ਹਰ ਸਿੱਖ ਲਾਂਘੇ ਦੇ ਖੁਲ੍ਹਣ ਦਾ ਬੇਸਬਰੀ ਨਾਲ ਉਡੀਕ ਕਰ ਰਿਹੈ : ਬਾਜਵਾ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 223ਵੀਂ ਅਰਦਾਸ ਕੀਤੀ

Every Sikh is awaiting the opening of the kartarpur corridor : Bajwa

ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਧੁੱਸੀ ਬੰਨ੍ਹ ਵਿਖੇ ਮੱਸਿਆ ਦੇ ਦਿਹਾੜੇ ਤੇ ਗੁਰਦੁਆਰਾ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਖੀ ਸੰਸਥਾ ਵਲੋਂ ਗੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਸਥਾਨਕ ਅੰਤਰਰਾਸਟਰੀ ਸਰਹੱਦ 'ਤੇ ਖਲ੍ਹੋ ਕੇ 223ਵੀਂ ਅਰਦਾਸ ਕੀਤੀ ਗਈ।

ਬਾਜਵਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਸਿਆ  ਕਿ ਪਾਕਿਸਤਾਨ ਵਾਲੇ ਪਾਸੇ ਰਸਤੇ ਦਾ ਕੰਮ 90 ਫ਼ੀ ਸਦੀ ਪੂਰਾ ਹੋ ਗਿਆ ਹੈ ਅਤੇ ਭਾਰਤ ਵਾਲੇ ਪਾਸੇ ਵੀ ਰਸਤੇ ਦਾ ਕੰਮ ਬਹੁਤ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਉਮੀਦ ਹੈ ਕਿ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪਹਿਲਾਂ ਇਹ ਰਸਤਾ ਬਣ ਕੇ ਤਿਆਰ ਹੋ ਜਾਵੇਗਾ ਅਤੇ  ਨਾਨਕ ਨਾਮ ਲੇਵਾ ਸੰਗਤਾਂ  ਬਿਨਾਂ ਵੀਜ਼ਾ, ਬਿਨਾਂ ਪਾਸਪੋਰਟ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ।

ਬਾਜਵਾ ਨੇ ਅੱਗੇ ਦਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ 8 ਨਵੰਬਰ ਨੁੰ ਰਸਤੇ ਦਾ ਉਦਘਾਟਨ ਕਰਨ ਅਤੇ 9 ਨਵੰਬਰ ਨੂੰ ਪਹਿਲਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਦਿਤੇ ਬਿਆਨ ਦੀ ਸਾਡੀ ਸੰਸਥਾ ਸ਼ਲਾਘਾ ਕਰਦੀ ਹੈ ਅਤੇ ਆਸ ਕਰਦੇ ਹਾਂ ਕਿ ਰਸਤਾ  ਨਿਰਵਿਘਨ ਸਮੇਂ ਸਿਰ ਖੁਲ੍ਹ ਜਾਵੇਗਾ।