ਦਿਲਗੀਰ ਵਲੋਂ ਅਕਾਲ ਤਖ਼ਤ ਦੇ ਪੁਜਾਰੀਆਂ ਵਿਰੁਧ ਕੀਤਾ ਕੇਸ 27 ਅਗੱਸਤ ਤਕ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਅਕਾਲ ਤਖ਼ਤ ਦੇ ਪੁਜਾਰੀਆਂ ਦੇ ਕਥਿਤ ਹੁਕਮਨਾਮੇ ਵਿਰੁਧ ਪੰਜਾਬ ਤੇ ਹਾਈ ਕੋਰਟ ਵਿਚ ਕੀਤੇ ਕੇਸ..........

Dr. Harjinder Singh Dilgir

ਤਰਨਤਾਰਨ : ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਵਲੋਂ ਅਕਾਲ ਤਖ਼ਤ ਦੇ ਪੁਜਾਰੀਆਂ ਦੇ ਕਥਿਤ ਹੁਕਮਨਾਮੇ ਵਿਰੁਧ ਪੰਜਾਬ ਤੇ ਹਾਈ ਕੋਰਟ ਵਿਚ ਕੀਤੇ ਕੇਸ ਦੀ ਨਵੀਂ ਤਰੀਕ 27 ਅਗੱਸਤ ਪੈ ਗਈ ਹੈ। ਜ਼ਿਕਰਯੋਗ ਹੈ ਕਿ ਡਾ. ਦਿਲਗੀਰ ਨੇ ਤਖ਼ਤਾਂ ਦੇ ਪੁਜਾਰੀਆਂ ਵਲੋਂ ਉਨ੍ਹਾਂ ਵਿਰੁਧ ਜਾਰੀ ਕੀਤੇ ਕਥਿਤ ਹੁਕਮਨਾਮੇ 9 ਨਵੰਬਰ 2017 ਨੂੰ ਹਾਈ ਕੋਰਟ ਵਿਚ ਪੁਜਾਰੀਆਂ ਵਿਰੁਧ ਗੁਰਦਵਾਰਾ ਐਕਟ ਦੀ ਉਲੰਘਣਾ ਦੇ ਆਧਾਰ 'ਤੇ ਕੇਸ ਪਾਇਆ ਸੀ। ਸ਼੍ਰੋਮਣੀ ਕਮੇਟੀ ਨੂੰ ਇਸ ਦਾ ਜਵਾਬ ਦੇਣ ਲਈ 29 ਨਵੰਬਰ 2017 ਦੀ ਤਰੀਕ ਦਿਤੀ ਗਈ ਸੀ

ਪਰ ਸ਼੍ਰੋਮਣੀ ਕਮੇਟੀ ਨੇ ਬਹਾਨੇ ਲਾ ਕੇ ਪਹਿਲਾਂ 15 ਜਨਵਰੀ, ਫਿਰ 9 ਮਾਰਚ ਤੇ ਫਿਰ 5 ਜੁਲਾਈ 2018 ਦੀ ਤਰੀਕ ਪੁਆ ਲਈ ਸੀ। 5 ਜੁਲਾਈ ਦੀ ਪੇਸ਼ੀ ਸਮੇਂ ਅਦਾਲਤ ਵਿਚ ਕਾਫ਼ੀ ਕੇਸ ਹੋਣ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਇਕ ਵਾਰ ਫਿਰ ਸਮਾਂ ਮਿਲ ਗਿਆ ਤੇ ਇਹ ਕੇਸ 27 ਅਗੱਸਤ 'ਤੇ ਮੁਲਤਵੀ ਕਰ ਦਿਤਾ ਗਿਆ ਹੈ। ਇਸ ਦਿਨ ਸ਼੍ਰੋਮਣੀ ਕਮੇਟੀ ਨੂੰ ਡਾ. ਦਿਲਗੀਰ ਦੀ ਪਟੀਸ਼ਨ ਦਾ ਜਵਾਬ ਦੇਣਾ ਪਵੇਗਾ ਪਰ ਅਜਿਹਾ ਲਗਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਕੋਈ ਜਵਾਬ ਨਹੀਂ ਅਹੁੜ ਰਿਹਾ,

ਇਸ ਕਰ ਕੇ ਇਹ ਹਰ ਵਾਰ ਤਰੀਕਾਂ ਲਈ ਜਾ ਰਹੀ ਸੀ ਪਰ ਜਿਵੇਂ ਮੁਹਾਵਰਾ ਹੈ ਕਿ 'ਬਕਰੇ ਦੀ ਮਾਂ ਕਦ ਤਕ ਖ਼ੈਰ ਮਨਾਏਗੀ', ਸ਼੍ਰੋਮਣੀ ਕਮੇਟੀ ਨੂੰ ਆਖ਼ਰ ਜਵਾਬ ਦੇਣਾ ਹੀ ਪਵੇਗਾ ਤੇ ਜਾਂ ਫਿਰ ਅਖੌਤੀ ਹੁਕਮਨਾਮਿਆਂ ਦਾ ਭੋਗ ਪਾਉਣਾ ਪਵੇਗਾ। ਚੇਤੇ ਰਹੇ ਕਿ ਇਸ ਕੇਸ ਵਿਚ ਨਵਕਿਰਨ ਸਿੰਘ ਸੀਨੀਅਰ ਵਕੀਲ ਨੇ ਜ਼ਬਰਦਸਤ ਕੇਸ ਤਿਆਰ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਭਾਜੜਾਂ ਪਈਆਂ ਹੋਈਆਂ ਹਨ।