ਨਾਭਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਨਾਭਾ ਦੀ ਸ਼ਿਵਪੁਰੀ ਕਾਲੋਨੀ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ..........
ਨਾਭਾ: ਨਾਭਾ ਦੀ ਸ਼ਿਵਪੁਰੀ ਕਾਲੋਨੀ ਵਿਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ 10 ਵਜੇ ਰਣਜੀਤ ਕੌਰ ਬਜੁਰਗ ਮਾਤਾ ਜੋ ਕਿ ਪਿੰਡ ਅਲੌਹਰਾਂ ਦੀ ਵਸਨੀਕ ਹੈ, ਉਥੋਂ ਦੀ ਲੰਘ ਰਹੀ ਸੀ ਤਾਂ ਉਸ ਨੂੰ ਕਾਲੋਨੀ ਦੇ ਬਾਹਰ ਲੱਗੇ ਰੂੜੀ ਤੇ ਢੇਰ ਉਪਰ ਸ੍ਰੀ ਸੁਖਮਣੀ ਸਾਹਿਬ, ਸ੍ਰੀ ਜਪੁਜੀ ਸਾਹਿਬ ਅਤੇ ਗੁਟਕਾ ਸਾਹਿਬ ਅੱਗ ਵਿਚ ਜਲਦੇ ਵਿਖਾਈ ਦਿਤੇ।
ਇਸ ਉਪਰੰਤ ਉਸ ਨੇ ਗੁਟਕਾ ਸਾਹਿਬ ਨੂੰ ਚੁੱਕ ਲਿਆ ਅਤੇ ਕਾਲੋਨੀ ਵਾਸੀਆਂ ਨੂੰ ਇਸ ਦੀ ਜਾਣਕਾਰੀ ਦਿਤੀ। ਲੋਕਾਂ ਨੇ ਦਸਿਆ ਕਿ ਦੇਵ ਰਾਜ ਨਾਮੀ ਵਿਅਕਤੀ ਵਲੋਂ ਇਹ ਮਕਾਨ ਵੇਚਿਆ ਗਿਆ ਹੈ, ਮਕਾਨ ਨੂੰ ਲੈਣ ਵਾਲੇ ਵਿਅਕਤੀ ਵਲੋਂ ਮਜ਼ਦੂਰ ਤੋਂ ਸਫ਼ਾਈ ਕਰਵਾਉਣ ਉਪ੍ਰੰਤ ਉਸ ਨੇ ਮੂਰਤੀਆਂ ਸਮੇਤ ਗੁਟਕਾ ਸਾਹਿਬ ਨੂੰ ਕੂੜੇ ਦੇ ਢੇਰ 'ਤੇ ਸੁੱਟ ਕੇ ਅੱਗ ਲਗਾ ਦਿਤੀ। ਤਿੰਨੋਂ ਗੁਟਕਾ ਸਾਹਿਬ ਬਾਅਦ ਵਿਚ ਗੁਰਦਵਾਰੇ ਪਹੁੰਚਾਏ ਗਏ। ਕੋਤਵਾਲੀ ਨਾਭਾ ਦੇ ਐਸ.ਐਚ.ਓ. ਨੇ ਦਸਿਆ ਕਿ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।