ਸਿੱਖਾਂ ਦੀ ਕੋਈ ਵੀ ਰਾਜਨੀਤਕ ਪਾਰਟੀ ਸਿੱਖ ਮਸਲਿਆਂ ਪ੍ਰਤੀ ਗੰਭੀਰ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਨੂੰ ਸਿੱਖ ਕੌਮ ਦੀ ਬਦਨਸੀਬੀ ਹੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੀ ਕੋਈ ਵੀ ਰਾਜਨੀਤਕ ਪਾਰਟੀ ਜੋ ਸਿੱਖਾਂ ਦੇ ਨਾਮ 'ਤੇ ਰਾਜਨੀਤੀ ਕਰਦੀ..........

Parkash Singh Badal

ਤਰਨਤਾਰਨ : ਇਸ ਨੂੰ ਸਿੱਖ ਕੌਮ ਦੀ ਬਦਨਸੀਬੀ ਹੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੀ ਕੋਈ ਵੀ ਰਾਜਨੀਤਕ ਪਾਰਟੀ ਜੋ ਸਿੱਖਾਂ ਦੇ ਨਾਮ 'ਤੇ ਰਾਜਨੀਤੀ ਕਰਦੀ ਹੈ, ਸਿੱਖ ਮਸਲਿਆਂ ਲਈ ਗੰਭੀਰ ਨਹੀਂ। ਸਿੱਖਾਂ ਦੀਆਂ ਰਾਜਨੀਤਕ ਤੌਰ 'ਤੇ ਅਗਵਾਈ ਦੇਣ ਵਾਲੇ ਵੱਖ ਵੱਖ ਅਕਾਲੀ ਦਲ ਕਦੇ ਵੀ ਗੰਭੀਰਤਾ ਨਾਲ ਸਿੱਖ ਮਾਮਲਿਆਂ ਤੇ ਅਪਣਾ ਰੋਲ ਨਹੀਂ ਨਿਭਾਅ ਸਕੇ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਪੰਜਾਬ 'ਤੇ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਸਿੱਖ ਵਿਰੋਧੀ ਤਾਕਤਾਂ ਨੇ ਉਹ ਕੰਮ ਕਰਵਾ ਲਏ ਜੋ ਸਿੱਖਘਾਤ ਦੀ ਰਾਜਨੀਤੀ ਦਾ ਹਿੱਸਾ ਰਹੇ।

ਅਫ਼ਸੋਸਨਾਕ ਪਹਿਲੂ ਇਹ ਵੀ ਹੈ ਕਿ ਬਾਕੀ ਅਕਾਲੀ ਦਲਾਂ ਦਾ ਕੰਮ ਪੰਜਾਬ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨਾ ਘੱਟ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਸਟੇਜ 'ਤੇ ਭੰਡਣਾ ਜ਼ਿਆਦਾ ਰਿਹਾ। ਪੰਜਾਬ ਵਿਚ 10 ਸਾਲ ਤਕ ਸ਼੍ਰੋਮਣੀ ਅਕਾਲੀ ਦਲ ਸੱਤਾ ਸੁਖ ਮਾਣਦਾ ਰਿਹਾ। ਇਸ ਦੌਰਾਨ ਬਾਦਲ ਦਲ ਨੇ ਸਿੱਖ ਮਾਮਲਿਆਂ 'ਤੇ ਲੋੜ ਮੁਤਾਬਕ ਸੰਜੀਦਗੀ ਨਹੀਂ ਦਿਖਾਈ। ਬਾਕੀ ਅਕਾਲੀ ਦਲਾਂ ਦਾ ਹਾਲ ਤਾਂ ਇਸ ਤੋਂ ਵੀ ਬੁਰਾ ਹੈ। ਉਨ੍ਹਾਂ ਵਿਚ ਕੰਮ ਕਰਦੀਆਂ ਧਿਰਾਂ ਵਿਚੋਂ ਅਕਾਲੀ ਦਲ ਅੰਮ੍ਰਿਤਸਰ ਵਖਰੇ ਸਿੱਖ ਰਾਜ ਦੀ ਗੱਲ ਵੀ ਕਰਦਾ ਹੈ ਤੇ ਭਾਰਤੀ ਸਿਸਟਮ ਵਿਚ ਰਹਿ ਕੇ ਵੱਖ-ਵੱਖ ਚੋਣਾਂ ਵਿਚ ਭਾਗ ਵੀ ਲੈਂਦਾ ਹੈ।

ਭਾਰਤੀ ਚੋਣ ਸਿਸਟਮ ਦਾ ਇਕ ਪਹਿਲੂ ਇਹ ਵੀ ਹੈ ਕਿ ਕਿਸੇ ਵੀ ਚੋਣ ਵਿਚ ਭਾਗ ਲੈਣ ਤੋਂ ਪਹਿਲਾਂ ਭਾਰਤ ਦੇ ਸੰਵਿਧਾਨ ਦੀ ਵਫ਼ਾਦਾਰੀ ਦੀ ਸਹੁੰ ਚੁਕਣੀ ਪੈਂਦੀ ਹੈ ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਉਸ ਨਿਯਮ ਦੀ ਪਾਲਣਾ ਕਰਦੇ ਹੋਏ ਭਾਰਤੀ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁਕ ਕੇ ਵੀ ਵਖਰੇ ਆਜ਼ਾਦ ਸਿੱਖ ਰਾਜ ਦੀ ਗੱਲ ਕਰਦੇ ਹਨ। ਇਸ ਗੱਲ ਨੂੰ ਅਸੀ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਭਾਰਤੀ ਸੰਵਿਧਾਨ ਇਸ ਗੱਲ ਦੀ ਕਤਈ ਤੌਰ 'ਤੇ ਇਜਾਜ਼ਤ ਨਹੀਂ ਦੇ ਸਕਦਾ ਕਿ ਸੰਵਿਧਾਨ ਦੀ ਆੜ ਹੇਠ ਵਖਰੇ ਮੁਲਕ ਦੀ ਗੱਲ ਕੀਤੀ ਜਾਵੇ।

