ਕਾਰਸੇਵਾ ਦੇ ਨਾਮ 'ਤੇ ਸਿੱਖ ਵਿਰਾਸਤਾਂ ਨੂੰ ਮਲੀਆਮੇਟ ਕੀਤਾ ਜਾ ਰਿਹੈ: ਸਿੱਖ ਚਿੰਤਕ ਪ੍ਰਚਾਰਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਦਰਸ਼ਨੀ ਡਿਉਢੀ ਨੂੰ ਢਹਿ ਢੇਰੀ ਕਰਨਾ ਅਪਣੇ ਆਪ ਵਿਚ ਬਹੁਤ ਵੱਡਾ ਸ਼ੱਕ ਪੈਦਾ ਕਰਦਾ ਹੈ : ਭਾਈ ਹਰਜਿੰਦਰ ਸਿੰਘ ਸਭਰਾ

Bhai Harjinder Singh

ਖਾਲੜਾ : ਬੀਤੀ ਰਾਤ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦੇ ਹੁਕਮਾਂ ਉਤੇ ਚਾਰ ਸੌ ਦੇ ਕਰੀਬ ਲਿਆਂਦੇ ਗਏ ਕਾਰ ਸੇਵਕਾਂ ਵਲੋਂ ਤਕਰੀਬਨ 200 ਸਾਲ ਪੁਰਾਣੀ ਦਰਬਾਰ ਸਾਹਿਬ ਤਰਨ ਤਾਰਨ ਗੁਰਦਵਾਰਾ ਸਾਹਿਬ ਦੀ ਦਰਸ਼ਨੀ ਡਿਉਢੀ ਦੇ ਉਪਰਲੇ ਹਿੱਸੇ ਨੂੰ ਢਹਿ ਢੇਰੀ ਕਰ ਦਿਤਾ ਗਿਆ ਹੈ। ਅਖੌਤੀ ਕਾਰ ਸੇਵਕਾਂ ਅਤੇ ਐਸ.ਜੀ.ਪੀ.ਸੀ. ਦੀ ਮਿਲੀਭੁਗਤ ਨਾਲ ਕੀਤੇ ਜਾ ਰਹੇ ਇਸ ਕਾਲੇ ਕਾਰਨਾਮੇ ਦਾ ਵਿਰੋਧ ਕਰਨ ਵਾਲੇ ਇਕ ਸੌ ਤੀਹ ਦੇ ਕਰੀਬ ਨੌਜਵਾਨਾਂ ਅਤੇ ਸੰਗਤਾਂ ਨੂੰ ਕੁੱਟਿਆ ਮਾਰਿਆ ਗਿਆ ਅਤੇ ਉਨ੍ਹਾਂ ਨੂੰ ਜ਼ਖ਼ਮੀ ਕੀਤਾ ਗਿਆ ਜਿਸ ਵਿਚੋਂ ਦੋ ਸਿੰਘਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣਾ ਪਿਆ।

