“ਪੰਜਾਬੀ ਭਾਸ਼ਾ ਦੀ ਦੁਰਦਸ਼ਾ ਲਈ ਸਿਆਸਤਦਾਨਾਂ ਦੇ ਨਾਲ- ਨਾਲ ਵਿਦਵਾਨ ਵੀ ਜ਼ਿੰਮੇਵਾਰ”

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਵਿਸ਼ੇਸ਼ ਲੇਖ

ਸਿੱਖਿਆ ਨੀਤੀ ਨਾਲ ਰੱਖੀ ਗਈ ਖੇਤਰੀ ਭਾਸ਼ਾਵਾਂ ਦੇ ਘਾਣ ਦੀ ਨੀਂਹ-: ਡਾ. ਪਿਆਰੇ ਲਾਲ ਗਰਗ

Dr Pyare Lal Garg

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਸੀਬੀਐਸਈ ਬੋਰਡ ਵੱਲੋਂ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿਚ ਰੱਖਣ ਦੇ ਫ਼ੈਸਲੇ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਸੀਬੀਐਸਈ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਸਮਾਜ ਚਿੰਤਕ ਡਾ. ਪਿਆਰੇ ਲਾਲ ਗਰਗ ਨੇ ਦੱਸਿਆ ਪੰਜਾਬ ਵਿਚ ਪੰਜਾਬੀ ਮਾਂ ਬੋਲੇ ਦੀ ਹਾਲਾਤ ਚੰਗੀ ਨਹੀਂ ਹੈ।

1969 ਵਿਚ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਐਲਾਨਿਆ ਸੀ, ਇਸ ਵਿਚ ਨਾ ਕਾਂਗਰਸ ਦੀ ਕੋਈ ਭੂਮਿਕਾ ਹੈ ਅਤੇ ਨਾ ਹੀ ਅਕਾਲੀ ਦਲ ਦੀ। ਸੀਬੀਐਸਈ ਨੇ ਸਿਰਫ ਪੰਜਾਬੀ ਹੀ ਨਹੀਂ ਸਗੋਂ ਸਾਰੀਆਂ ਖੇਤੀ ਭਾਸ਼ਾਵਾਂ ਨੂੰ ਮਾਈਨਰ ਵਿਸ਼ਿਆਂ ਵਿਚ ਰੱਖਿਆ ਹੈ। ਇਸ ਤੋਂ ਪਹਿਲਾਂ ਜਨਵਰੀ ਵਿਚ ਇਸ ਦੀ ਨੀਂਹ ਰੱਖੀ ਗਈ ਸੀ, ਜਿਸ ਵੱਲ ਨਾ ਸਿੱਖਿਆ ਵਿਭਾਗ ਨੇ ਧਿਆਨ ਦਿੱਤਾ ਤੇ ਨਾ ਹੀ ਯੂਨੀਵਰਸਿਟੀਆਂ ਨੇ। ਇਹ ਵੱਡੀ ਲੜਾਈ ਹੈ। ਕੇਂਦਰ ਸਰਕਾਰੀ ਦੀ ਇਹੀ ਨੀਤੀ ਹੈ ਕਿ ਖੇਤਰੀ ਭਾਸ਼ਾਵਾਂ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ।

ਉਹਨਾਂ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ ਵਿਚ ਲਿਖਿਆ ਗਿਆ ਸੀ ਕਿ ਮਾਂ ਬੋਲੀ ਵਿਚ ਪੜ੍ਹਾਈ ਪੰਜਵੀਂ ਤੱਕ ਹੀ ਕਰਵਾਈ ਜਾਵੇਗੀ। ਹਰ ਸਰਕਾਰੀ ਤੇ ਪ੍ਰਾਈਵੇਟ ਸਕੂਲ ਵਿਚ ਸੰਸਕ੍ਰਿਤ ਪੜ੍ਹਾਉਣ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ। ਉਦੋਂ ਵੀ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਉੱਤੇ ਹਮਲਾ ਹੋਇਆ ਸੀ ਪਰ ਕੋਈ ਨਹੀਂ ਬੋਲਿਆ। ਡਾ. ਗਰਗ ਨੇ ਕਿਹਾ ਕਿ ਪੰਜਾਬੀ ਪ੍ਰਤੀ ਦਮ ਭਰਨ ਵਾਲੇ ਖੁਦ ਤਾਂ ਪੰਜਾਬੀ ਬੋਲ ਕੇ ਰਾਜ਼ੀ ਨਹੀਂ। ਉਹ ਅਪਣੇ ਬੱਚਿਆਂ ਨੂੰ ਵੀ ਪੰਜਾਬੀ ਨਹੀਂ ਪੜ੍ਹਾਉਂਦੇ ਸਗੋਂ ਹੋਰਾਂ ਨੂੰ ਪੰਜਾਬੀ ਪੜ੍ਹਨ ਦਾ ਸੁਨੇਹਾ ਦਿੰਦੇ ਰਹਿੰਦੇ ਹਨ। ਪੰਜਾਬੀ ਦੀ ਦੁਹਾਈ ਦੇਣ ਵਾਲਿਆਂ ਦੇ ਬੱਚਿਆਂ ਦਾ ਵੀ ਚੋਣਵਾ ਵਿਸ਼ਾ ਪੰਜਾਬੀ ਨਹੀਂ ਹੁੰਦਾ।

ਪਿਆਰੇ ਲਾਲ ਗਰਗ ਨੇ ਕਿਹਾ ਕਿ ਅਸੀਂ ਪੰਜਾਬੀ ਨੂੰ ਆਪ ਹੀ ਪਿੱਛੇ ਛੱਡਿਆ ਹੈ। ਅਸੀਂ ਸਮਝਦੇ ਹਾਂ ਕਿ ਪੰਜਾਬੀ ਬੋਲਣ ਕਾਰਨ ਸਾਨੂੰ ਗਵਾਰੂ ਸਮਝਿਆ ਜਾਵੇਗਾ। ਪੰਜਾਬੀ ਦੇ ਵਿਦਵਾਨ ਵੀ ਪੰਜਾਬੀ ਮਾਂ ਬੋਲੀ ਨਾਲ ਵਿਤਕਰਾ ਕਰ ਰਹੇ ਹਨ। ਇਸ ਤੋਂ ਇਲਾਵਾ ਰਿਸ਼ਤਿਆਂ ਦੇ ਨਾਂਅ ਵੀ ਪੰਜਾਬੀ ਦੀ ਥਾਂ ਅੰਗਰੇਜ਼ੀ ਵਿਚ ਵਰਤੇ ਜਾ ਰਹੇ ਹਨ। ਪੰਜਾਬੀ ਭਾਸ਼ਾ ਵਿਚ ਸਾਡੇ ਕੋਲ ਅਪਣੇ ਬਹੁਤ ਸ਼ਬਦ ਹਨ, ਜਿਨ੍ਹਾਂ ਦੀ ਵਰਤੋਂ ਆਸਾਨੀ ਨਾਲ ਕੀਤੀ ਜਾ ਸਕਦੀ ਹੈ। ਮਾਤ ਭਾਸ਼ਾ ਵਿਚ ਕਿਸੇ ਗੱਲ ਨੂੰ ਸਮਝਣਾ ਸਭ ਤੋਂ ਆਸਾਨ ਹੈ। ਉਹਨਾਂ ਕਿਹਾ ਕਿ ਇਹ ਸਿਰਫ ਸੰਵੇਦਨਸ਼ੀਲਤਾ ਦਾ ਮੁੱਦਾ ਹੀ ਨਹੀਂ ਸਗੋਂ ਵਿਗਿਆਨਕ ਸਵਾਲ ਵੀ ਹੈ। ਅੱਜ ਦੇ ਹਾਲਾਤ ਇਹ ਹਨ ਕਿ 8ਵੀਂ ਵਿਚ ਪੜ੍ਹਦੇ 16ਫੀਸਦ ਬੱਚਿਆਂ ਨੂੰ ਦੂਜੀ ਦੀ ਪੰਜਾਬੀ ਦੀ ਕਿਤਾਬ ਪੜ੍ਹਨੀ ਨਹੀਂ ਆਉਂਦੀ। 8ਵੀਂ ਦੇ ਅੱਧੇ ਤੋਂ ਵੱਧ ਬੱਚਿਆਂ ਨੂੰ ਤਕਸੀਮ ਕਰਨਾ ਵੀ ਨਹੀਂ ਆਉਂਦਾ। ਉਹਨਾਂ ਕਿਹਾ ਕਿ ਸਿੱਖਿਆ ਮਹਿਕਮਾ, ਅਧਿਆਪਕ, ਲੀਡਰ ਅਤੇ ਵਿਦਵਾਨਾਂ ਨੂੰ  ਪੰਜਾਬੀ ’ਤੇ ਗਹਿਨ ਧਿਆਨ ਦੇਣ ਦੀ ਲੋੜ ਹੈ।

ਆਰਐਸਐਸ ਪੰਜਾਬੀ ਨੂੰ ਸਿੱਖੀ ਨਾਲ ਜੋੜ ਰਿਹਾ ਹੈ - ਡਾ. ਗਰਗ

ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਆਰਐਸਐਸ ਪੰਜਾਬੀ ਨੂੰ ਸਿੱਖੀ ਨਾਲ ਜੋੜ ਰਿਹਾ ਹੈ। ਗੁਰਮੁਖੀ ਲਿਪੀ ਦਾ ਇਹ ਮਤਲਬ ਨਹੀਂ ਕਿ ਉਹ ਸਿੱਖਾਂ ਦੀ ਲਿਪੀ ਹੈ।  ਪੰਜਾਬੀ ਪੰਜਾਬੀਆਂ ਦੀ ਭਾਸ਼ਾ ਹੈ, ਸਿੱਖੀ ਨੇ ਇਸ ਦੀ ਲਿਪੀ ਵਿਚ ਸੁਧਾਰ ਕੀਤਾ ਅਤੇ ਦੂਜਾ ਸਿੱਖੀ ਦਾ ਪੂਰਾ ਫਲਸਫਾ ਗੁਰਮੁਖੀ ਲਿਪੀ ਵਿਚ ਲਿਖਿਆ ਗਿਆ। ਸਿੱਖੀ ਨੇ ਪੰਜਾਬੀ ਵਿਚ ਵੱਡਾ ਵਾਧਾ ਕੀਤਾ ਤੇ ਇਹ ਬਹੁਤ ਵੱਡੀ ਪ੍ਰਾਪਤੀ ਹੈ। ਭਾਸ਼ਾ ਨੂੰ ਧਰਮ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬ ਦੀ ਸਰਕਾਰ ਨੂੰ ਮਜਬੂਰ ਕਰੀਏ ਕਿ ਪੰਜਾਬੀ ਭਾਸ਼ਾ ਨੂੰ ਅੱਗੇ ਵਧਾਇਆ ਜਾਵੇ। ਹਰੇਕ ਨੌਕਰੀ ਲਈ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ। ਇਸ ਤੋਂ ਇਲਾਵਾ ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਅਤੇ ਭਾਸ਼ਾ ਵਿਭਾਗ ਨੂੰ ਤਕੜਾ ਕਰਨਾ ਚਾਹੀਦਾ ਹੈ ਤਾਂ ਜੋ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਸਕੇ।