ਗਿਆਨੀ ਇਕਬਾਲ ਸਿੰਘ ਦੇ ਅਸਤੀਫ਼ੇ ਤੋਂ ਸਬਕ ਸਿੱਖਣ ਦੀ ਲੋੜ : ਜਥੇਦਾਰ ਪੰਜੋਲੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ੍ਰੀ ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ  ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਇਕਬਾਲ...

Jathedar Karnail Singh Panjoli

ਸ੍ਰੀ ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ  ਤਖ਼ਤ ਸ੍ਰੀ ਪਟਨਾ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਜਥੇਦਾਰੀ ਦੇ ਅਹੁਦੇ ਤੋਂ ਦਿਤੇ ਗਏ ਅਸਤੀਫ਼ੇ ਦਾ ਸਵਾਗਤ ਕੀਤਾ ਹੈ। ਜੱਥੇਦਾਰ ਪੰਜੋਲੀ ਨੇ ਕਿਹਾ ਕਿ ਉਨ੍ਹਾਂ ਵਲੋਂ ਰਾਤ ਹੀ ਗਿਆਨੀ ਇਕਬਾਲ ਸਿੰਘ ਨੂੰ ਫ਼ੋਨ ਰਾਹੀਂ ਸੁਝਾਅ ਦਿਤਾ ਸੀ ਕਿ ਤਖ਼ਤ ਦੀ ਪਦਵੀ ਬਹੁਤ ਵੱਡੀ ਮਹਾਨ ਅਤੇ ਪਵਿੱਤਰ ਹੈ ਜਦੋਂ ਉਨ੍ਹਾਂ ਉਤੇ ਦੋਸ਼ ਲੱਗ ਜਾਣ ਤਾਂ ਉਸ ਤੋਂ ਵੱਖ ਹੋ ਜਾਣਾ ਹੀ ਚੰਗਾ ਹੈ। 
ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਪੰਥ ਵਿਚ ਰਹਿਣਾ ਹੈ ਤਾਂ ਪੰਥਕ ਭਾਵਨਾਵਾਂ ਅੱਗੇ ਸਿਰ ਝੁਕਾਉਂਦਿਆਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜਿਸ ਨੂੰ ਗਿਆਨੀ ਇਕਬਾਲ ਸਿੰਘ ਨੇ ਪ੍ਰਵਾਨ ਕਰਦਿਆਂ ਇਸ ਪਦਵੀ ਤੋਂ ਅਸਤੀਫ਼ਾ ਦਿਤਾ ਜਿਹੜਾ ਚੰਗਾ ਕਦਮ ਹੈ। ਗਿਆਨੀ ਇਕਬਾਲ ਸਿੰਘ ਵਲੋਂ ਦਿਤੇ ਅਸਤੀਫ਼ੇ ਤੋਂ ਬਾਅਦ ਧਾਰਮਕ ਅਤੇ ਰਾਜਨੀਤੀ ਦੇ ਖੇਤਰ ਵਿਚ ਪੰਥ ਦੀ ਅਗਵਾਈ ਕਰਨ ਵਾਲੇ ਲੋਕਾਂ ਨੂੰ ਸਿਖਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਉਤੇ ਕਿਸੇ ਵੀ ਤਰ੍ਹਾਂ ਦੀ ਧਾਰਮਕ ਅਵੱਗਿਆ ਕਰਨ ਜਾਂ ਸਿੱਖ ਸੰਗਤਾਂ ਦੇ ਜਜ਼ਬਾਤ ਨਾਲ ਖੇਡਣ ਦੀ ਕੁਤਾਹੀ ਕਰਨ ਤੋਂ ਬਾਅਦ ਪੰਥ ਉਨ੍ਹਾਂ ਨੂੰ ਪ੍ਰਵਾਨ ਨਹੀਂ ਕਰਦਾ ਤਾਂ ਉਨ੍ਹਾਂ ਨੂੰ ਢੀਠ ਬਣ ਕੇ ਇਨ੍ਹਾਂ ਪਦਵੀਆਂ ਉਤੇ ਨਹੀਂ ਬੈਠੇ ਰਹਿਣਾ ਚਾਹੀਦਾ ਹੈ, ਬਲਕਿ ਸਮਾਂ ਰਹਿੰਦਿਆਂ ਇਨ੍ਹਾਂ ਪਦਵੀਆਂ ਤੋਂ ਅਸਤੀਫ਼ਾ ਦੇ ਕੇ ਪੰਥ ਅੱਗੇ ਸਨਮੁੱਖ ਹੋ ਕੇ ਖ਼ਿਮਾ ਯਾਚਨਾ ਮੰਗ ਕੇ ਯੋਗ ਬੰਦਿਆਂ ਨੂੰ ਥਾਂ ਦੇਣੀ ਚਾਹੀਦੀ ਹੈ।