ਆਰ.ਐਸ.ਐਸ. ਦੇ ਕਹਿਣ 'ਤੇ ਕਮੇਟੀ ਨੇ ਗੁਰੂਆਂ ਵਿਰੁਧ ਕਿਤਾਬਾਂ ਛਾਪੀਆਂ
ਬਰਗਾੜੀ ਮੋਰਚੇ ਦੀ ਅਵਾਜ਼ ਇਸ ਕਦਰ ਦੇਸ਼ ਵਿਦੇਸ਼ ਤੱਕ ਪੁੱਜ ਚੁੱਕੀ ਹੈ ਕਿ ਉਤਰਾਖੰਡ ਵਿੱਚ ਆਉਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ..........
ਅੰਮ੍ਰਿਤਸਰ : ਬਰਗਾੜੀ ਮੋਰਚੇ ਦੀ ਅਵਾਜ਼ ਇਸ ਕਦਰ ਦੇਸ਼ ਵਿਦੇਸ਼ ਤੱਕ ਪੁੱਜ ਚੁੱਕੀ ਹੈ ਕਿ ਉਤਰਾਖੰਡ ਵਿੱਚ ਆਉਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਨਾਨਕਮੱਤਾ ਵਿਖੇ ਸੰਗਤਾਂ ਨੇ ਮੱਸਿਆ ਦੀ ਪਹਿਲੀ ਰਾਤ ਸਮੇਂ ਲੱਗੇ ਦੀਵਾਨ ਵਿਚ ਉਸ ਵੇਲੇ ਬਰਗਾੜੀ ਮੋਰਚੇ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਜਦੋਂ ਪੰਥਕ ਚਿੰਤਕ, ਕਿਸਾਨ ਆਗੂ ਤੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ. ਬਲਦੇਵ ਸਿੰਘ ਸਿਰਸਾ ਨੇ ਸਿੱਖ ਵਿਰੋਧੀ ਜਥੇਬੰਦੀ ਆਰ.ਐਸ.ਐਸ. ਵਲੋਂ ਸ਼੍ਰੋਮਣੀ ਕਮੇਟੀ ਦੇ ਨਾਮ ਹੇਠ ਗੁਰੂ ਸਾਹਿਬ ਦੇ ਚਰਿੱਤਰ ਖਿਲਾਫ ਛਾਪੀਆਂ ਗਈਆਂ ਕਿਤਾਬਾਂ ਦੀ ਜਾਣਕਾਰੀ ਦੇ ਰਹੇ ਸਨ
ਤੇ ਬਰਗਾੜੀ ਮੋਰਚੇ ਦੇ ਕਾਰਣਾਂ ਸਬੰਧੀ ਵਿਸਥਾਰ ਸਾਹਿਤ ਚਾਨਣਾ ਪਾ ਰਹੇ ਸਨ। ਸ. ਬਲਦੇਵ ਸਿੰਘ ਸਿਰਸਾ ਨੂੰ ਵਿਸ਼ੇਸ਼ ਪੱਤਰ ਲਿਖ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਨਕਾਣਾ ਸਾਹਿਬ ਨਾਨਕਮੱਤਾ (ਉਤਰਾਖੰਡ) ਦੇ ਪ੍ਰਧਾਨ ਸ. ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਕੇਹਰ ਸਿੰਘ ਤੇ ਸਕੱਤਰ ਜਨਰਲ ਸ. ਪ੍ਰੀਤਮ ਸਿੰਘ ਸੰਧੂ ਦੇ ਆਦੇਸ਼ਾਂ ਤੇ ਗੁਰਦੁਆਰੇ ਦੇ ਮੈਨੇਜਰ ਭਾਈ ਰਣਜੀਤ ਸਿੰਘ ਦੁਆਰਾ ਲਿਖਿਆ ਪੱਤਰ ਮਿਲਿਆ ਜਿਸ ਵਿਚ ਭਾਈ ਸਿਰਸਾ ਨੂੰ ਵਿਸ਼ੇਸ਼ ਤੌਰ 'ਤੇ ਲਿਖਤੀ ਪੱਤਰ ਲਿਖ ਕੇ ਬੇਨਤੀ ਕੀਤੀ ਕਿ ਉਹ ਮੱਸਿਆ ਦੀ ਪਹਿਲੀ ਰਾਤ ਪੁੱਜ ਕੇ ਵੱਡੀ ਗਿਣਤੀ ਵਿਚ ਦੀਵਾਨ ਵਿਚ ਹੋਈਆਂ
ਇਕੱਠੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ। ਭਾਈ ਬਲਦੇਵ ਸਿੰਘ ਸਿਰਸਾ ਨੇ ਆਰ.ਐਸ.ਐਸ. ਵਲੋਂ ਸ਼੍ਰੋਮਣੀ ਕਮੇਟੀ ਦੀ ਮੋਹਰ ਹੇਠ ਛਾਪੀਆਂ ਗਈਆਂ ਕਿਤਾਬਾਂ ਵਿਚ ਗੁਰੂ ਸਾਹਿਬਾਨ ਨੂੰ ਚੋਰ, ਡਾਕੂ, ਲੁਟੇਰਾ, ਦਾਸੀਆਂ ਦੇ ਪੇਟੋਂ ਜੰਮੇ ਦਰਸਾਇਆ ਗਿਆ ਹੈ। ਬਰਗਾੜੀ ਮੋਰਚਾ ਕਿਸੇ ਸ਼ੌਂਕ ਵਜੋਂ ਨਹੀਂ ਲਗਾਇਆ ਗਿਆ ਸਗੋਂ ਬਾਦਲ ਸਰਕਾਰ ਵੇਲੇ ਸੌਦਾ ਸਾਧ ਦੇ ਪ੍ਰੇਮੀਆਂ ਵਲੋਂ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਲੱਗਾ ਹੈ।
ਭਾਈ ਸਿਰਸਾ ਨੇ ਦਸਿਆ ਕਿ ਸਮਾਗਮ ਉਪਰੰਤ ਗੁਰਦੁਆਰੇ ਦੇ ਪ੍ਰਬੰਧਕਾਂ ਜਿਨ੍ਹਾਂ ਵਿਚ ਪ੍ਰਧਾਨ ਸ. ਸੇਵਾ ਸਿੰਘ, ਸੀਨੀਅਰ ਮੀਤ ਪ੍ਰਧਾਨ ਸ. ਕੇਹਰ ਸਿੰਘ, ਸਕੱਤਰ ਜਨਰਲ ਸ. ਪ੍ਰੀਤਮ ਸਿੰਘ ਸੰਧੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਗੁਰਮੇਜ ਸਿੰਘ, ਸਕੱਤਰ ਭਾਈ ਬਰਜਿੰਦਰ ਸਿੰਘ ਤੇ ਮੈਨੇਜਰ ਭਾਈ ਰਣਜੀਤ ਸਿੰਘ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ।
ਮੀਟਿੰਗ ਵਿਚ ਸਾਰਿਆਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 14 ਅਕਤੂਬਰ ਨੂੰ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਤੀਸਰੀ ਬਰਸੀ ਮੌਕੇ 'ਤੇ ਨਾਨਕਮੱਤਾ ਊਧਮ ਸਿੰਘ ਨਗਰ ਤੋਂ ਇਕ ਵੱਡਾ ਜੱਥਾ ਬਰਗਾੜੀ ਪੁੱਜੇਗਾ।