ਚੋਰਾਂ ਦੀ ਤਰ੍ਹਾਂ ਅੱਧੀ ਰਾਤ ਨੂੰ ਦਰਸ਼ਨੀ ਡਿਉਢੀ ਦੀ ਏਨੀ ਪੁਰਾਣੀ ਇਮਾਰਤ ਦਾ ਉਪਰਲਾ ਹਿੱਸਾ ਢਹਿ ਢੇਰੀ ਕਰਨਾ ਅਪਣੇ ਆਪ ਵਿਚ ਬਹੁਤ ਵੱਡਾ ਸ਼ੱਕ ਪੈਦਾ ਕਰਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਪ੍ਰਚਾਰਕ ਅਤੇ ਸਿੱਖ ਕੌਮ ਦੇ ਵਿਦਵਾਨ ਭਾਈ ਹਰਜਿੰਦਰ ਸਿੰਘ ਸਭਰਾ ਨੇ ਕੀਤਾ। ਭਾਈ ਸਭਰਾ ਨੇ ਕਿਹਾ ਕਿ ਹੁਣ ਤਕ ਸਿੱਖਾਂ ਨੂੰ ਠੰਢੇ ਬੁਰਜ, ਕੱਚੀ ਗੜ੍ਹੀ, ਅਨੰਦਪੁਰ ਸਾਹਿਬ ਦੇ ਕਿਲ੍ਹੇ  ਅਤੇ ਹੋਰ ਕਈ ਇਮਾਰਤ ਦਾ ਨਾ ਸਾਂਭੇ ਜਾਣਾ ਸਿੱਖ ਸੰਗਤਾਂ ਨੂੰ ਝੋਰਾ ਦਿੰਦਾ ਆ ਰਿਹਾ ਹੈ। ਕੁੱਝ ਸਮਾਂ ਪਹਿਲਾਂ ਸੁਲਤਾਨਪੁਰ ਵਿਖੇ ਸਥਿਤ ਬੇਬੇ ਨਾਨਕੀ ਜੀ ਦਾ ਜੱਦੀ ਘਰ ਵੀ ਢਾਹ ਦਿਤਾ ਗਿਆ ਸੀ। ਇਹ ਸਿਲਸਿਲਾ ਅਜੇ ਖ਼ਤਮ ਨਹੀਂ ਹੋਇਆ।

ਜਿੰਨਾ ਚਿਰ ਤਕ ਇਕ ਵੀ ਪੁਰਾਣੀ ਇਮਾਰਤ ਜਾਂ ਇਕ ਵੀ ਪੁਰਾਣੀ ਇੱਟ ਮੌਜੂਦ ਹੈ, ਸਿੱਖ ਕੌਮ ਦੇ ਨਾਂ 'ਤੇ ਬਣੇ ਹੋਏ ਇਹ ਅਦਾਰੇ ਇਨ੍ਹਾਂ ਨੂੰ ਕਾਰ ਸੇਵਾ ਵਾਲੇ ਮਲੀਆਮੇਟ ਕੀਤੇ ਬਿਨਾਂ ਸੁੱਖ ਦਾ ਸਾਹ ਨਹੀਂ ਲੈਣਗੇ। ਇਸ ਵਾਪਰੀ ਘਟਨਾ ਸਬੰਧੀ ਕੌਮ ਦੇ ਚਿੰਤਕ ਪ੍ਰਚਾਰਕਾਂ ਗਿਆਨੀ ਸੁਖਵਿੰਦਰ ਸਿੰਘ ਦਦੇਹਰ, ਭਾਈ ਕਰਨਬੀਰ ਸਿੰਘ ਨਾਰਲੀ, ਭਾਈ ਸੰਦੀਪ ਸਿੰਘ ਖਾਲੜਾ, ਭਾਈ ਗੁਰਸ਼ਰਨ ਸਿੰਘ ਡੱਲ, ਭਾਈ ਨਿਰਮਲ ਸਿੰਘ ਸੁਰਸਿੰਘ, ਭਾਈ ਪਰਮਪਾਲ ਸਿੰਘ ਸਭਰਾ, ਭਾਈ ਗੁਰਮੀਤ ਸਿੰਘ ਪੱਟੀ, ਭਾਈ ਜਗਜੀਤ ਸਿੰਘ ਚੀਮਾਂ, ਭਾਈ ਜਤਿੰਦਰ ਸਿੰਘ ਮਾਹਣੇ, ਭਾਈ ਦਵਿੰਦਰ ਸਿੰਘ ਕੈਰੋਂ, ਭਾਈ ਗੁਰਮੀਤ ਸਿੰਘ ਮਾਲੂਵਾਲ ਨੇ ਸਖ਼ਤ ਸ਼ਬਦਾਂ ਵਿਚ ਅਫ਼ਸੋਸ ਜ਼ਾਹਰ ਕੀਤਾ।