ਪ੍ਰਚਾਰਕਾਂ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰੇ ਸਰਕਾਰ: ਦਿਲਗੀਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਕਾਤਲਾਨਾ ਧਮਕੀਆਂ ਦੇਣ ਵਾਲੇ ...

Harginder Singh Dildgeer

ਤਰਨਤਾਰਨ,: - ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਕਾਤਲਾਨਾ ਧਮਕੀਆਂ ਦੇਣ ਵਾਲੇ ਗੁੰਡਾ ਅੰਸਰਾਂ ਨੂੰ ਪੰਜਾਬ ਸਰਕਾਰ ਗ੍ਰਿਫ਼ਤਾਰ ਕਰੇ। ਉਨ੍ਹਾਂ ਕਿਹਾ ਕਿ ਬੀਤੇ ਦਿਨ ਚਰਨਜੀਤ ਸਿੰਘ ਜੱਸੋਵਾਲ ਨਾਂ ਦੇ ਇਕ ਬੰਦੇ ਨੇ ਇਕ ਲੈਕਚਰ ਕਰ ਕੇ ਪ੍ਰਚਾਰਕਾਂ ਨੂੰ ਕਤਲ ਕਰਨ ਦੀਆਂ ਧਮਕੀਆਂ ਦਿਤੀਆਂ ਹਨ। ਉਸ ਦੇ ਲੈਕਚਰ ਵੇਲੇ ਚੌਕ ਮਹਿਤਾ ਡੇਰੇ ਵਾਲੇ (ਜੋ 1977 ਤੋਂ ਖ਼ੁਦ ਨੂੰ ਅਖੌਤੀ ਟਕਸਾਲ ਕਹਿਣ ਲਗ ਪਏ ਹਨ) ਦੇ ਚੌਧਰੀ ਹੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਇਸ ਦੀ ਵੀਡੀਓ ਵੀ ਜਾਰੀ ਕਰ ਦਿਤੀ ਗਈ ਹੈ।

ਇਸ ਵਿਚ ਉਹ ਸ਼ਰੇਆਮ ਧਮਕੀਆਂ ਦੇ ਰਿਹਾ ਹੈ ਕਿ ਜੋ ਉਨ੍ਹਾ ਦੀ ਸੋਚ ਦੇ ਖ਼ਿਲਾਫ਼ ਗੱਲ ਕਰੇਗਾ ਉਸ ਦੀ ਛਾਤੀ ਵਿਚੋਂ ਛੇ ਗੋਲੀਆਂ ਕੱਢ ਦਿਤੀਆਂ ਜਾਣਗੀਆਂ ਜਾਂ ਉੇਸ ਨੂੰ ਜਿਊਂਦਾ ਜ਼ਮੀਨ ਵਿਚ ਗੱਡ ਦਿੱਤਾ ਜਾਵੇਗਾ।  ਡਾ. ਦਿਲਗੀਰ ਨੇ ਕਿਹਾ ਕਿ ਮੈਨੂੰ ਇਹ ਸੁਣ ਕੇ ਹੈਰਾਨੀ ਨਹੀਂ ਹੋਈ ਕਿਉਂਕਿ ਇਹ ਟੋਲਾ ਸਿਰਫ਼ ਮੈਨੂੰ ਹੀ ਨਹੀਂ ਪ੍ਰੋ ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂਵਾਲਾ, ਭਾਈ ਪੰਥਪ੍ਰੀਤ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਕਤਲ ਕਰਨ ਦੀਆਂ ਸਿਰਫ਼ ਧਮਕੀਆਂ ਹੀ ਨਹੀਂ ਦੇ ਰਿਹਾ ਬਲਕਿ ਸਾਡੇ 'ਤੇ ਹਮਲੇ ਵੀ ਕਰ ਚੁਕਾ ਹੈ। ਇਹ ਵਖਰੀ ਗੱਲ ਹੈ ਕਿ ਅਜ ਤਕ ਅਸੀਂ ਬਚੇ ਆ ਰਹੇ ਹਾਂ।

