ਬਾਦਲਾਂ ਸਮੇਤ ਮਜੀਠੀਏ ਦਾ ਫੂਕਿਆ ਪੁਤਲਾ
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜਿਥੇ ਬਾਦਲ ਪਰਿਵਾਰ, ਸੁਮੇਧ ਸੈਣੀ ਸਮੇਤ ਕੁਝ ਹੋਰ ਅਕਾਲੀ ਨੇਤਾਵਾਂ.............
ਅੰਮ੍ਰਿਤਸਰ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜਿਥੇ ਬਾਦਲ ਪਰਿਵਾਰ, ਸੁਮੇਧ ਸੈਣੀ ਸਮੇਤ ਕੁਝ ਹੋਰ ਅਕਾਲੀ ਨੇਤਾਵਾਂ ਦੇ ਵਿਰੋਧ ਵਿਚ ਅੱਜ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜੱਥਾ ਹਿੰਮਤੇ ਖ਼ਾਲਸਾ, ਲੋਕ ਇਨਸਾਫ ਪਾਰਟੀ, ਦਲ ਖ਼ਾਲਸਾ ਸਮੇਤ ਸਮੁੱਚੀਆਂ ਪੰਥਕ ਜਥੇਬੰਦੀਆਂ ਵਲੋਂ ਹਾਲ ਗੇਟ ਸਥਿਤ ਬਾਦਲਾਂ ਵਿਰੁਧ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਦਲ ਪਿਉ-ਪੁੱਤ, ਬਿਕਰਮ ਮਜੀਠੀਆ ਅਤੇ ਸੁਮੇਧ ਸੈਣੀ ਦਾ ਪੁੱਤਲਾ ਫੁਕਿਆ ਗਿਆ ਅਤੇ ਉਹਨਾਂ ਵਿਰੁਧ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਹਿੰਮਤੇ ਖ਼ਾਲਸਾ ਦੈ ਪ੍ਰਧਾਨ ਭਾਈ ਪੰਜਾਬ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ, ਸਰਬੱਤ ਖ਼ਾਲਸਾ ਦੇ ਆਗੂ ਜਥੇਦਾਰ ਭਾਈ ਸਤਨਾਮ ਸਿੰਘ ਮਨਾਵਾ, ਲੋਕ ਇਨਸਾਫ ਪਾਰਟੀ ਦੇ ਭਾਈ ਜਗਜੋਤ ਸਿੰਘ ਰਾਜਾਸਾਂਸੀ, ਦਲ ਖ਼ਾਲਸਾ ਦੇ ਆਗੂ ਭਾਈ ਸਰਬਜੀਤ ਸਿੰਘ ਘੁਮਾਣ ਨੇ ਸਾਂਝੇ ਬਿਆਨ ਵਿਚ ਗ੍ਰਿਫਤਾਰੀ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਿਚ ਇਹ ਸਪੱਸ਼ਟ ਹੋ ਗਿਆ ਕਿ ਬਾਦਲਾਂ ਦੀ ਸ਼ਹਿ 'ਤੇ ਹੀ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਦੁਖਦਾਈ ਕਾਂਡ ਵਾਪਰੇ ਸੀ। ਇਸ ਮੌਕੇ ਉਹਨਾਂ ਦੇ ਨਾਲ ਭਾਈ ਹਰਪ੍ਰੀਤ ਸਿੰਘ, ਦਿਲਬਾਗ ਸਿੰਘ ਨਾਗੋਕੇ, ਹਰਪਾਲ ਸਿੰਘ ਬਲੇਰ, ਸੰਦੀਪ ਸਿੰਘ, ਫਲਾਵਰ ਸਿੰਘ, ਅਮਰੀਕ ਸਿੰਘ ਵਰਪਾਲ, ਰਾਜਨ ਸਿੰਘ, ਨਿਸ਼ਾਨ ਸਿੰਘ, ਪ੍ਰਤਾਪ ਸਿੰਘ ਧਰਮੀ ਫੌਜੀ ਸਮੇਤ ਸੈਂਕੜੇ ਹੋਰ ਪੰਥਕ ਜਥੇਬੰਦੀਆਂ ਦੇ ਆਗੂ ਇਸ ਮਾਰਚ ਵਿਚ ਸ਼ਾਮਲ ਹੋਏ।