ਜੂਨ 1984 ਦੇ ਦੁਖਾਂਤ ਨੇ ਇਨਸਾਫ਼ ਪਸੰਦ ਲੋਕਾਂ ਨੂੰ ਝੰਜੋੜ ਕੇ ਰੱਖ ਦਿਤਾ : ਭਾਈ ਚਾਵਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਹਮਲੇ ਦੌਰਾਨ ਭਾਰਤੀ ਫ਼ੌਜ ਨੇ ਮਨੁੱਖੀ ਕਦਰਾਂ ਕੀਮਤਾਂ ਦਾ ਜੋ ਘਾਣ ਕੀਤਾ ਉਸ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਗਹਿਰੀ ਸੱਟ ਮਾਰੀ

Bhai Amarjit Singh Chawla

ਸ੍ਰੀ ਅਨੰਦਪੁਰ ਸਾਹਿਬ : ਜੂਨ 1984 ਨੂੰ ਸਿੱਖਾਂ ਦੀ ਜਾਨ ਤੋਂ ਪਿਆਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਭਾਰਤੀ ਫ਼ੌਜਾਂ ਵਲੋਂ ਕੀਤੇ ਗਏੇ ਹਮਲੇ ਨੇ ਸਮੁੱਚੀ ਸਿੱਖ ਕੌਮ ਅਤੇ ਸੰਸਾਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਝੰਜੋੜ ਕੇ ਰਖ ਦਿਤਾ ਸੀ। ਇਹ ਇਕ ਵੱਡਾ ਦੁਖਾਂਤ ਸੀ ਜਿਸ ਨੇ ਸਿੱਖਾਂ ਵਿਚ ਬੇਗਾਨਗੀ ਦਾ ਅਹਿਸਾਸ ਭਰ ਦਿਤਾ ਅਤੇ ਸਿੱਖ ਅਪਣੇ ਆਪ ਨੂੰ ਆਜ਼ਾਦ ਭਾਰਤ ਵਿਚ ਗੁਲਾਮ ਸਮਝਣ ਲੱਗ ਪਏ। ਇਸ ਹਮਲੇ ਦੌਰਾਨ ਭਾਰਤੀ ਫ਼ੌਜ ਨੇ ਮਨੁੱਖੀ ਕਦਰਾਂ ਕੀਮਤਾਂ ਦਾ ਜੋ ਘਾਣ ਕੀਤਾ ਉਸ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਗਹਿਰੀ ਸੱਟ ਮਾਰੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ। 

ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉਤੇ ਹੋਏ ਫ਼ੌਜੀ ਹਮਲੇ ਸਮੇਂ ਉਹ ਖ਼ੁਦ ਉਥੇ ਮੌਜੂਦ ਸਨ। ਭਾਈ ਚਾਵਲਾ ਨੇ ਦਸਿਆ ਕਿ ਫ਼ੌਜ ਵਲੋਂ ਸਿੱਖਾਂ ਦੇ ਕਾਅਬੇ ਕਹੇ ਜਾਂਦੇ ਸ੍ਰੀ ਹਰਿਮੰੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਨੂੰ ਭਾਰੀ ਠੇਸ ਪਹੁੰਚਾਈ ਗਈ। ਫ਼ੌਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੋਲੀਆਂ ਮਾਰੀਆਂ, ਮਾਨਵਤਾ ਦੇ ਰਾਖੇ ਸ੍ਰੀ ਹਰਿਮੰਦਰ ਸਾਹਿਬ ਤੇ ਗੋਲੀਬਾਰੀ ਕੀਤੀ।

ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਤੇ ਟੈਂਕਾਂ ਨਾਲ ਢਹਿ ਢੇਰੀ ਕਰ ਦਿਤਾ, ਸਰੋਵਰ ਦਾ ਪਾਣੀ ਸਿੰਘਾਂ ਦੇ ਖ਼ੂਨ ਨਾਲ ਲਾਲ ਕਰ ਦਿਤਾ, ਪ੍ਰਕਰਮਾ ਵਿਚ ਜੁਤੀਆਂ ਸਣੇ ਦਾਖ਼ਲ ਹੀ ਨਹੀਂ ਹੋਏ ਸਗੋਂ ਉਥੇ ਸਿਗਰਟਾਂ-ਬੀੜੀਆਂ ਦੇ ਕੱਸ਼ ਵੀ ਲਗਾਉਂਦੇ ਰਹੇ, ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਨਾਲ ਬੇਤਹਾਸ਼ਾ ਕੁੱਟਮਾਰ ਕੀਤੀ ਗਈ, ਧੀਆਂ ਭੈਣਾਂ ਨਾਲ ਬਦਸਲੂਕੀ ਕੀਤੀ ਜਿਸ ਕਰ ਕੇ ਸਿੱਖਾਂ ਅੰਦਰ ਰੋਸ ਦੀ ਭਾਵਨਾ ਫੈਲਣੀ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ 35 ਸਾਲ ਬੀਤ ਗਏ ਇਸ ਸਾਕੇ ਨੂੰ ਪਰ ਸਿੱਖਾਂ ਅੰਦਰ ਅੱਜ ਵੀ ਇਸ ਘਟਨਾ ਪ੍ਰਤੀ ਰੋਸ ਤੇ ਗੁੱਸੇ ਦੀ ਭਾਵਨਾ ਜਿਉਂ ਦੀ ਤਿਉਂ ਹੈ।