ਕਿਸਾਨਾਂ ਦੇ ਹੱਕ 'ਚ ਬਾਬਾ ਸੇਵਾ ਸਿੰਘ ਜੀ ਨੇ ਵਾਪਸ ਕੀਤਾ ਪਦਮਸ਼੍ਰੀ ਅਵਾਰਡ
ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ- ਬਾਬਾ ਸੇਵਾ ਸਿੰਘ
ਚੰਡੀਗੜ੍ਹ: ਕਿਸਾਨਾਂ ਦੇ ਹੱਕ ਵਿਚ ਅੱਜ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਅਪਣਾ ਪਦਮਸ਼੍ਰੀ ਅਵਾਰਡ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਬਾਬਾ ਸੇਵਾ ਸਿੰਘ ਨੇ ਇਸ ਸਬੰਧੀ ਇਕ ਚਿੱਠੀ ਰਾਸ਼ਟਰਪਤੀ ਨੂੰ ਭੇਜੀ।
ਉਹਨਾਂ ਨੇ ਚਿੱਠੀ ਵਿਚ ਲਿਖਿਆ, 'ਅੱਜ ਦੇ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕਰਨ ਤੇ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਜ਼ੁਲਮ ਕਰਨ ਦੇ ਵਰਤਾਰੇ ਸਬੰਧੀ ਵੇਦਨਾ ਪ੍ਰਗਟ ਕਰਦਿਆਂ ਪਦਮ ਸ੍ਰੀ ਅਵਾਰਡ ਵਾਪਸ ਕਰਦਾ ਹਾਂ'। ਬਾਬਾ ਸੇਵਾ ਸਿੰਘ ਨੇ ਕਿਹਾ ਕਿ ਅੱਜ ਜਦੋਂ ਸਮੁੱਚੇ ਭਾਰਤ ਦੇ ਕਿਸਾਨ ਅਪਣੀ ਹੋਂਦ ਦੀ ਲੜਾਈ ਲੜ ਰਹੇ ਹਨ ਤਾਂ ਅਜਿਹੇ ਸਮੇਂ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ ਵਤੀਰਾ ਚਿੰਤਾਜਨਕ ਹੈ।
ਉਹਨਾਂ ਕਿਹਾ ਇਹ ਮਾਣ- ਸਨਮਾਨ ਲੋਕ ਤੇ ਸਮਾਜ ਭਲਾਈ ਲਈ ਹੀ ਮਿਲਦੇ ਹਨ, ਜਦੋਂ ਆਮ ਲੋਕਾਂ ਨਾਲ ਵਧੀਕੀ ਹੋ ਰਹੀ ਹੋਵੇ, ਉਹਨਾਂ ਨੂੰ ਲਿਤਾੜਿਆ ਜਾ ਰਿਹਾ ਹੋਵੇ, ਲੋਕ ਕੜਾਕੇ ਦੀ ਠੰਢ ਵਿਚ ਸੜਕਾਂ 'ਤੇ ਸਮਾਂ ਗੁਜ਼ਾਰ ਰਹੇ ਹੋਣ ਤੇ ਅਜਿਹੇ ਵਿਚ ਰਾਸ਼ਟਰ ਉਹਨਾਂ ਨੂੰ ਅੱਖੋਂ ਪਰੋਖੇ ਕਰ ਰਿਹਾ ਹੋਵੇ ਤਾਂ ਅਜਿਹੇ ਰਾਸ਼ਟਰੀ ਸਨਮਾਨ ਨੂੰ ਕੋਲ ਰੱਖਣ ਦੀ ਕੋਈ ਤੁਕ ਨਹੀਂ ਬਣਦੀ। ਬਾਬਾ ਸੇਵਾ ਸਿੰਘ ਨੇ ਅਖੀਰ ਵਿਚ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਸਰਕਾਰ ਕਿਸਾਨੀ ਦੀ ਸੁਰੱਖਿਆ ਲਈ ਜ਼ਰੂਰ ਕੋਈ ਕਦਮ ਚੁੱਕੇਗੀ।