'ਪਾਤਰ' ਦੀ ਕਵਿਤਾ ਨੂੰ ਲਾਗੂ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਪ੍ਰੋ. ਬਡੂੰਗਰ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਸੁਰਜੀਤ ਪਾਤਰ ਇਕ ਕੇਵਲ ਕਵੀ ਹੈ ਤੇ ਇਸ ਦੀ ਕਵਿਤਾ ਗੁਰੂ ਸਾਹਿਬ ਦੇ ਸ਼ਬਦ ਦੇ ਬਰਾਬਰ ਕਦੀ ਵੀ ਨਹੀਂ ਹੋ ਸਕਦੀ

Kirpal Singh Badungar

ਫਤਿਹਗੜ੍ਹ ਸਾਹਿਬ/ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਪ੍ਰਬੰਧਕਾਂ ਵਲੋਂ 'ਵਰਸਿਟੀ 'ਚ ਐਨਥਮ (ਧੁੰਨ) ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੇਹਿ ਸ਼ਿਵਾ ਬਰ ਮੋਹਿ ਹੈ.....,  ਦੀ ਥਾਂ ਤੇ ਕਵੀ ਸੁਰਜੀਤ ਪਾਤਰ ਦੀ ਕਵਿਤਾ ਨੂੰ ਲਾਗੂ ਕੀਤੇ ਜਾਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। 

ਉਨ੍ਹਾਂ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਯੂਨੀਵਰਸਟੀ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਇਹ ਯੂਨੀਵਰਸਟੀ ਹੋਂਦ ਵਿਚ ਆਈ ਸੀ ਤੇ ਹੁਣ ਜਦੋਂ ਸਾਰਾ ਜਗਤ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤਾਂ ਯੂਨੀਵਰਸਟੀ ਦੇ ਪ੍ਰਬੰਧਕ ਇਸ ਯੂਨੀਵਰਸਟੀ ਵਿਚ ਇਕ ਕਵਿਤਾ ਨੂੰ ਲਾਗੂ ਕਰਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦਸਵੇਂ ਪਾਤਸ਼ਾਹ ਨੇ ਇਸ ਦੇਸ਼ ਦੀ ਏਕਤਾ, ਅਖੰਡਤਾ, ਧਰਮ ਤੇ ਸਭਿਆਚਾਰ ਦੀ ਹੋਂਦ ਨੂੰ ਬਚਾਉਣ ਲਈ ਅਪਣਾ ਸਾਰਾ ਵੰਸ਼ ਕੁਰਬਾਨ ਕਰ ਦਿਤਾ ਤੇ ਸੁਰਜੀਤ ਪਾਤਰ ਇਕ ਕੇਵਲ ਕਵੀ ਹੈ ਤੇ ਇਸ ਦੀ ਕਵਿਤਾ ਗੁਰੂ ਸਾਹਿਬ ਦੇ ਸ਼ਬਦ ਦੇ ਬਰਾਬਰ ਕਦੀ ਵੀ ਨਹੀਂ ਹੋ ਸਕਦੀ।

ਪ੍ਰੋ. ਬਡੂੰਗਰ ਨੇ ਕਿਹਾ ਕਿ ਯੂਨੀਵਰਸਟੀ ਪ੍ਰਬੰਧਨ ਵਲੋਂ ਲਿਆ ਗਿਆ ਇਹ ਫ਼ੈਸਲਾ ਮੰਦਭਾਗਾ ਅਤੇ ਅਤਿ ਦੁਖਦਾਇਕ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਟੀ ਵਿਚ ਪਹਿਲੀ ਵਾਲੀ ਸਥਿਤੀ ਰੱਖ ਕੇ ਗੁਰੂ ਸਾਹਿਬ ਦਾ ਸ਼ਬਦ ਹੀ ਬਰਕਰਾਰ ਰਖਿਆ ਜਾਣਾ ਚਾਹੀਦਾ ਹੈ ਕਿਉਂਕਿ ਸਮੁੱਚਾ ਸਿੱਖ ਪੰਥ ਯੂਨੀਵਰਸਟੀ ਦੇ ਇਸ ਫ਼ੈਸਲੇ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ।