾਂ। ਅਜੇ ਵੀ ਡੁਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ। ਖ਼ਾਲਸ ਗੁਰੂ ਸੋਚ ਨੂੰ ਅਪਣਾਉ, ਅਪਣੇ ਨਿਰਾਕਾਰ ਜੋਤੀ ਸਰੂਪ ਨੂੰ ਪਹਿਚਾਣੋ। ਅਪਣੇ ਰਾਜਨੀਤਕ ਤੇ ਸਮਾਜਕ ਕੁਕਰਮਾਂ ਤੋਂ ਜਾਗੋ।

ਫਿਰ ਅਸੀ ਹਿੰਦੋਸਤਾਨ ਨੂੰ ਹੀ ਨਹੀਂ, ਕੁਲ ਦੁਨੀਆਂ ਨੂੰ ਖ਼ਾਲਿਸਤਾਨ ਬਣਾਉਣ ਵਿਚ ਸਫ਼ਲ ਹੋ ਜਾਵਾਂਗੇ। ਗੁਰੂ ਸਹਾਈ ਤਦ ਹੀ ਹੋਵੇਗਾ ਜੇਕਰ ਉਸ ਦੀ ਸੁਣਾਂਗੇ ਤੇ ਮੰਨਾਂਗੇ। ਖ਼ਾਲਸਾ, ਰਾਜ ਕਰਨ ਲਈ ਹੀ ਪ੍ਰਗਟ ਹੋਇਆ ਸੀ ਪਰ ਪਹਿਲਾਂ ਅਪਣੇ ਆਪ ਤੇ ਅਪਣੀ ਹਉਮੈ ਤੇ ਜਜ਼ਬੇ ਜਜ਼ਬਾਤ 'ਤੇ ਰਾਜ ਕਰਨਾ ਸਿਖਣਾ ਜ਼ਰੂਰੀ ਹੈ।

- ਗਵਰਨਿੰਗ ਕੌਂਸਲ ਮੈਂਬਰ,

ਉੱਚਾ ਦਰ ਬਾਬੇ ਨਾਨਕ ਦਾ

ਮੋਬਾਈਲ : 77186-29730