ਬੇਅਦਬੀ-ਬਰਗਾੜੀ ਗੋਲੀ ਕਾਂਡ : 4 ਸਾਲ ਪੂਰੇ ਹੋਣ 'ਤੇ ਵੀ ਇਨਸਾਫ਼ ਨਾ ਮਿਲਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿੰਡ ਬਰਗਾੜੀ 'ਚ ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਧਾਰਾ-144 ਲਗਾਈ

After 4 years Sacrilege-Bargari waits for justice

ਫ਼ਰੀਦਕੋਟ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਇਸ ਤੋਂ ਬਾਅਦ ਵਾਪਰੇ ਕੋਟਕਪੂਰਾ ਅਤੇ ਬਹਿਬਲ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪਿੰਡ ਬਰਗਾੜੀ 'ਚ ਪੰਥਕ ਧਿਰਾਂ ਵਲੋਂ ਸ਼ੁਰੂ ਕੀਤੇ ਇਨਸਾਫ਼ ਮੋਰਚੇ ਵਾਲੀ ਥਾਂ 'ਤੇ 14 ਅਕਤੂਬਰ 2015  ਦੋ ਨੌਜਵਾਨ ਪੁਲਿਸ ਗੋਲੀਬਾਰੀ 'ਚ ਸ਼ਹੀਦ ਹੋ ਗਏ ਸਨ। ਇਸ ਘਟਨਾ ਨੂੰ ਵਾਪਰਿਆਂ 4 ਸਾਲ ਹੋ ਗਏ ਹਨ, ਪਰ ਮੁੱਖ ਮੁਲਜ਼ਮ ਹਾਲੇ ਵੀ ਆਜ਼ਾਦ ਘੁੰਮ ਰਹੇ ਹਨ। ਪਿੰਡ ਬਰਗਾੜੀ ਦੇ ਖੇਡ ਸਟੇਡੀਅਮ 'ਚ 14 ਅਕਤੂਬਰ ਨੂੰ ਸ਼ਰਧਾਂਜਲੀ ਸਮਾਗਮ ਹੋਵੇਗਾ ਖੁਫੀਆ ਏਜੰਸੀਆਂ ਮੁਤਾਬਕ ਬਰਸੀ ਮੌਕੇ ਪਿੰਡ ਬਰਗਾੜੀ ਵਿਚ ਮੁੜ ਇਤਿਹਾਸਕ ਇਕੱਠ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਮਾਹੌਲ ਗਰਮਾ ਗਿਆ ਹੈ।

ਉਧਰ ਪ੍ਰਸ਼ਾਸਨ ਨੇ ਪਿੰਡ ਬਰਗਾੜੀ ਦੀ ਦਾਣਾ ਮੰਡੀ ਦੀ ਤਾਰਬੰਦੀ ਕਰ ਕੇ ਉਥੇ ਧਾਰਾ-144 ਲਗਾ ਦਿੱਤੀ ਹੈ। ਇਸ ਕਰ ਕੇ ਸ਼ਰਧਾਂਜਲੀ ਸਮਾਗਮ ਪਿੰਡ ਬਰਗਾੜੀ ਦੇ ਖੇਡ ਸਟੇਡੀਅਮ ਵਿਚ ਹੋਵੇਗਾ। ਸ਼ਰਧਾਂਜਲੀ ਸਮਾਗਮ ਤੋਂ ਪਹਿਲਾਂ ਪਿੰਡ ਬਰਗਾੜੀ ਵਿਚ ਮੁੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਬਾਕਾਇਦਾ ਤੌਰ ’ਤੇ ਪੁਲਿਸ ਨਾਕੇ ਲਾਏ ਗਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲਿਸ ਨੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਤੇ ਲੋੜ ਪਈ ਤਾਂ ਹੋਰ ਵਾਧੂ ਪੁਲਿਸ ਬਲ ਵੀ ਤਾਇਨਾਤ ਕੀਤੇ ਜਾਣਗੇ।

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇਸ ਸਮਾਗਮ ਦੀ ਅਗਵਾਈ ਕਰ ਰਹੇ ਹਨ। ਬਹਿਬਲ ਗੋਲੀ ਕਾਂਡ ਵਿਚ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਦੇ ਪਰਵਾਰ ਨੇ ਖਹਿਰਾ ਨਾਲ ਸਟੇਜ ਸਾਂਝੀ ਕਰਨ ਦੀ ਗੱਲ ਕਹੀ ਹੈ। ਖਹਿਰਾ ਨੇ ਕਿਹਾ ਕਿ 14 ਅਕਤੂਬਰ ਨੂੰ ਸਵੇਰੇ 11 ਵਜੇ ਇਸ ਗੋਲੀਕਾਂਡ 'ਚ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੀ ਯਾਦ ਵਿਚ ਭੋਗ ਪਾਏ ਜਾਣਗੇ। ਉਨ੍ਹਾਂ ਦੀ ਪਾਰਟੀ ਇਸ ਦਿਹਾੜੇ ਨੂੰ ਕਾਲੇ ਦਿਨ ਵਜੋਂ ਮਨਾਏਗੀ।

ਉਧਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਤੇ ਬਰਗਾੜੀ ਮੋਰਚੇ ਦੀ ਅਗਵਾਈ ਕਰਨ ਵਾਲੇ ਧਿਆਨ ਸਿੰਘ ਮੰਡ ਬਰਗਾੜੀ ਪਿੰਡ ਵਿਚ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰ ਨਹੀਂ ਹੋਣਗੇ। ਮੰਡ ਤੇ ਮਾਨ ਨੇ ਪਿੰਡ ਬਹਿਬਲ ਨਜ਼ਦੀਕ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵੱਖਰਾ ਸਮਾਗਮ ਕਰਨ ਦਾ ਐਲਾਨ ਕੀਤਾ ਹੈ।

ਖਹਿਰਾ ਨੇ ਕਿਹਾ ਕਿ ਉਨ੍ਹਾਂ ਅਕਾਲੀ ਦਲ ਤੋਂ ਬਗੈਰ ਸਾਰੀਆਂ ਧਿਰਾਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਮਾਗਮ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਦੇਣ ਤੇ ਇਨਸਾਫ਼ ਲੈਣ ਲਈ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਪਿੰਡ ਬਰਗਾੜੀ ਦੇ ਸਟੇਡੀਅਮ ਵਿਚ ਸ਼ਰਧਾਂਜਲੀ ਸਮਾਗਮ ਕਰਨ ਲਈ ਮਨਜ਼ੂਰੀ ਦੇ ਦਿੱਤੀ ਹੈ।