ਗੁਰੂਆਂ ਦਾ ਅਪਮਾਨ ਸਰਕਾਰੀ ਕਿਤਾਬਾਂ ਵਿਚ ਨਹੀਂ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਵਿਚ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗਵਰਨਰ ਪੜਤਾਲ ਕਰ ਕੇ ਮੁਕੱਦਮੇ ਦਰਜ ਕਰੇ : ਲੋਕ ਭਲਾਈ ਵੈਲਫ਼ੇਅਰ ਕਮੇਟੀ ਦੀ ਮੰਗ

The insults of the Gurus are not in the official books Happened in the SGPC books

ਅੰਮ੍ਰਿਤਸਰ : ਸਿੱਖ ਇਤਿਹਾਸ ਨਾਲ ਛੇੜਛਾੜ ਦਾ ਮਸਲਾ ਇਸ ਵੇਲੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਜ ਇਥੇ ਪੰਥਕ ਆਗੂ ਬਲਦੇਵ ਸਿੰਘ ਸਿਰਸਾ ਪ੍ਰਧਾਨ ਲੋਕ ਭਲਾਈ ਵੈਲਫ਼ੇਅਰ ਸੁਸਾਇਟੀ ਵਲੋਂ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਸਿਰਸਾ ਨੇ ਦਸਿਆ ਕਿ ਉਹ ਰਾਜਪਾਲ ਪੰਜਾਬ ਨੂੰ ਯਾਦ ਪੱਤਰ ਦੇਣ ਜਾ ਰਹੇ ਹਨ। ਉਹ ਮੰਗ ਕਰਦੇ ਹਨ ਕਿ ਸਿੱਖ ਗੁਰੂਆਂ ਵਿਰੁਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਿੰਦੀ ਵਿਚ ਛਾਪੀਆਂ ਗਈਆਂ ਕਿਤਾਬਾਂ ਦੀ ਉਚ ਪਧਰੀ ਜਾਂਚ-ਪੜਤਾਲ ਕਰ ਕੇ ਦੋਸ਼ੀਆਂ ਵਿਰੁਧ ਪਰਚਾ ਦਰਜ ਕੀਤਾ ਜਾਵੇ।

ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਦੇ ਜ਼ੁੰਮੇਵਾਰ ਪ੍ਰਧਾਨਾਂ ਤੇ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਕਰਵਾਉਣ ਜਿਨ੍ਹਾਂ ਬਜਰ ਗ਼ਲਤੀ ਕਰਦਿਆਂ ਸਿੱਖ ਗੁਰੂਆਂ ਵਿਰੁਧ ਭੱਦੀ ਸ਼ਬਦਾਵਲੀ ਵਰਤੀ ਹੈ ਪਰ ਉਨ੍ਹਾਂ ਵਿਰੁਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੀ ਉਹ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ। ਇਸ ਮੌਕੇ ਬਲਦੇਵ ਸਿੰਘ ਸਿਰਸਾ ਤੇ ਹਮਾਇਤੀਆਂ ਨੇ ਸੋਗ ਦਾ ਪ੍ਰਗਟਾਵਾ ਕਰਦੇ ਹੋਏ ਕਾਲੇ ਚੋਗੇ ਪਾਏ ਹੋਏ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਵਿਅਕਤੀਆਂ ਵਿਰੁਧ ਵੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਚੋਰ ਲੁਟੇਰੇ ਤੇ ਡਾਕੂ ਕਰਾਰ ਦਿਤਾ ਹੈ। ਗੁਰੂ ਸਾਹਿਬਾਨ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਛਪਵਾਈਆਂ ਗਈਆਂ ਕਿਤਾਬਾਂ ਜਿਨ੍ਹਾਂ ਵਿਚ ਗੁਰੂ ਸਾਹਿਬ ਪ੍ਰਤੀ ਬਹੁਤ ਭੱਦੀ ਸ਼ਬਦਾਵਲੀ ਵਰਤੀ ਗਈ ਤੇ ਉਹ ਕਈ ਵਾਰੀ ਮੰਗ ਪੱਤਰ ਵੀ ਦੇ ਚੁਕੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਨੇ 2016 ਵਿਚ ਮੁੱਖ ਮੰਤਰੀ ਦੇ ਸੰਗਤ ਦਰਸ਼ਨ ਵਿਚ ਵੀ ਹਾਜ਼ਰ ਹੋ ਕੇ ਕਾਰਵਾਈ ਕਰਨ ਲਈ ਪੱਤਰ ਦਿਤਾ ਸੀ

ਜਿਹੜਾ ਜ਼ਿਲ੍ਹਾ ਪੁਲਿਸ ਕਮਿਸ਼ਨਰ ਨੇ ਜਾਂਚ ਕਰਨ ਦੀ ਬਜਾਏ ਖ਼ਾਰਜ ਕਰ ਦਿਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਈ ਗਈ ਇਤਿਹਾਸ ਸਿਲੇਬਸ ਸੈੱਟ ਕਰਨ ਵਾਲੀ ਕਮੇਟੀ ਦੀ ਅਗਵਾਈ ਡਾ. ਕਿਰਪਾਲ ਸਿੰਘ ਕਰ ਰਹੇ ਹਨ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਲਾਹਕਾਰ ਵਜੋਂ ਵੀ ਕੰਮ ਕਰਦੇ ਰਹੇ ਹਨ ਤੇ ਉਨ੍ਹਾਂ ਨੇ ਹੁਣ ਤਕ ਕਈ ਇਤਿਹਾਸ ਦੀਆਂ ਕਿਤਾਬਾਂ ਲਿਖੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਵੱਖ-ਵੱਖ ਲਾਇਬ੍ਰੇਰੀਆਂ ਦੀਆਂ ਸ਼ਿੰਗਾਰ ਬਣੀਆਂ ਹੋਈਆਂ ਹਨ। ਕਮੇਟੀ ਦੇ ਮੁਖੀ ਡਾ .ਕਿਰਪਾਲ ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਕੁੱਝ ਗ਼ਲਤੀਆਂ ਜ਼ਰੂਰ ਹੋਈਆਂ ਹਨ

ਕਿਉਂਕਿ ਅੰਗਰੇਜ਼ੀ ਵਿਚੋਂ ਪੰਜਾਬੀ ਵਿਚ ਉਲਥਾ ਕਰਨ ਸਮੇਂ ਸਹੀ ਸ਼ਬਦਾਵਲੀ ਚੁਣੀ ਨਹੀਂ ਜਾ ਸਕੀ ਜਿਨ੍ਹਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਹਿ ਦਿਤਾ ਹੈ ਕਿ ਪੁਰਾਣਾ ਸਿਲੇਬਸ ਹੀ ਪੜ੍ਹਾਇਆ ਜਾਵੇਗਾ ਤੇ ਫਿਰ ਵਿਵਾਦ ਕਿਸ ਗੱਲ ਦਾ ਰਹਿ ਜਾਂਦਾ ਹੈ। ਜਦੋਂ ਸਿਲੇਬਸ ਸੈਟ ਕੀਤਾ ਗਿਆ ਸੀ ਤਾਂ ਸਿਲੈਕਸ਼ਨ ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰ ਵੀ ਸ਼ਾਮਲ ਸਨ ਜਿਨ੍ਹਾਂ ਦੀ ਸਹਿਮਤੀ ਨਾਲ ਹੀ ਸਿਲੇਬਸ ਬਣਾਇਆ ਗਿਆ ਹੈ। ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਜਿਹੜੀ ਅਰਦਾਸ ਕੀਤੀ ਹੈ ਉਸ ਵਿਚ ਬਰਗਾੜੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। 

ਸੁਖਬੀਰ ਸਿੰਘ ਬਾਦਲ ਦੋਸ਼ੀ ਤੇ ਤੱਤਕਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨਾਂ ਬੀਬੀ ਜਗੀਰ ਕੌਰ, ਅਵਤਾਰ ਸਿੰਘ ਮੱਕੜ ਤੇ ਗੋਬਿੰਦ ਸਿੰਘ ਲੌਂਗੋਵਾਲ ਵਿਰੁਧ ਕਾਰਵਾਈ ਕਰਨ ਜਿਨ੍ਹਾਂ ਦੇ ਸਮੇਂ ਇਤਰਾਜ਼ਯੋਗ ਕਿਤਾਬਾਂ ਛਪੀਆਂ। ਉਨ੍ਹਾਂ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ। ਅਜਿਹੇ ਮਾਮਲਿਆਂ ਵਿਚ ਧਰਨੇ ਲਗਾਉਣ ਦੀ ਲੋੜ ਨਹੀਂ ਸਗੋਂ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਹੈ।

ਕਿੰਨਾ ਚੰਗਾ ਹੁੰਦਾ ਜੇਕਰ ਸੁਖਬੀਰ ਸਿੰਘ ਬਾਦਲ ਇਹੋ ਮੋਰਚਾ ਜਾ ਕੇ ਬਰਗਾੜੀ ਲਾਉਂਦੇ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਦੇ। ਸੁਖਬੀਰ ਬਾਦਲ ਮੁੜ ਸੱਤਾ ਸੰਭਾਲਣ ਲਈ ਖੁੱਸੀ ਜ਼ਮੀਨ ਹਾਸਲ ਕਰਨ ਦੇ ਸੁਪਨੇ ਲੈ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਨੇ ਮਤਾ ਵੀ ਕੀਤਾ ਸੀ ਕਿ ਸਿੱਖ ਇਤਿਹਾਸ ਵਿਦਵਾਨਾਂ ਦੀ ਕਮੇਟੀ ਬਣਾ ਕੇ ਦੁਬਾਰਾ ਲਿਖਵਾਇਆ ਜਾਵੇਗਾ ਪਰ ਇਹ ਸੰਭਵ ਨਾ ਹੋ ਸਕਿਆ।