ਉਨ੍ਹਾਂ ਹੋਰ ਕਿਹਾ ਕਿ ਇਹ ਮਾਹੌਲ ਬਹੁਤ ਖ਼ਤਰਨਾਕ ਹੈ। ਇਹੋ ਜਿਹਾ ਗੁੰਡਾ ਸਲੂਕ ਤਾਂ ਗੁਰੁ ਨਾਨਕ ਸਾਹਿਬ ਵੱਲੋਂ ਕੁਰੂਕਸ਼ੇਤਰ ਤੇ ਹਰਦੁਆਰ ਵਿਚ ਹਿੰਦੂਆਂ ਦੇ ਧਰਮ ਦੇ ਬਿਲਕੁਲ ਉਲਟ ਵਰਤਾਰਾ ਕਰਨ ਵੇਲੇ ਵੀ ਨਹੀਂ ਹੋਇਆ ਸੀ। ਇਹੋ ਜਿਹਾ ਤਾਂ ਸ਼ੀਆ ਵੀ ਸੁੰਨੀਆਂ (ਜੋ ਅਲੀ ਨੂੰ ਪਹਿਲਾ ਖ਼ਲੀਫ਼ਾ ਨਹੀਂ ਮੰਨਦੇ) ਨਾਲ ਨਹੀਂ ਕਰਦੇ। ਇਹੋ ਜਿਹਾ ਤਾਂ ਮੁਸਲਮਾਨਾਂ ਵਿਚ ਵਹਾਬੀਆਂ ਨਾਲ ਵੀ ਨਹੀਂ ਹੁੰਦਾ। ਵਹਾਬੀ ਸਾਊਦੀ ਅਰਬ ਦੇ ਹਾਕਮ ਹਨ, ਉਹ ਹਜ਼ਰਤ ਮੁਹੰਮਦ ਦੀ ਕਬਰ ਨੂੰ ਮੱਥਾ ਨਹੀਂ ਟੇਕਦੇ। ਇਹ ਸੋਚ ਤਾਲਿਬਾਨਾਂ ਤੋਂ ਵੀ ਖ਼ਤਰਨਾਕ ਹੈ।

ਇਹੋ ਜਿਹਾ ਕਾਤਲ ਮਾਫ਼ੀਆ ਗੁਰਮੀਤ ਰਾਮ ਰਹੀਮ, ਆਸਾ ਰਾਮ ਅਤੇ ਰਾਮ ਪਾਲ ਦਾ ਵੀ ਨਹੀਂ ਸੀ। ਜੋ ਕੁਝ ਚੌਕ ਮਹਿਤਾ ਡੇਰੇ ਦੇ ਬੰਦਿਆਂ ਨੇ ਭਾਈ ਰਣਜੀਤ ਸਿੰਘ ਤੇ ਕਾਤਲਾਨਾ ਹਮਲਾ ਕਰ ਕੇ ਭਾਈ ਭੂਪਿੰਦਰ ਸਿੰਘ ਨੂੰ ਮਾਰ ਕੇ ਕੀਤਾ ਸੀ, ਹੁਣ ਦਾ ਮਾਹੌਲ ਉਸ ਤੋਂ ਵਧ ਖ਼ਤਰਨਾਕ ਬਣ ਰਿਹਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਹੁਣ ਚਾਹੀਦਾ ਇਹ ਹੈ ਕਿ ਇਕ ਵਾਰ ਗੁੰਡਾ ਅੰਸਰ ਦੇ ਖ਼ਿਲਾਫ਼ ਮੁਹਾਜ਼ ਬਣਾ ਕੇ ਅੰਮ੍ਰਿਤਸਰ, ਤਰਨਤਾਰ ਜਾਂ ਜਲੰਧਰ ਵਿਚ ਸਮੁੱਚੇ ਪੰਥ ਦਾ ਇਕ ਸਾਂਝਾ ਧਾਰਮਿਕ ਸਮਾਗਮ ਕੀਤਾ ਜਾਵੇ ਜਿਸ ਵਿਚ ਪ੍ਰੋ ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ ਢਡਰੀਆਂਵਾਲਾ, ਭਾਈ ਪੰਥਪ੍ਰੀਤ ਸਿੰਘ ਤੇ ਭਾਈ ਅਮਰੀਕ ਸਿੰਘ ਅਤੇ ਹੋਰ ਕਥਾਕਾਰ ਵੀ ਜਾਣ। ਜੋ ਨਹੀਂ ਪਹੁੰਚ ਸਕਦੇ ਉਨ੍ਹਾਂ ਦੇ ਸੰਦੇਸ਼ ਦੀਆਂ ਵੀਡੀਓ ਵੀ ਦਿਖਾਈਆਂ ਜਾ ਸਕਦੀਆਂ ਹਨ।

