ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੇ ਪਾਕਿ ਵਿਚਕਾਰ ਦੁਸ਼ਮਣੀ ਦੀਆਂ ਲਕੀਰਾਂ ਮਿਟ ਜਾਣਗੀਆਂ : ਸਰਨਾ ਭਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰਤਾਰਪੁਰ ਸਾਹਿਬ ਲਾਂਘੇ ਦੇ ਗਲਿਆਰੇ ਲਈ ਪਾਕਿਸਤਾਨ ਸਰਕਾਰ ਵਲੋਂ ਰੱਖੇ ਗਏ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ.........

Parmjit Singh Sarna and Harvinder Singh Sarna

ਨਵੀਂ ਦਿੱਲੀ : ਕਰਤਾਰਪੁਰ ਸਾਹਿਬ ਲਾਂਘੇ ਦੇ ਗਲਿਆਰੇ ਲਈ ਪਾਕਿਸਤਾਨ ਸਰਕਾਰ ਵਲੋਂ ਰੱਖੇ ਗਏ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ ਪਿਛੋਂ ਦਿੱਲੀ ਪੁੱਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਨੇ ਸਾਂਝੇ ਤੌਰ 'ਤੇ ਕਿਹਾ ਹੈ ਕਿ ਜੇ ਕਰਤਾਰਪੁਰ ਸਾਹਿਬ ਲਾਂਘੇ ਦੇ ਖੁਲ੍ਹਣ ਨਾਲ ਦੋਹਾਂ ਮੁਲਕਾਂ ਵਿਚਕਾਰ ਦਹਾਕਿਆਂ ਦੀ ਦੁਸ਼ਮਣੀ ਦੋਸਤੀ ਵਿਚ ਬਦਲਦੀ ਹੈ, ਤਾਂ ਦੁਸ਼ਮਣੀ ਦੀ ਲਕੀਰ ਮਿਟਾਉਣ ਦੇ ਯਤਨ ਕਰਨੇ ਚਾਹੀਦੇ ਹਨ ਨਾ ਕਿ ਇਸ ਲਕੀਰ ਨੂੰ ਹੋਰ ਡੂੰਘੀ ਕਰਨਾ ਚਾਹੀਦਾ ਹੈ।

ਉਨ੍ਹਾਂ ਭਾਜਪਾ ਤੇ ਬਾਦਲ ਦਲ ਦੇ ਕੁੱਝ ਲੀਡਰਾਂ ਵਲੋਂ ਮੀਡੀਏ ਵਿਚ ਆਈਐਸਆਈ ਤੇ ਖ਼ਾਲਿਸਤਾਨ ਵਰਗੇ ਮੁੱਦਿਆਂ ਨੂੰ ਲਾਂਘੇ ਨਾਲ ਜੋੜ ਕੇ, ਕੁੜੱਤਣ ਦਾ ਮਾਹੌਲ ਪੈਦਾ ਕਰਨ 'ਤੇ ਟਿਪਣੀ ਕਰਦਿਆਂ ਕਿਹਾ, “ਵਾਵੇਲਾ ਖੜਾ ਕਰਨ ਦੀ ਬਜਾਏ, ਦੋਸਤੀ ਨੂੰ ਨਿਭਾਉਣਾ ਚਾਹੀਦਾ ਹੈ ਜੋ ਦੋਹਾਂ ਦੇਸ਼ਾਂ ਦੇ ਅਮਨ ਲਈ ਜ਼ਰੂਰੀ ਹੈ।'' ਅੱਜ ਇਥੇ ਪੱੱਤਰਕਾਰ ਮਿਲਣੀ ਦੌਰਾਨ ਸਰਨਾ ਭਰਾਵਾਂ ਨੇ ਉਮੀਦ ਪ੍ਰਗਟਾਈ ਹੈ ਕਿ ਅਗਲੇ ਸਾਲ ਆ ਰਹੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਦੋਵੇਂ ਸਰਕਾਰਾਂ ਮਿਥੇ ਸਮੇਂ ਵਿਚ ਇਹ ਲਾਂਘਾ ਖੋਲ੍ਹ ਦੇਣਗੀਆਂ ਜਿਸ ਨਾਲ ਸੰਗਤ ਪਾਵਨ ਅਸਥਾਨ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰ ਸਕੇਗੀ।

ਉਨ੍ਹਾਂ ਦਸਿਆ ਕਿ ਇਹ 71 ਸਾਲ ਤੋਂ ਕੀਤੀਆਂ ਜਾ ਰਹੀਆਂ ਕਰੋੜਾਂ ਅਰਦਾਸਾਂ ਦੀ ਸ਼ਕਤੀ ਹੈ ਕਿ ਅੱਜ ਦੋਹਾਂ ਦੇਸ਼ਾਂ ਨੇ ਕਰਤਾਰਪੁਰ ਸਾਹਿਬ ਲਈ ਗਲਿਆਰਾ ਬਣਾਉਣ ਲਈ ਨੀਂਹ ਪੱਥਰ ਰੱਖ ਦਿਤੇ ਹਨ। ਇਸ ਬਾਰੇ ਵਾਵੇਲਾ ਖੜਾ ਨਹੀਂ ਕਰਨਾ ਚਾਹੀਦਾ। ਜੇ ਲਕੀਰ ਮੱਧਮ ਹੋਈ ਹੈ ਤਾਂ ਇਸ ਨੂੰ ਮਿਟਾਉਣ ਦਾ ਯਤਨ ਕਰਨਾ ਚਾਹੀਦਾ ਹੈ। ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੇ ਹਿੰਦੁਸਤਾਨ ਨੂੰ ਇਹ ਅੱਗੇ ਲਿਜਾਏਗਾ।

ਉਨ੍ਹਾਂ ਦਸਿਆ ਕਿ ਪਾਕਿਸਤਾਨ ਸਰਕਾਰ ਅਜਿਹਾ ਢੰਗ ਅਪਣਾਅ ਰਹੀ ਹੈ ਕਿ ਕਰਤਾਰਪੁਰ ਸਾਹਿਬ ਲਈ ਸੰਗਤ ਨੂੰ ਪਰਮਿਟ ਜਾਰੀ ਕੀਤੇ ਜਾਣਗੇ ਜਿਸ ਨਾਲ ਸੰਗਤ ਨਨਕਾਣਾ ਸਾਹਿਬ ਵੀ ਦਰਸ਼ਨ ਕਰਨ ਜਾ ਸਕੇਗੀ ਤੇ ਸਰਕਾਰ ਯਾਤਰੂਆਂ ਨੂੰ ਬਸਾਂ ਰਾਹੀਂ ਗੁਰਦਵਾਰਾ ਕਰਤਾਰਪੁਰ ਦੇ ਦਰਸ਼ਨ ਕਰਵਾਉਣ ਦਾ ਬੰਦੋਬਸਤ ਕਰੇਗੀ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਸ.ਕਰਤਾਰ ਸਿੰਘ ਚਾਵਲਾ, ਯੂਥ ਵਿੰਗ ਪ੍ਰਧਾਨ ਸ.ਰਮਨਦੀਪ ਸਿੰਘ ਸਣੇ ਸ.ਮਨਜੀਤ ਸਿੰਘ ਸਰਨਾ, ਭਾਈ ਤਰਸੇਮ ਸਿੰਘ ਤੇ ਹੋਰ ਅਹੁਦੇਦਾਰ ਹਾਜ਼ਰ ਸਨ।