ਇਹ ਗੱਲ ਭਲੀ-ਭਾਂਤ ਜਾਣਦੇ ਹੋਏ ਵੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਰਾਜਨੀਤੀ ਕਰ ਰਹੇ ਹਨ। ਹਰ ਚੋਣ ਵਿਚ ਭਾਰਤੀ ਸੰਵਿਧਾਨ ਦੀ ਸਹੁੰ ਚੁਕ ਕੇ ਵਖਰੇ ਸਿੱਖ ਰਾਜ ਦੇ ਨਾਮ 'ਤੇ ਵੋਟਾਂ ਲੈ ਰਹੇ ਹਨ। ਸਾਲ 1989 ਵਿਚ ਜਦ ਪੰਥ ਨੇ ਰੀਕਾਰਡ ਤੋੜ ਵੋਟਾਂ ਦੇ ਕੇ ਤਰਨਤਾਰਨ ਲੋਕ ਸਭਾ ਹਲਕੇ ਤੋਂ ਸ. ਸਿਮਰਨਜੀਤ ਸਿੰਘ ਮਾਨ ਨੂੰ ਚੋਣ ਜਿਤਾਈ ਸੀ, ਸਾਲ 2014 ਵਿਚ ਹਲਕਾ ਖਡੂਰ ਸਾਹਿਬ ਤੋਂ ਹਾਸਲ ਹੋਈਆਂ ਵੋਟਾਂ ਤੋਂ ਬਾਅਦ ਇਹ ਸੋਚਣਾ ਜ਼ਰੂਰੀ ਸੀ ਕਿ ਵੋਟ ਦਰ ਘਟੀ ਕਿਉਂ? 
ਇਸੇ ਤਰ੍ਹਾਂ ਨਾਲ ਅਕਾਲੀ ਦਲ ਯੂਨਾਈਟਿਡ ਦੀ ਹਾਲਤ ਹੈ।

ਲੰਮੇ ਸਮੇਂ ਤੋਂ ਸਿੱਖ ਰਾਜਨੀਤੀ ਵਿਚ ਸਰਗਰਮ ਭਾਈ ਮੋਹਕਮ ਸਿੰੰਘ, ਭਾਈ ਗੁਰਦੀਪ ਸਿੰਘ ਬਠਿੰਡਾ ਇਸ ਪਾਰਟੀ ਦੀ ਰੂਹੇ ਰਵਾਂ ਹਨ। ਸਿੱਖ ਰਾਜਨੀਤੀ ਵਿਚ ਭਾਈ ਮੋਹਕਮ ਸਿੰਘ ਇਕੋ ਇਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਅਪਣੇ ਜੀਵਨ ਕਾਲ ਵਿਚ ਦੋ ਸਰੱਬਤ ਖ਼ਾਲਸਾ ਸਮਾਗਮ ਕਰਵਾ ਕੇ ਦੋ ਵਾਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਮਜ਼ਦ ਕੀਤੇ।

ਉਹ ਸਿੱਖ ਮਾਨਸਿਕਤਾ ਨੂੰ ਸਮਝਦੇ ਹਨ ਤੇ ਜਜ਼ਬਾਤਾਂ ਦੀ ਰਾਜਨੀਤੀ ਕਰਨ ਦੇ ਮਾਹਰ ਹਨ। ਉਹ ਜਾਣਦੇ ਹਨ ਕਿ ਸਿੱਖ ਸੋਚ ਕਿਥੇ ਖੜੀ ਹੈ ਇਸ ਲਈ ਹਰ ਵਾਰ ਉਹ ਸਿੱਖਾਂ ਨੂੰ ਨਾਲ ਲੈ ਕੇ ਚਲਣ ਵਿਚ ਸਫ਼ਲ ਤਾਂ ਹੋ ਜਾਂਦੇ ਹਨ ਪਰ ਚੰਦ ਕਦਮ ਬਾਅਦ ਲੋਕ ਉਨ੍ਹਾਂ ਦਾ ਸਾਥ ਛੱਡ ਜਾਂਦੇ ਹਨ ਕਿਉਂਕਿ ਭਾਈ ਮੋਹਕਮ ਸਿੰਘ ਅਰਥਾਂ ਦੀ ਰਾਜਨੀਤੀ ਕਰਨ ਦੀ ਬਜਾਏ ਭੰਡਣ ਦੀ ਰਾਜਨੀਤੀ ਸ਼ੁਰੂ ਕਰ ਦਿੰਦੇ ਹਨ।

Related Stories