ਦੇਸ਼ ਵਿਦੇਸ਼ ਵਿਚੋਂ ਪ੍ਰਮੁਖ ਪੰਥਕ ਆਗੂ ਇਸ ਵਿਚ ਯਕੀਨਨ ਸ਼ਾਮਿਲ ਹੋਣਗੇ। ਇਸ ਇਕੱਠ ਵਿਚ ਇਨ੍ਹਾਂ ਕਾਤਲ ਗੁੰਡਿਆਂ ਨੂੰ ਗੜਬੜ ਕਰਨ ਤੋਂ ਰੋਕਣ ਵਾਸਤੇ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਜਾਵੇ ਜੇ ਉਹ ਨਾ ਮੰਨੇ ਤਾਂ ਹਾਈ ਕੋਰਟ ਤਕ ਪਹੁੰਚ ਕੀਤੀ ਜਾਵੇ ਜਿਵੇਂ ਅਕਤੂਬਰ 2003 ਵਿਚ ਮੋਹਾਲੀ ਵਿਚ ਵਰਲਡ ਸਿੱਖ ਕਨਵੈਨਸ਼ਨ ਵਾਸਤੇ ਕੀਤਾ ਗਿਆ ਸੀ। ਉਦੋਂ ਵੀ ਕੈਪਟਨ ਦੀ ਸਰਕਾਰ ਸੀ ਤੇ ਉਸ ਨੇ ਚੁਪ ਵੱਟ ਲਈ ਸੀ ਪਰ ਹਾਈ ਕੋਰਟ ਦੇ ਹੁਕਮ ਮਗਰੋਂ ਪੰਜਾਬ ਸਰਕਾਰ ਨੂੰ ਪੂਰੀ ਸਕਿਉਰਿਟੀ ਦੇਣੀ ਪਈ ਸੀ। ਇਹ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਪਰਚਾਰਕਾਂ ਦਾ ਸਾਂਝਾ ਇਕੱਠ ਹੀ ਗੁੰਡਾਗਰਦੀ ਨੂੰ ਨੱਥ ਪਾਉਣ ਦੀ ਸ਼ੁਰੂਆਤ ਬਣੇਗਾ। 

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਪੱਗਾਂ ਵਾਲੇ ਤਾਲਿਬਾਨ ਗੁੰਡਿਆਂ ਨੂੰ (ਖ਼ਾਸ ਕਰ ਕੇ ਹਰਨਾਮ ਸਿੰਘ ਧੁੰਮਾ, ਅਮਰੀਕ ਸਿੰਘ ਅਜਨਾਲਾ, ਬਲਜੀਤ ਸਿੰਘ ਦਾਦੂਵਾਲ, ਚਰਨਜੀਤ ਜੱਸੋਵਾਲ ਹੀ ਨਹੀਂ ਪੁਜਾਰੀ ਗੁਰਬਚਨ ਸਿੰਘ ਨੂੰ ਵੀ) ਮੁਨਾਸਿਬ ਧਾਰਾਵਾਂ ਹੇਠ ਗ੍ਰਿਫ਼ਤਾਰ ਕਰੇ ਅਤੇ ਪੰਜਾਬ ਵਿਚ ਅਮਨ ਕਾਇਮ ਰੱਖੇ ਵਰਨਾ ਬਹੁਤ ਦੇਰ ਹੋ ਜਾਵੇਗੀ।