ਪਿੰਡ ਊਧਨਵਾਲ 'ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਸੰਗਤਾਂ ਵਿਚ ਰੋਸ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਜੇ ਬਰਗਾੜੀ ਕਾਂਡ ਦੀ ਅੱਗ ਠੰਢੀ ਵੀ ਨਹੀਂ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ  ਬੇਅਦਬੀ ਦਾ ਇਕ ਹੋਰ ਤਾਜ਼ਾ ਮਾਮਲਾ ਕਸਬਾ ਊਧਨਵਾਲ

Beadbi

ਬਟਾਲਾ/ਊਧਨਵਾਲ (ਗੋਰਾਇਆ/ਬਿਕਰਮਜੀਤ ਸਿੰਘ ਖ਼ਾਲਸਾ): ਅਜੇ ਬਰਗਾੜੀ ਕਾਂਡ ਦੀ ਅੱਗ ਠੰਢੀ ਵੀ ਨਹੀਂ ਹੋਈ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੀ  ਬੇਅਦਬੀ ਦਾ ਇਕ ਹੋਰ ਤਾਜ਼ਾ ਮਾਮਲਾ ਕਸਬਾ ਊਧਨਵਾਲ ਨੇੜੇ ਬਿਜਲੀ ਘਰ ਵਿਖੇ ਹੋਂਦ ਵਿਚ ਆਇਆ। ਜਿਥੇ ਬੀਤੇ ਦਿਨ 10 ਵਜੇ ਦੇ ਕਰੀਬ ਇਕ ਅਣਪਛਾਤੇ ਵਿਅਕਤੀ ਵਲੋਂ ਇਕ ਗਠੜੀ ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ, ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਪਵਿੱਤਰ ਸਰੂਪ ਬੰਨ੍ਹ ਕੇ ਗੰਦਗੀ ਵਾਲੀ ਥਾਂ 'ਤੇ ਸੁੱਟ ਦਿਤਾ ਗਿਆ। ਜਿਥੇ ਘਾਹ ਫੂਸ ਤੇ ਬੂਟੀ ਆਦਿ ਉੱਘੀ ਹੋਈ ਸੀ।

ਚਸ਼ਮਦੀਦਾਂ ਮੁਤਾਬਕ ਉਕਤ ਵਿਅਕਤੀ ਇਕ ਸਾਈਕਲ ਉਪਰ ਆਇਆ ਸੀ ਅਤੇ ਗੁਰੂ ਮਹਾਰਾਜ ਦਾ ਸਰੂਪ ਅਤੇ ਗੁਰਬਾਣੀ ਦੀਆਂ ਸੈਂਚੀਆਂ ਸੁੱਟ ਕੇ ਤੁਰਦਾ ਬਣਿਆ। ਜਦੋਂ ਸ਼ਾਮ 5 ਵਜੇ ਦੇ ਕਰੀਬ ਕਸ਼ਮੀਰ ਸਿੰਘ ਸਾਬਕਾ ਸਰਪੰਚ ਕਸਬਾ ਊਧਨਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਗਠੜੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਸ ਵਿਚ ਗੁਰੂ ਸਾਹਿਬ ਦੀ ਗੁਰਬਾਣੀ ਅਤੇ ਗੁਰੂ ਸਾਹਿਬ ਦੇ ਸਰੂਪ ਮੌਜੂਦ ਸਨ। ਇਸ ਘਟਨਾ ਦਾ ਪਤਾ ਚਲਦਿਆਂ ਹੀ ਇਲਾਕੇ ਦੇ ਲੋਕਾਂ ਵਿਚ ਰੋਸ ਦੀ ਲਹਿਰ ਦੌੜ ਗਈ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿਚ ਸਿੱਖ ਜਥੇਬੰਦੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ।

ਇਸ ਮਗਰੋਂ ਸਮੂਹ ਜਥੇਬੰਦੀਆਂ ਦੇ ਮੁਖੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਸੈਂਚੀਆਂ ਸਤਿਕਾਰ ਸਹਿਤ ਲਿਜਾ ਕੇ ਨਜ਼ਦੀਕ ਗੁਰਦੁਆਰਾ ਸ੍ਰੀ ਬੋਹੜੀ ਸਾਹਿਬ ਵਿਖੇ ਰੱਖ ਦਿਤੇ ਗਏ। ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ।